ਲੁਧਿਆਣਾ (ਰਾਜੀਵ)-ਕੌਮੀ ਪੱਧਰ ਦੇ ਇਨਾਮ ਜਿੱਤਣ ਦੀ ਪਰੰਪਰਾ ਨੂੰ ਕਾਇਮ ਰੱਖਦੇ ਹੋਏ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਨੇ ਇੰਡੀਅਨ ਕੌਂਸਿਲ ਆਫ ਐਗਰੀਕਲਚਰਲ ਰਿਸਰਚ(ਆਈ ਸੀ ਏ ਆਰ) ਦੀ ਖੇਤੀਬਾੜੀ ਯੂਨੀਵਰਸਿਟੀਆਂ ਦੀ ਰੈੰਕਿੰਗ 2020 ਵਿਚ ਰਾਜਾਂ ਦੀਆਂ ਖੇਤੀਬਾੜੀ ਯੂਨੀਵਰਸਿਟੀਆਂ ਵਿਚ ਪਹਿਲਾਂ ਅਤੇ ਖੇਤੀ ਸੰਸਥਾਨਾਂ ਵਿਚ ਸਿਖਰਲਾ ਸਥਾਨ ਹਾਸਿਲ ਕੀਤਾ ਹੈ। ਦਸੰਬਰ ਨੂੰ ਆਨਲਾਈਨ ਕੀਤਾ ਗਿਆ ਜਿਸ ਪੀ ਏ ਯੂ ਦੇ ਵਾਈਸ ਚਾਂਸਲਰ ਨੂੰ ਰੈੰਕਿੰਗ ਸਰਟੀਫਿਕੇਟ ਪਰਦਾਨ ਕੀਤਾ ਗਿਆ। ਆਪਣੇ ਆਰੰਭ ਤੋਂ ਹੀ ਪੀ ਏ ਯੂ ਨੇ ਦੇਸ਼ ਨੂੰ ਹਰੀ ਕ੍ਰਾਂਤੀ ਵਲ ਤੋਰਿਆ ਅਤੇ ਖੇਤੀ ਖੇਤਰ ਵਿਚ ਬੇਹੱਦ ਅਹਿਮ ਯੋਗਦਾਨ ਪਾਇਆ। ਪੀ ਏ ਯੂ ਦੇ ਵਾਈਸ ਚਾਂਸਲਰ ਡਾ ਬਲਦੇਵ ਸਿੰਘ ਢਿੱਲੋਂ ਨੇ ਕਿਹਾ ਕਿ ਇਹ ਅਵਾਰਡ ਯੂਨੀਵਰਸਿਟੀ ਵਲੋਂ ਕੀਤੇ ਕੰਮ ਨੂੰ ਪ੍ਰਮਾਣਿਤ ਕਰਦਾ ਹੈ। ਉਨ੍ਹਾਂ ਇਸ ਪ੍ਰਾਪਤੀ ਦਾ ਸਿਹਰਾ ਯੂਨੀਵਰਸਿਟੀ ਦੇ ਸਮੁੱਚੇ ਟੀਚਿੰਗ,ਨਾਨ ਟੀਚਿੰਗ ਅਮਲੇ ਅਤੇ ਅਧਿਕਾਰੀਆਂ ਦੀ ਸਿਰ ਬੰਨ੍ਹਿਆ। ਉਨ੍ਹਾਂ ਨੇ ਕਿਹਾ ਕਿ ਪੀ ਏ ਯੂ ਵਲੋਂ ਬੀਤੇ ਸਾਲਾਂ ਵਿਚ ਕੀਤੀਆਂ ਕੋਸ਼ਿਸ਼ਾਂ ਸਦਕਾ ਨਰਮੇ ਉੱਪਰ ਚਿੱਟੀ ਮੱਖੀ ਦੀ ਸਮੱਸਿਆ ਤੇ ਲਗਭਗ ਕਾਬੂ ਪਾ ਲਿਆ ਗਿਆ ਹੈ। ਪਿਛਲੇ ਸਾਲਾਂ ਤੋਂ ਪੀ ਏ ਯੂ ਨੇ ਵਾਤਾਵਰਨ ਪੱਖੀ ਖੇਤੀ ਨਾਲ ਕਿਸਾਨਾਂ ਨੂੰ ਜੋੜਿਆ ਹੈ। ਇਸ ਦਿਸ਼ਾ ਵਿਚ ਖੇਤੀ ਰਹਿੰਦ-ਖੂੰਹਦ ਦੀ ਸਾਂਭ ਸੰਭਾਲ ਵਿਸ਼ੇਸ਼ਕਰ ਪਰਾਲੀ ਦੀ ਖੇਤ ਅੰਦਰ ਤੇ ਖੇਤ ਤੋਂ ਬਾਹਰ ਸੰਭਾਲ ਲਈ ਕੀਤੀਆਂ ਖੋਜਾਂ ਤੇ ਪਸਾਰ ਗਤੀਵਿਧੀਆਂ ਦਾ ਜ਼ਿਕਰ ਕੀਤਾ ਜਾ ਸਕਦਾ ਹੈ। ਪਰਾਲੀ ਸੰਭਾਲਣ ਵਾਲੀ ਮਸ਼ੀਨਰੀ ਦੇ ਵਿਕਾਸ ਅਤੇ ਪਸਾਰ ਨੂੰ ਇਸ ਸੰਬੰਧ ਵਿਚ ਵੇਖਿਆ ਜਾ ਸਕਦਾ ਹੈ। ਪਾਣੀ ਦੀ ਬੱਚਤ ਲਈ ਘੱਟ ਮਿਆਦ ਵਾਲੀਆਂ ਝੋਨੇ ਦੀਆਂ ਕਿਸਮਾਂ ਦਾ ਵਿਕਾਸ ਵੀ ਪੀ ਏ ਯੂ ਵਲੋਂ ਕੀਤਾ ਅਹਿਮ ਕਾਰਜ ਹੈ। ਅੱਜ ਪੰਜਾਬ ਦੇ ਵਡੇਰੇ ਰਕਬੇ ਉੱਪਰ ਇਨ੍ਹਾਂ ਕਿਸਮਾਂ ਦੀ ਕਾਸ਼ਤ ਕੀਤੀ ਜਾਂਦੀ ਹੈ। ਨਾਲ ਹੀ ਪੀ ਏ ਯੂ ਨੇ ਕੋਵਿਡ ਸੰਕਟ ਦੌਰਾਨ ਮਜ਼ਦੂਰਾਂ ਦੀ ਕਮੀ ਨਾਲ ਨਜਿੱਠਣ ਲਈ ਤਰ ਵੱਤਰ ਖੇਤ ਵਿਚ ਝੋਨੇ ਦੀ ਸਿੱਧੀ ਬਿਜਾਈ ਦੀ ਤਕਨੀਕ ਕਿਸਾਨਾਂ ਤਕ ਪਹੁੰਚਾਈ ਜੋ ਬਹੁਤ ਕਾਮਯਾਬੀ ਨਾਲ ਵੱਡੀ ਪੱਧਰ ਤੇ ਲਾਗੂ ਹੋਈ। ਕਣਕ ਵਿਚ ਗੁੱਲੀ ਡੰਡੇ ਦੀ ਰੋਕਥਾਮ ਅਤੇ ਨੀਮ ਪਹਾੜੀ ਇਲਾਕਿਆਂ ਵਿਚ ਪੀਲੀ ਕੁੰਗੀ ਉੱਪਰ ਕਾਬੂ ਪਾਉਣ ਲਈ ਯੂਨੀਵਰਸਿਟੀ ਵਲੋਂ ਸਫਲ ਮੁਹਿੰਮਾਂ ਚਲਾਈਆਂ ਗਈਆਂ। ਪੀ ਏ ਯੂ ਨੇ ਨਵੀਂਆਂ ਕਿਸਮਾਂ ਦੀ ਖੋਜ ਕਰਕੇ ਕਿਸਾਨਾਂ ਤਕ ਪਹੁੰਚਾਈਆਂ। ਇਨ੍ਹਾਂ ਵਿਚ ਕਣਕ ਦੀਆਂ ਜ਼ਿੰਕ ਕਿਸਮਾਂ ਤੋਂ ਇਲਾਵਾ ਫਲਾਂ, ਸਬਜ਼ੀਆਂ ਅਤੇ ਚਾਰਾ ਫਸਲਾਂ ਦਾ ਜ਼ਿਕਰ ਕੀਤਾ ਜਾ ਸਕਦਾ ਹੈ। ਕੋਵਿਡ ਦੌਰਾਨ ਜਦੋਂ ਪੂਰਾ ਕੰਮ ਕਾਰ ਠੱਪ ਸੀ ਯੂਨੀਵਰਸਿਟੀ ਦੇ ਪਸਾਰ ਅਧਿਕਾਰੀ ਲਗਾਤਾਰ ਕਿਸਾਨਾਂ ਨਾਲ ਸੰਪਰਕ ਵਿਚ ਸਨ। ਯੂਨੀਵਰਸਿਟੀ ਦੀਆਂ ਤਜਵੀਜ਼ਾਂ ਦੇ ਅਧਾਰ ਤੇ ਹੀ ਕਣਕ ਦੇ ਸਫਲ ਮੰਡੀਕਰਨ ਨੂੰ ਨੇਪਰੇ ਚਾੜ੍ਹਿਆ ਜਾ ਸਕਿਆ। ਇਸ ਤੋਂ ਇਲਾਵਾ ਯੂਨੀਵਰਸਿਟੀ ਨੇ ਪ੍ਰੋਸੈਸਿੰਗ ਅਤੇ ਮੁੱਲਵਾਧੇ ਦੇ ਨਾਲ ਨਾਲ ਖੇਤੀ ਸਿਖਲਾਈ ਅਤੇ ਅਕਾਦਮਿਕ ਖੇਤਰ ਵਿਚ ਵੀ ਸਫਲਤਾ ਹਾਸਿਲ ਕੀਤੀ ਹੈ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਪੰਜਾਬ ਦੇ ਕਿਸਾਨੀ ਸਮਾਜ ਨੂੰ ਵਿਗਿਆਨਕ ਖੇਤੀ ਨਾਲ ਜੋੜ ਕੇ ਉਸਦੀ ਬਿਹਤਰੀ ਪ੍ਰਤੀ ਵਚਨਵੱਧ ਹੈ।ਇਸ ਤੋਂ ਪਹਿਲਾਂ 1995 ਵਿਚ ਪੀ ਏ ਯੂ ਨੂੰ ਸਰਵੋਤਮ ਰਾਜ ਖੇਤੀਬਾੜੀ ਯੂਨੀਵਰਸਿਟੀ ਦਾ ਪੁਰਸਕਾਰ ਪ੍ਰਾਪਤ ਹੋ ਚੁੱਕਾ ਹੈ। 2017 ਵਿਚ ਪੀ ਏ ਯੂ ਨੂੰ ਫਿਰ ਤੋਂ ਰਾਜਾਂ ਦੀ ਸਰਵੋਤਮ ਖੇਤੀ ਯੂਨੀਵਰਸਿਟੀ ਅਤੇ ਤੀਸਰਾ ਸਭ ਤੋਂ ਵਧੀਆ ਖੋਜ ਸੰਸਥਾਨ ਮੰਨਦੇ ਹੋਏ ਆਈ ਸੀ ਏ ਆਰ ਨੇ ਸਨਮਾਨਿਤ ਕੀਤਾ। 2019 ਵਿਚ ਸਰਦਾਰ ਪਟੇਲ ਆਉਟਸਟੈਂਡਿੰਗ ਇੰਸਚੀਟਿਊਟ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। 2017 ਵਿਚ ਪੀ ਏ ਯੂ ਦੇਸ਼ ਦੇ ਸਰਵੋਤਮ 100 ਸੰਸਥਾਵਾਂ ਵਿਚ ਸ਼ਾਮਿਲ ਅਤੇ ਖੇਤੀ ਯੂਨੀਵਰਸਿਟੀਆਂ ਵਿੱਚੋਂ ਦੂਜਾ ਸਥਾਨ ਮਿਲਿਆ।
Related Posts
-
एनजीओ आस एहसास की निदेशक, मैडम रुचि कौर बावा ने वर्ल्ड प्रेस फ्रीडम डे पर युवाओं को मीडिया साक्षरता से जोड़ा
-
पहलगाम घटना के विरोध में पंजाब व्यापार मंडल ने आज समूह व्यापारियों के साथ काली पट्टियां बांधकर मनाया काला दिवस
-
ਲੁਧਿਆਣਾ ਪੱਛਮੀ ਉਪ-ਚੋਣਪ੍ਰਸਤਾਵਿਤ ਸਟ੍ਰਾਂਗ ਰੂਮ ਅਤੇ ਗਿਣਤੀ ਕੇਂਦਰ ਵਿਖੇ ਡੀ.ਸੀ ਅਤੇ ਸੀ.ਪੀ ਨੇ ਤਿਆਰੀ ਦਾ ਜਾਇਜ਼ਾ ਲਿਆ