Friday, May 9

ਮੰਦਰਾਂ ਨੂੰ ‘ਜਨਮ ਅਸ਼ਟਮੀ’ ਦੇ ਜਸ਼ਨਾਂ ਤੋਂ ਪਹਿਲਾਂ ਕੋਵਿਡ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨ ਲਈ ਕਿਹਾ

ਲੁਧਿਆਣਾ, (ਸੰਜੇ ਮਿੰਕਾ) – ‘ਕ੍ਰਿਸ਼ਨਾ ਜਨਮ ਅਸ਼ਟਮੀ’ ਦੇ ਮੌਕੇ ਕੇਸਾਂ ਨੂੰ ਵਧਣ ਤੋਂ ਰੋਕਣ ਲਈ ਸਿਹਤ ਵਿਭਾਗ ਦੀਆਂ ਮਾਸ ਮੀਡੀਆ ਟੀਮਾਂ ਨੇ ਸ਼ਹਿਰ ਦੇ ਮੰਦਰਾਂ ਦੇ ਪ੍ਰਬੰਧਕਾਂ ਨੂੰ ਸੂਬਾ ਸਰਕਾਰ ਦੁਆਰਾ ਜਾਰੀ ਕੋਵਿਡ ਸਬੰਧੀ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨ ਲਈ ਜਾਗਰੂਕ ਕੀਤਾ। ‘ਮਿਸ਼ਨ ਫਤਿਹ’ ਤਹਿਤ ਜਾਗਰੂਕਤਾ ਅਭਿਆਨ ਦੀਆਂ ਤਿੰਨੋਂ ਟੀਮਾਂ ਨੇ ਸ਼ਹਿਰ ਦੇ ਸਾਰੇ ਮੰਦਰਾਂ ਦੇ ਪ੍ਰਬੰਧਕ ਕਮੇਟੀਆਂ ਅਤੇ ਪੁਜਾਰੀਆਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਵਿਭਾਗ ਵੱਲੋਂ ਜਾਰੀ ਸਾਰੇ ਦਿਸ਼ਾ-ਨਿਰਦੇਸ਼ਾਂ ਤੋਂ ਜਾਣੂ ਕਰਵਾਇਆ ਅਤੇ ਦੱਸਿਆ ਕਿ ਸਾਰਿਆਂ ਦੀ ਸਿਹਤ ਦਾ ਖਿਆਲ ਰੱਖਦਿਆਂ ਇਹਨਾਂ ਨਿਰਦੇਸ਼ਾਂ ਦੀ ਪਾਲਣਾ ਜਰੂਰ ਕਰਨ। ਸਿਵਲ ਸਰਜਨ ਲੁਧਿਆਣਾ ਡਾ ਰਾਜੇਸ਼ ਕੁਮਾਰ ਬੱਗਾ ਨੇ ਕਿਹਾ ਕਿ ਤਿਉਹਾਰਾਂ ਦਾ ਮੌਸਮ ਪਹਿਲਾਂ ਹੀ ਰੱਖੜੀ ਦੇ ਜਸ਼ਨ ਤੋਂ ਆਰੰਭ ਹੋ ਚੁੱਕਾ ਹੈ ਅਤੇ ਹੁਣ ਇਹ ਜਨਮ ਅਸ਼ਟਮੀ ਭਾਰਤ ਦਾ ਸਭ ਤੋਂ ਵੱਡੇ ਤਿਉਹਾਰਾਂ ਵਿਚੋਂ ਇੱਕ ਹੈ ਜੋ ਕਿ ਯੁਗਾਂ ਤੋਂ ਵਿਸ਼ਾਲ ਪੱਧਰ ‘ਤੇ ਮਨਾਇਆ ਜਾ ਰਿਹਾ ਹੈ। ਪਰ, ਇਹ ਸਪੱਸ਼ਟ ਹੈ ਕਿ ਅਸੀਂ ਖੁਦ ਨੂੰ ਤਿਉਹਾਰਾਂ ਨੂੰ ਮਨਾਉਣ ਤੋਂ ਨਹੀਂ ਰੋਕ ਸਕਦੇ ਪਰ ਇਸ ਮਹਾਂਮਾਰੀ ਦੇ ਮੱਦੇਨਜ਼ਰ ਸਾਨੂੰ ਤਿਉਹਾਰਾਂ ਨੂੰ ਮਨਾਉਣ ਦੇ ਢੰਗ ਨੂੰ ਬਦਲਣਾ ਪਏਗਾ। ਡਾ: ਬੱਗਾ ਨੇ ਕਿਹਾ ਇਸ ਤਿਉਹਾਰ ਵਿਚ ਲੋਕ ਮੰਦਰਾਂ ਵਿਚ ਭਗਵਾਨ ਕ੍ਰਿਸ਼ਨ ਦਾ ਆਸ਼ੀਰਵਾਦ ਲੈਣ ਜਾਂਦੇ ਹਨ ਜਿਸ ਕਾਰਨ ਮੰਦਰਾਂ ਵਿੱਚ ਭੀੜ ਹੋ ਜਾਂਦੀ ਹੈ ਅਤੇ ਕਈ ਵਾਰ ਭੀੜ ਇਸ ਪੱਧਰ ‘ਤੇ ਵੱਧ ਜਾਂਦੀ ਹੈ ਕਿ ਭੀੜ ਨੂੰ ਕਾਬੂ ਵਿਚ ਰੱਖਣਾ ਪ੍ਰਬੰਧਕਾਂ ਲਈ ਮੁਸ਼ਕਲ ਹੋ ਜਾਂਦਾ ਹੈ। ਹਾਲਾਂਕਿ, ਇਸ ਮੁਸ਼ਕਲ ਸਮੇਂ ਵਿੱਚ ਹਰ ਕਿਸੇ ਨੂੰ ਆਪਣੀ ਸੁਰੱਖਿਆ ਅਤੇ ਆਪਣੇ ਪਰਿਵਾਰ ਦੀ ਸੁਰੱਖਿਆ ਬਾਰੇ ਸੋਚਣਾ ਚਾਹੀਦਾ ਹੈ ਅਤੇ ਉਸ ਅਨੁਸਾਰ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਤਿੰਨੋਂ ਟੀਮਾਂ ਨੇ ਵੱਖ-ਵੱਖ ਮੰਦਰਾਂ ਦਾ ਦੌਰਾ ਕੀਤਾ ਅਤੇ ਉਨ੍ਹਾਂ ਨੂੰ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੁਆਰਾ ਵਿਸ਼ਾਣੂ ਦੇ ਫੈਲਣ ਨੂੰ ਨਿਯੰਤਰਿਤ ਕਰਨ ਲਈ ਜਾਰੀ ਕੀਤੇ ਗਏ ਸਾਰੇ ਦਿਸ਼ਾ-ਨਿਰਦੇਸ਼ਾਂ ਦੀ ਵਿਆਖਿਆ ਕੀਤੀ। ਬਲਾਕ ਐਕਸਟੈਂਸ਼ਨ ਐਜੂਕੇਟਰ ਜਸਵੀਰ ਸਿੰਘ ਨੇ ਕਿਹਾ ਕਿ, ਬਚਾਅ ਦੇ ਮੁੱਢਲੇ ਉਪਾਅ ਹੀ ਹਨ ਜੋ ਵਾਇਰਸ ਦੀ ਲੜੀ ਨੂੰ ਤੋੜ ਸਕਦੇ ਹਨ। ਉਨ੍ਹਾਂ ਕਿਹਾ, ਮੰਦਰ ਕਮੇਟੀਆਂ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਉਹ ਮੰਦਰ ਦੇ ਹਰ ਪ੍ਰਵੇਸ਼ ਦੁਆਰ ‘ਤੇ ਸਮਾਜਿਕ ਦੂਰੀਆਂ ਦੇ ਦਿਸ਼ਾ-ਨਿਰਦੇਸ਼ਾਂ, ਥਰਮਲ ਸਕ੍ਰੀਨਿੰਗ ਅਤੇ ਹੱਥਾਂ ਦੀ ਸਫਾਈ ਦਾ ਪ੍ਰਬੰਧ ਕਰਨ ਅਤੇ ਰੇਲਿੰਗਾਂ ਜਾਂ ਸਤਹ ਜੋ ਕਿ ਬਹੁਤ ਵਾਰ ਛੂਹੀਆਂ ਜਾਂਦੀਆਂ ਹਨ ਦੀ ਸਫਾਈ ਵੀ ਨਿਸ਼ਚਿਤ ਬਣਾਉਣ. ਡਾ. ਬੱਗਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੇਵਲ ਆਪਣੇੇ ਘਰਾਂ ਵਿੱਚ ਹੀ ਸ਼੍ਰੀ ਕ੍ਰਿਸ਼ਨ ਦਾ ਜਨਮਦਿਨ ਮਨਾਉਣ ਅਤੇ ਹਰ ਕਿਸੇ ਦੀ ਸੁਰੱਖਿਆ ਲਈ ਕੋਸ਼ਿਸ਼ ਕਰਨ ਕਿ ਘਰੋਂ ਬਾਹਰ ਨਾ ਨਿਕਲਣ। ਮਾਡਲ ਟਾਊਨ ਐਕਸਟੈਂਸ਼ਨ ਦੇ ਸ਼੍ਰੀ ਕ੍ਰਿਸ਼ਨ ਮੰਦਰ ਦੇ ਟਰੱਸਟੀ, ਪੀ.ਪੀ. ਗੋਸਾਈਂ ਨੇ ਜਾਗਰੂਕਤਾ ਮੁਹਿੰਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਪਹਿਲਾਂ ਹੀ ਸਾਰੇ ਪ੍ਰਬੰਧ ਕਰ ਚੁੱਕੇ ਹਨ ਅਤੇ ਇਹ ਸੁਨਿਸ਼ਚਿਤ ਕਰਨਗੇ ਕਿ ਜਦੋਂ ਤੱਕ ਸਰਕਾਰ ਦੇ ਆਦੇਸ਼ ਹਨ ਉਦੋਂ ਤੱਕ ਸਾਰੀਆਂ ਹਦਾਇਤਾਂ ਦੀ ਪਾਲਣਾ ਕੀਤੀ ਜਾਵੇਗੀ।

About Author

Leave A Reply

WP2Social Auto Publish Powered By : XYZScripts.com