- ਜੁਆਇੰਟ ਐਕਸ਼ਨ ਕਮੇਟੀ ਪੰਜਾਬ ਵੱਲੋਂ ਆਜ਼ਾਦੀ ਦਿਹਾੜਾ ਮਨਾਇਆ
ਮਲੇਰਕੋਟਲਾ, ( ਸੰਜੇ ਮਿੰਕਾ ) ਜੁਆਇੰਟ ਐਕਸ਼ਨ ਕਮੇਟੀ ਪੰਜਾਬ (ਰਜਿ.) ਵੱਲੋਂ ਦੇਸ਼ ਦੀ ਆਜ਼ਾਦੀ ਦੀ 79ਵੀ ਵਰੇਗੰਢ ਬੜੇ ਉਤਸ਼ਾਹ ਅਤੇ ਦੇਸ਼ ਭਗਤੀ ਦੀ ਭਾਵਨਾ ਨਾਲ ਮਨਾਈ ਗਈ। ਜੁਆਇੰਟ ਐਕਸ਼ਨ ਕਮੇਟੀ ਪੰਜਾਬ ਦੇ ਮੁੱਖ ਦਫ਼ਤਰ ਦੇ ਬਾਹਰ ਕੰਸਟਰਕਸ਼ਨ ਦਾ ਕੰਮ ਚੱਲਣ ਕਾਰਨ ਇਸ ਵਾਰ ਕੌਮੀ ਝੰਡਾ ਲਹਿਰਾਉਣ ਦੀ ਰਸਮ ਮਿਲਨ ਪੈਲਸ, ਮਲੇਰਕੋਟਲਾ ਵਿਖੇ ਅਦਾ ਕੀਤੀ ਗਈ। ਇਸ ਮੌਕੇ ਕਮੇਟੀ ਦੇ ਵਾਈਸ ਪ੍ਰਧਾਨ ਜਨਾਬ ਖੁਸ਼ੀ ਮੁਹੰਮਦ, ਪ੍ਰੋਪਰਾਈਟਰ ਸਾਗਰ ਰਿਜ਼ੋਰਟ, ਮਲੇਰਕੋਟਲਾ ਨੇ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ। ਝੰਡਾ ਲਹਿਰਾਉਣ ਉਪਰੰਤ ਹਾਜ਼ਰੀਨ ਨੇ ਮਿਲਜੁਲ ਕੇ ਰਾਸ਼ਟਰੀ ਗੀਤ ਪੇਸ਼ ਕੀਤਾ। ਇਸ ਮੌਕੇ ਸ੍ਰੀ ਖੁਸ਼ੀ ਮੁਹੰਮਦ ਪ੍ਰੋਪਰਾਈਟਰ ਸਾਗਰ ਰਿਜ਼ੋਰਟ, ਨੇ ਆਖਿਆ ਕਿ ਇਸਲਾਮ ਧਰਮ ਸਾਨੂੰ ਦੇਸ਼ ਨਾਲ ਮੁਹੱਬਤ ਕਰਨ ਦੀ ਸਿੱਖਿਆ ਦਿੰਦਾ ਹੈ। ਉਹਨਾਂ ਜੰਗੇ ਆਜ਼ਾਦੀ ਵਿੱਚ ਮੁਸਲਿਮ ਉਲਮਾ ਕਰਾਮ ਦੇ ਕਿਰਦਾਰ ਦਾ ਵਿਸ਼ੇਸ਼ ਜ਼ਿਕਰ ਕਰਦਿਆਂ ਆਖਿਆ ਕਿ ਦੇਸ਼ ਦੀ ਆਜ਼ਾਦੀ ਲਈ ਸਾਰੇ ਹੀ ਧਰਮਾਂ ਦੇ ਲੋਕਾਂ ਨੇ ਮੇਲ ਜੁਲ ਕੇ ਸੰਘਰਸ਼ ਕੀਤਾ। ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਦੇਸ਼ ਦੀ ਉੱਨਤੀ ਤਰੱਕੀ ਅਤੇ ਖੁਸ਼ਹਾਲੀ ਲਈ ਆਪਸੀ ਭਾਈਚਾਰਕ ਸਾਂਝ ਬਹਾਲ ਕਰਨੀ ਅਤਿਅੰਤ ਜ਼ਰੂਰੀ ਹੈ। ਉਨ੍ਹਾਂ ਸਮੂਹ ਲੋਕਾਂ ਨੂੰ ਆਪਸੀ ਪਿਆਰ, ਸਦਭਾਵਨਾ ਅਤੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਦਾ ਸੱਦਾ ਦਿੱਤਾ। ਸਮਾਗਮ ਨੂੰ ਸੰਬੋਧਨ ਕਰਦਿਆਂ ਸ਼ਹਿਜ਼ਾਦ ਹੁਸੈਨ, ਮੁਫਤੀ ਮੁਹੰਮਦ ਦਿਲਸ਼ਾਦ ਕਾਸਮੀ, ਸਾਜਿਦ ਇਸਹਾਕ, ਮੁਕੱਰਮ ਸੈਫੀ ਅਤੇ ਸ਼ੇਖ ਸ਼ਬੀਰ ਹੁਸੈਨ ਨੇ ਆਜ਼ਾਦੀ ਦਿਹਾੜੇ ਦੀ ਮਹੱਤਤਾ ਬਾਰੇ ਵਿਚਾਰ ਸਾਂਝੇ ਕੀਤੇ। ਬੁਲਾਰਿਆਂ ਨੇ ਦੇਸ਼ ਦੀ ਏਕਤਾ, ਅਖੰਡਤਾ, ਅਮਨ-ਸ਼ਾਂਤੀ ਅਤੇ ਆਪਸੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ। ਬੁਲਾਰਿਆਂ ਨੇ ਕਿਹਾ ਕਿ ਦੇਸ਼ ਦੀ ਆਜ਼ਾਦੀ ਅਨੇਕਾਂ ਕੁਰਬਾਨੀਆਂ ਤੋਂ ਬਾਅਦ ਪ੍ਰਾਪਤ ਹੋਈ ਹੈ ਅਤੇ ਸਾਡਾ ਫਰਜ਼ ਹੈ ਕਿ ਅਸੀਂ ਦੇਸ਼ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਆਪਣਾ ਯੋਗਦਾਨ ਪਾਈਏ। ਇਸ ਮੌਕੇ ਮੁਹੰਮਦ ਸ਼ਾਹਿਦ, ਮੁਹੰਮਦ ਇਕਬਾਲ, ਮੁਹੰਮਦ ਇਰਫਾਨ, ਮੁਹੰਮਦ ਫਾਰੂਕ, ਮੁਹੰਮਦ ਸ਼ਕੀਲ, ਇਫਤਖਾਰ ਕਾਰਵਾਈ ਜੁਆਇੰਟ ਐਕਸ਼ਨ ਕਮੇਟੀ ਪੰਜਾਬ (ਰਜਿ.) ਦੇ ਸਕੱਤਰ ਮੁਕੱਰਮ ਸੈਫੀ ਵੱਲੋਂ ਬਾਖੂਬੀ ਨਿਭਾਈ ਗਈ। ਅੰਤ ਵਿੱਚ ਕਮੇਟੀ ਦੇ ਵਾਈਸ ਪ੍ਰਧਾਨ ਮੁਹੰਮਦ ਅਖਲਾਕ ਨੇ ਸਾਰੇ ਹੀ ਪਤਵੰਤਿਆਂ ਦਾ ਧੰਨਵਾਦ ਕੀਤਾ।