- ਪ੍ਰੋਜੈਕਟ ਤਹਿਤ ਤਿੰਨ ਨਵੇਂ ਕਮਰਿਆਂ ਦੀ ਕੀਤੀ ਜਾਵੇਗੀ ਉਸਾਰੀ
- ਕਿਹਾ! ਪਿਛਲੇ 3 ਸਾਲਾਂ ਦੌਰਾਨ ਸਿੱਖਿਆ ਖੇਤਰ ‘ਚ ਆਈ ਨਵੀਂ ਕ੍ਰਾਂਤੀ
ਲੁਧਿਆਣਾ, (ਸੰਜੇ ਮਿੰਕਾ) – ਵਿਧਾਨ ਸਭਾ ਹਲਕਾ ਲੁਧਿਆਣਾ ਦੱਖਣੀ ਤੋਂ ਵਿਧਾਇਕ ਰਜਿੰਦਰਪਾਲ ਕੌਰ ਛੀਨਾ ਵੱਲੋਂ ਪਿੰਡ ਲੋਹਾਰਾ ਦੇ ਸਰਕਾਰੀ ਸਕੂਲ ਦੇ ਨਵੀਨੀਕਰਣ ਕਾਰਜ਼ਾਂ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਵਿਧਾਇਕ ਛੀਨਾ ਨੇ ਕਿਹਾ ਕਿ ਪੰਜਾਬ ਸਕਰਾਰ ਦੇ ਪਿਛਲੇ ਤਿੰਨ ਸਾਲਾਂ ਦੌਰਾਨ ਸਿੱਖਿਆ ਖੇਤਰ ਵਿੱਚ ਨਵੀਂ ਕ੍ਰਾਂਤੀ ਆਈ ਹੈ। ਉਨ੍ਹਾਂ ਸਰਕਾਰੀ ਸਕੂਲਾਂ ਦੀ ਪ੍ਰਾਈਵੇਟ ਸਕੂਲਾਂ ਨਾਲ ਤੁਲਨਾ ਕਰਦਿਆਂ ਲੁਧਿਆਣਾ ਵਿੱਚ ਬਿਹਤਰ ਸਿੱਖਿਆ ਪ੍ਰਣਾਲੀ ਹੋਣ ਦਾ ਦਾਅਵਾ ਵੀ ਕੀਤਾ। ਵਿਧਾਇਕ ਰਜਿੰਦਰਪਾਲ ਕੌਰ ਛੀਨਾ ਨੇ ਦੱਸਿਆ ਕਿ ਪਿੰਡ ਲੋਹਾਰਾ ਦੇ ਸਰਕਾਰੀ ਸਕੂਲ ਵਿੱਚ ਬੱਚਿਆਂ ਦੀ ਗਿਣਤੀ ਦੇ ਅਨੁਸਾਰ ਬੁਨਿਆਦੀ ਸਹੂਲਤਾਂ ਦੀ ਘਾਟ ਸੀ ਜਿਸਦੇ ਤਹਿਤ ਸਕੂਲ ਵਿੱਚ ਤਿੰਨ ਨਵੇਂ ਕਮਰੇ ਬਣਾਉਣ ਲਈ ਕਰੀਬ 15 ਲੱਖ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਗਈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕਮਰਿਆਂ ਦੀ ਉਸਾਰੀ ਹੋਣ ਨਾਲ ਹੁਣ ਬੱਚਿਆਂ ਨੂੰ ਲਾਭ ਮਿਲੇਗਾ। ਵਿਧਾਇਕ ਛੀਨਾ ਨੇ ਦੱਸਿਆ ਕਿ ਆਉਣ ਵਾਲੇ ਸਮੇਂ ਵਿੱਚ ਹੋਰਨਾਂ ਸਕੂਲਾਂ ਦੇ ਬੁਨਿਆਦੀ ਢਾਂਚੇ ਵਿੱਚ ਵੀ ਸੁਧਾਰ ਲਿਆਂਦਾ ਜਾਵੇਗਾ ਜੋ ਬੱਚਿਆਂ ਦੀ ਪੜਾਈ ਲਈ ਲਾਹੇਵੰਦ ਸਿੱਧ ਹੋਵੇਗਾ। ਵਿਧਾਇਕ ਛੀਨਾ ਨੇ ਕਿਹਾ ਕਿ ਸੂਬੇ ਵਿੱਚ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਸਨੀਕਾਂ ਨੂੰ ਮਿਆਰੀ ਸਿੱਖਿਆ ਤੇ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ। ਇਸ ਮੌਕੇ ਗੁਲਜਿੰਦਰ ਸਿੰਘ ਗਿੱਲ, ਕੁਲਜੀਤ ਰਾਹੀ, ਚੇਅਰਮੈਨ ਮਨਜੀਤ ਸਿੰਘ, ਪ੍ਰਿੰਸੀਪਲ ਤੇ ਅਧਿਆਪਕ ਸਹਿਬਾਨ ਵੀ ਮੌਜੂਦ ਸਨ।