
- ਅਚਨਚੇਤ ਚੈਕਿੰਗ ਦੌਰਾਨ ਵੱਖ-ਵੱਖ ਥਾਂਵਾਂ ਤੋਂ 31 ਬੱਚਿਆਂ ਦਾ ਕਰਵਾਇਆ ਰੈਸਕਿਊ
ਲੁਧਿਆਣਾ, (ਸੰਜੇ ਮਿੰਕਾ) – ਬਾਲ ਮਜ਼ਦੂਰੀ ਦੀ ਰੋਕਥਾਮ ਲਈ, ਕਿਰਤ ਵਿਭਾਗ, ਪੰਜਾਬ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਤਹਿਤ ਬਾਲ ਮਜਦੂਰੀ ਖਾਤਮਾ ਸਪਤਾਹ ਮਨਾਇਆ ਜਾ ਰਿਹਾ ਹੈ। ਜ਼ਿਲ੍ਹਾ ਟਾਸਕ ਫੋਰਸ ਟੀਮ ਵੱਲੋ ਬਾਲ ਮਜਦੂਰੀ ਨੂੰ ਰੋਕਣ ਲਈ ਮਿਤੀ 18, 19 ਅਤੇ 20 ਨਵੰਬਰ, 2024 ਨੂੰ ਜ਼ਿਲ੍ਹਾ ਲੁਧਿਆਣਾ ਅਧੀਨ ਮੇਹਰਬਾਨ, ਚੂੰਗੀ, ਗੁਰਵਿਹਾਰ, ਬਸਤੀ ਜੋਧੇਵਾਲ, ਜਗੀਰਪੁਰ ਆਦਿ ਵਿਖੇ ਵੱਖ-ਵੱਖ ਅਦਾਰਿਆ ਦੀ ਅਚਨਚੇਤ ਚੈਕਿੰਗ ਕੀਤੀ ਗਈ। 18 ਨਵੰਬਰ ਨੂੰ ਚੈਕਿੰਗ ਦੌਰਾਨ 16 ਬੱਚਿਆਂ ਦਾ ਰੈਸਕਿਊ ਕਰਵਾਇਆ ਗਿਆ ਜਦਕਿ 19 ਅਤੇ 20 ਨਵੰਬਰ ਨੂੰ ਕ੍ਰਮਵਾਰ 6 ਅਤੇ 9 ਬੱਚਿਆਂ ਨੂੰ ਬਾਲ ਮਜਦੂਰੀ ਕਰਦੇ ਰੈਸਕਿਊ ਕਰਵਾਇਆ ਗਿਆ। ਬਾਅਦ ਵਿੱਚ ਬੱਚਿਆਂ ਨੂੰ ਬਾਲ ਭਲਾਈ ਕਮੇਟੀ, ਲੁਧਿਆਣਾ ਦੇ ਸਾਹਮਣੇ ਪੇਸ਼ ਕਰਕੇ ਬਾਲ ਘਰ ਵਿੱਚ ਸ਼ਿਫਟ ਕੀਤਾ ਗਿਆ। ਜ਼ਿਲ੍ਹਾ ਟਾਸਕ ਫੋਰਸ ਟੀਮ ਵੱਲੋਂ ਪ੍ਰੈਸ ਨੋਟ ਰਾਹੀਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਕਿਰਤ ਵਿਭਾਗ, ਪੰਜਾਬ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਤਹਿਤ 18 ਤੋਂ 26 ਨਵੰਬਰ, 2024 ਤੱਕ (ਸਿਵਾਏ 23 ਅਤੇ 24 ਨਵੰਬਰ) ਤੱਕ ਬਾਲ ਮਜ਼ਦੂਰੀ ਖਾਤਮਾ ਸਪਤਾਹ ਮਨਾਇਆ ਜਾ ਰਿਹਾ ਹੈ ਜਿਸਦੇ ਤਹਿਤ ਇਹ ਕਾਰਵਾਈ ਕੀਤੀ ਗਈ। ਜ਼ਿਲ੍ਹਾ ਟਾਸਕ ਫੋਰਸ ਟੀਮ ਵਿੱਚ ਸ਼੍ਰੀ ਦੀਪਕ ਕੁਮਾਰ (ਲਾਅ-ਕਮ-ਪ੍ਰੋਬੇਸ਼ਨ ਅਫਸਰ), ਸ਼੍ਰੀ ਲਵਪ੍ਰੀਤ ਸਿੰਘ (ਸੋਸ਼ਲ ਵਰਕਰ), ਸ਼੍ਰੀਮਤੀ ਕੁਲਵਿੰਦਰ ਕੌਰ (ਕਾਊਂਸਲਰ), ਸ਼੍ਰੀਮਤੀ ਗੁਰਪਿੰਦਰ ਕੌਰ (ਲੇਬਰ ਇੰਸਪੈਕਟਰ), ਸ਼੍ਰੀ ਸੁਖਵਿੰਦਰ ਸਿੰਘ ਭੱਟੀ (ਲੇਬਰ ਇੰਸਪੈਕਟਰ), ਸ਼੍ਰੀ ਸਨਦੀਪ ਸਿੰਘ ਅਤੇ ਯਾਦਵਿੰਦਰ ਸਿੰਘ (ਬਚਪਨ ਬਚਾਓ ਅੰਦੋਲਨ), ਤਹਿਸੀਲਦਾਰ, ਸਿੱਖਿਆ ਵਿਭਾਗ ਅਤੇ ਪੁਲਿਸ ਵਿਭਾਗ ਦੇ ਮੈਂਬਰ ਵੀ ਸ਼ਾਮਲ ਸਨ।