Sunday, May 11

ਦਿਵਾਲੀ ਤੋਂ ਪਹਿਲਾਂ ਹਲਕਾ ਉੱਤਰੀ ‘ਚ ਜਗਮਗ ਕਰਨਗੀਆਂ ਸਟਰੀਟ ਲਾਈਟਾਂ – ਵਿਧਾਇਕ ਮਦਨ ਲਾਲ ਬੱਗਾ

  • ਕਿਹਾ! ਸਥਾਨਕ ਵਸਨੀਕਾਂ ਨੂੰ ਰਾਤ ਵੇਲੇ ਵੀ ਦਿਨ ਵਰਗਾ ਹੋਵੇਗਾ ਅਹਿਸਾਸ

ਲੁਧਿਆਣਾ, (ਸੰਜੇ ਮਿੰਕਾ) – ਸੂਬੇ ਵਿੱਚ ਮੁੱਖ ਮੰਤਰੀ ਪੰਜਾਬ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਘਰ-ਘਰ ਪਹੁੰਚਾਉਣ ਲਈ ਵਚਨਬੱਧ ਹੈ ਅਤੇ ਦਿਵਾਲੀ ਤੋਂ ਪਹਿਲਾਂ ਹਲਕਾ ਉੱਤਰੀ ਨੂੰ ਸਟਰੀਟ ਲਾਈਟਾਂ ਨਾਲ ਜਗਮਗ ਕੀਤਾ ਜਾਵੇਗਾ। ਵਿਧਾਨ ਸਭਾ ਹਲਕਾ ਲੁਧਿਆਣਾ ਉੱਤਰੀ ਤੋਂ ਵਿਧਾਇਕ ਚੌਧਰੀ ਮਦਨ ਲਾਲ ਬੱਗਾ ਵਲੋਂ ਇਸ ਗੱਲ ਦਾ ਪ੍ਰਗਟਾਵਾ ਹਲਕੇ ਵਿੱਚ ਸਟਰੀਟ ਲਾਈਟਾਂ ਲਗਾਉਣ ਦੀ ਸ਼ੁਰੂਆਤ ਕਰਦਿਆਂ ਕੀਤਾ। ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ ਕਰਦਿਆਂ ਕਿਹਾ ਕਿ ਇਸ ਦਿਵਾਲੀ ਤੋਂ ਪਹਿਲਾਂ ਸਮੁੱਚੇ ਹਲਕਾ ਉੱਤਰੀ ਵਿੱਚ ਸਟਰੀਟ ਲਾਈਟਾਂ ਲਗਾਉਣ ਦਾ ਕੰਮ ਮੁਕੰਮਲ ਕੀਤਾ ਜਾਵੇ। ਉਨ੍ਹਾਂ ਸਪੱਸ਼ਟ ਕੀਤਾ ਕਿ ਆਗਾਮੀ ਦਿਵਾਲੀ ਦੇ ਪਵਿੱਤਰ ਤਿਉਂਹਾਰ ਮੌਕੇ ਜਿੱਥੇ ਲੋਕਾਂ ਵਲੋਂ ਆਪਣੇ-ਆਪਣੇ ਘਰਾਂ ਵਿੱਚ ਦੀਵੇ ਜਲਾ ਕੇ ਅਤੇ ਰੰਗ ਬਿਰੰਗੀਆਂ ਲੜੀਆਂ ਨਾਲ ਘਰਾਂ ਨੂੰ ਰੋਸ਼ਨ ਕੀਤਾ ਜਾਂਦਾ ਹੈ ਉੱਥੇ ਇਹ ਸਟਰੀਟ ਲਾਈਟਾਂ ਵੀ ਹਲਕੇ ਨੂੰ ਚਾਰ ਚੰਨ ਲਾਉਣਗੀਆਂ। ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਉਦਯੋਗਿਕ ਸ਼ਹਿਰ ਹੋਣ ਕਰਕੇ ਲੁਧਿਆਣਾ ਵਿੱਚ ਦਿਨ-ਰਾਤ ਫੈਕਟਰੀਆਂ ਵਿੱਚ ਕੰਮ ਚੱਲਦਾ ਹੈ ਅਤੇ ਰਾਤ ਸਮੇਂ ਆਪਣੀ ਡਿਊਟੀ ‘ਤੇ ਆਉਂਦੇ ਜਾਂਦੇ ਪ੍ਰਵਾਸੀ ਮਜ਼ਦੂਰਾਂ ਨਾਲ ਅਕਸਰ ਲੁੱਟ ਖੋਹ ਦੀਆਂ ਵਾਰਦਾਤਾਂ ਹੋ ਜਾਂਦੀਆਂ ਹਨ ਅਤੇ ਸਮਾਜ ਵਿਰੋਧੀ ਅਨਸਰ ਹਨੇਰੇ ਦਾ ਫਾਇਦਾ ਚੁੱਕ ਕੇ ਭੱਜਣ ਵਿੱਚ ਕਾਮਯਾਬ ਹੋ ਜਾਂਦੇ ਹਨ। ਵਿਧਾਇਕ ਚੌਧਰੀ ਮਦਨ ਲਾਲ ਬੱਗਾ ਨੇ ਕਿਹਾ ਕਿ ਇਨ੍ਹਾਂ ਸਟਰੀਟ ਲਾਈਟਾਂ ਦੇ ਲੱਗਣ ਨਾਲ ਲੋਕਾਂ ਵਿੱਚ ਸਹਿਮ ਦਾ ਮਾਹੌਲ ਵੀ ਖ਼ਤਮ ਹੋਵੇਗਾ ਅਤੇ ਸਥਾਨਕ ਵਸਨੀਕਾਂ ਨੂੰ ਰਾਤ ਵੇਲੇ ਵੀ ਦਿਨ ਵਰਗਾ ਅਹਿਸਾਸ ਹੋਵੇਗਾ।

About Author

Leave A Reply

WP2Social Auto Publish Powered By : XYZScripts.com