Friday, May 9

ਕਿਸਾਨਾਂ ਨੂੰ ਉੱਚ ਮਿਆਰੀ ਖੇਤੀ ਇਨਪੁਟਸ ਮੁਹੱਈਆ ਕਰਵਾਉਣਾ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦਾ ਮੁੱਖ ਨਿਸ਼ਾਨਾ – ਡਾ਼ ਬੈਨੀਪਾਲ

ਲੁਧਿਆਣਾ, 06 ਜੁਲਾਈ (000) – ਪੰਜਾਬ ਸਰਕਾਰ ਦੇ ਕਿਸਾਨਾਂ ਤੱਕ ਮਿਆਰੀ ਇਨਪੁਟਸ ਪਹੁੰਚਾਉਣ ਦੇ ਅਹਿਦ ਤਹਿਤ ਮਾਨਯੋਗ ਖੇਤੀਬਾੜੀ ਮੰਤਰੀ ਸ਼ ਗੁਰਮੀਤ ਸਿੰਘ ਖੁੱਡੀਆਂ ਦੇ ਹੁਕਮਾਂ ਅਤੇ ਡਾਇਰੈਕਟਰ ਖੇਤੀਬਾੜੀ ਦੀ ਅਗਵਾਈ ਵਿੱਚ ਕਾਰਵਾਈ ਕਰਦਿਆਂ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਲੁਧਿਆਣਾ ਦੀ ਫਲਾਇੰਗ ਸੁਕੈਡ ਟੀਮ ਵੱਲੋਂ ਜਾਅਲੀ ਕੀਟਨਾਸ਼ਕ ਦਵਾਈਆਂ ਅਤੇ ਖਾਦ ਬਰਾਮਦ ਕੀਤੀ ਗਈ ਹੈ।
ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫਸਰ ਡਾ਼ ਨਰਿੰਦਰ ਸਿੰਘ ਬੈਨੀਪਾਲ ਨੇ ਦੱਸਿਆ ਕਿ ਮੈਸ਼ ਵਿਲੋਵੁੱਡ ਕੈਮੀਕਲ ਲਿਮਟਿਡ, ਸਰੀਂਹ ਅਤੇ ਮੈਸ਼ ਸ਼੍ਰੀਜੀ ਪੈਸਟੀਸਾਈਡ ਪ੍ਰਾਈਵੇਟ ਲਿਮੀਟਡ, ਵੜੋਦਰਾ, ਗੁਜਰਾਤ ਦੇ ਜਿੰਮੇਵਾਰ ਵਿਅਕਤੀਆਂ ਵੱਲੋਂ ਨਕਲੀ ਪਦਾਰਥ ਖੇਤੀਬਾੜੀ ਦੀ ਵਰਤੋਂ ਲਈ ਪੰਜਾਬ ਅਤੇ ਪੰਜਾਬ ਤੋਂ ਬਾਹਰ ਦੇ ਸੂਬਿਆਂ ਵਿੱਚ ਕਿਸਾਨਾਂ ਨੂੰ ਵੇਚਿਆ ਜਾ ਰਿਹਾ ਸੀ। ਵਿਭਾਗ ਵੱਲੋਂ ਤੁਰੰਤ ਕਾਰਵਾਈ ਕਰਦਿਆਂ ਡਾ਼ ਪ੍ਰਦੀਪ ਸਿੰਘ ਟਿਵਾਣਾ ਅਤੇ ਡਾ਼ ਗੌਰਵ ਧੀਰ ਵੱਲੋਂ ਕੰਪਨੀ ਦੇ ਵਿਕਰੀ ਕੇਂਦਰ/ਗੁਦਾਮ ਵਿੱਚ ਚੈਕਿੰਗ ਕਰਨ ਉਪਰੰਤ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਅਤੇ ਕੰਪਨੀ ਦੇ ਜਿੰਮੇਵਾਰ ਵਿਅਕਤੀਆਂ ਖਿਲਾਫ ਥਾਣਾ ਵਿਖੇ ਐਫ਼.ਆਈ.਼ਆਰ. ਨੰ: 0070 ਮਿਤੀ 05-07-2023 ਦਰਜ਼ ਕਰਵਾਈ ਗਈ। ਉਕਤ ਕੰਪਨੀ ਅਤੇ ਜਿੰਮੇਵਾਰ ਵਿਕਅਤੀਆਂ ਖਿਲਾਫ ਖਾਦ (ਕੰਟਰੋਲ) ਆਰਡਰ 1985, ਇਨਸੈਕਟੀਸਾਈਡਜ਼ ਐਕਟ 1968 ਇਨਸੈਕਟੀਸਾਈਡਜ਼ ਰੂਲਜ਼ 1971, ਜ਼ਰੂਰੀ ਵਸਤਾਂ ਐਕਟ 1955 ਤਹਿਤ ਹੋਰ ਬਣਦੀ ਯੋਗ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।
ਮੁੱਖ ਖੇਤੀਬਾੜੀ ਅਫਸਰ, ਲੁਧਿਆਣਾ ਡਾ਼ ਨਰਿੰਦਰ ਸਿੰਘ ਬੈਨੀਪਾਲ ਨੇ ਜਿਲ੍ਹੇ ਦੇ ਸਮੂਹ ਰਿਟੇਲ ਅਤੇ ਹੋਲਸੇਲ ਡੀਲਰਾਂ ਅਤੇ ਕੰਪਨੀਆਂ ਨੂੰ ਸਖਤ ਚੇਤਾਵਨੀ ਦਿੰਦਿਆਂ ਕਿਹਾ ਕਿ ਕਿਸਾਨੀ ਹਿੱਤ ਵਿੱਚ ਪੰਜਾਬ ਸਰਕਾਰ ਦੇ ਹੁਕਮਾਂ ਤਹਿਤ ਕਿਸੇ ਵੀ ਕਿਸਮ ਦੀ ਗੈਰ-ਕਾਨੂੰਨੀ, ਅਣ-ਅਧਿਕਾਰਿਤ ਅਤੇ ਗੈਰ ਮਿਆਰੀ ਕੀੜੇਮਾਰ ਦਵਾਈਆਂ ਜਾਂ ਖਾਦਾਂ ਦੀ ਵਿਕਰੀ ਜ਼ਿਲ੍ਹੇ ਅੰਦਰ ਨਹੀਂ ਹੋਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਮੂਹ ਡੀਲਰ ਧਿਆਨ ਰੱਖਣ ਕਿ ਬਿਨ੍ਹਾਂ ਅਥਾਰਟੀ ਦੇ ਕਿਸੇ ਵੀ ਕਿਸਮ ਦੀ ਦਵਾਈ ਜਾਂ ਖਾਦ ਨਾ ਵੇਚੀ ਜਾਵੇ ਅਤੇ ਆਪੋ-ਆਪਣੇ ਲਾਇਸੰਸਾਂ ਵਿੱਚ ਲੋੜੀਂਦੀ ਦਰੁਸਤੀ ਸਮੇਂ ਸਿਰ ਕਰਵਾਈ ਜਾਵੇ। ਉਨ੍ਹਾਂ ਅੱਗੇ ਕਿਹਾ ਕਿ ਕਿਸਾਨਾਂ ਨੂੰ ਉੱਚ ਮਿਆਰੀ ਖੇਤੀ ਇਨਪੁਟਸ ਦੀ ਸਪਲਾਈ ਯਕੀਣੀ ਬਣਾਉਣਾ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦਾ ਮੁੱਖ ਨਿਸ਼ਾਨਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਉਲੰਘਣਾ ਕਰਨ ਵਾਲੇ ਡੀਲਰਾਂ ਅਤੇ ਕੰਪਨੀਆਂ ਖਿਲਾਫ ਵਿਭਾਗੀ ਅਤੇ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਇਸ ਸਬੰਧੀ ਸਟਾਫ ਮੀਟਿੰਗ ਦੌਰਾਨ ਜ਼ਿਲ੍ਹੇ ਦੇ ਸਮੂਹ ਬਲਾਕ ਖੇਤੀਬਾੜੀ ਅਫਸਰ ਅਤੇ ਖੇਤੀਬਾੜੀ ਵਿਕਾਸ ਅਫਸਰਾਂ ਨੂੰ ਕੁਆਲਟੀ ਕੰਟਰੋਲ ਮੁਹਿੰਮ ਚਲਾ ਕੇ ਖਾਦਾਂ, ਦਵਾਈਆਂ ਦੀ ਵੱਧ ਤੋਂ ਵੱਧ ਸੈਂਪਲਿੰਗ ਕਰਨ ਅਤੇ ਆਪਣੇ ਅਧਿਕਾਰ ਖੇਤਰ ਵਿੱਚ ਆਉਂਦੀਆਂ ਸਾਰੀਆਂ ਦੁਕਾਨਾਂ ਦੀ ਚੈਕਿੰਗ ਕਰਕੇ ਵਿਭਾਗੀ ਕਾਨੂੰਨਾਂ/ਐਕਟਾਂ ਅਨੁਸਾਰ ਕਾਰਵਾਈ ਕਰਨ ਦੀਆਂ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ ਹਨ।

About Author

Leave A Reply

WP2Social Auto Publish Powered By : XYZScripts.com