Friday, May 9

ਪੁਲਿਸ ਕਮਿਸ਼ਨਰੇਟ ਲੁਧਿਆਣਾ ‘ਚ ਸਮੂਹ ਏ.ਟੀ.ਐਮਜ਼ ‘ਤੇ ਸੁਰੱਖਿਆ ਕਰਮਚਾਰੀ ਤਾਇਨਾਤ ਕਰਨ ਦੇ ਹੁਕਮ ਜਾਰੀ

  • ਸ਼ਾਮ 8 ਵਜੇ ਤੋਂ ਸਵੇਰੇ 6 ਵਜੇ ਤੱਕ ਇੱਕ ਸੁਰੱਖਿਆ ਕਰਮਚਾਰੀ ਤਾਇਨਾਤ ਹੋਣਾ ਲਾਜ਼ਮੀ
  • ਪੰਜਾਬ ਪੁਲਿਸ, ਪੰਜਾਬ ਹੋਮਗਾਰਡ, ਪੈਰਾਮਿਲਟਰੀ ਫੋਰਸਿਜ਼ ਅਤੇ ਆਰਮੀ ਦੀਆਂ ਵਰਦੀਆਂ ਦਾ ਸਾਜੋ-ਸਾਮਾਨ ਵੇਚਣ ਵਾਲਿਆਂ ਲਈ ਵੀ ਹਦਾਇਤਾਂ ਜਾਰੀ

ਲੁਧਿਆਣਾ, (ਸੰਜੇ ਮਿੰਕਾ) – ਸੰਯੁਕਤ ਕਮਿਸ਼ਨਰ ਪੁਲਿਸ, ਸਿਟੀ-ਕਮ-ਸਥਾਨਕ ਲੁਧਿਆਣਾ ਸੌਮਿਆ ਮਿਸ਼ਰਾ, ਆਈ.ਪੀ.ਐਸ. ਨੇ ਜਾਬਤਾ ਫੌਜਦਾਰੀ ਸੰਘਤਾ 1973 (1974 ਦਾ ਐਕਟ ਨੰ 2) ਦੀ ਧਾਰਾ 144 ਸੀ.ਆਰ.ਪੀ.ਸੀ. ਅਧੀਨ ਸੌਪੇ ਗਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਪੁਲਿਸ ਕਮਿਸ਼ਨਰੇਟ, ਲੁਧਿਆਣਾ ਦੇ ਏਰੀਏ ਅੰਦਰ ਸਥਿਤ ਸਮੂਹ ਏ.ਟੀ.ਐਮਜ਼ ‘ਤੇ ਸ਼ਾਮ 08:00 ਵਜੇ ਤੋਂ ਸਵੇਰੇ 06:00 ਵਜੇ ਤੱਕ ਘੱਟੋ ਘੱਟ ਇੱਕ ਸੁਰੱਖਿਆ ਕਰਮਚਾਰੀ ਤਾਇਨਾਤ ਕਰਨ ਦਾ ਹੁਕਮ ਦਿੱਤਾ ਹੈ, ਉਕਤ ਸਮੇਂ ਦੌਰਾਨ ਬਿਨਾਂ ਸੁਰੱਖਿਆ ਕਰਮਚਾਰੀ ਦੇ ਕੋਈ ਵੀ ਏ.ਟੀ.ਐਮ. ਨੂੰ ਚਲਾਉਣ ਦੀ ਇਜ਼ਾਜਤ ਨਹੀਂ ਦਿੱਤੀ ਜਾਵੇਗੀ। ਜਾਰੀ ਹੁਕਮਾਂ ਵਿੱਚ ਸੌਮਿਆ ਮਿਸ਼ਰਾ ਨੇ ਦੱਸਿਆ ਕਿ ਕੁਝ ਗੈਰ ਕਾਨੂੰਨੀ ਅਨਸਰਾਂ ਵੱਲੋਂ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਏ.ਟੀ.ਐਮ. ਨੂੰ ਲੁੱਟਣ ਜਾਂ ਭੰਨ ਤੋੜ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਜਿਸ ਨਾਲ ਆਮ ਜਨਤਾ ਦੇ ਮਨਾਂ ਵਿੱਚ ਸਹਿਮ ਅਤੇ ਡਰ ਦੀ ਭਾਵਨਾ ਪੈਦਾ ਹੁੰਦੀ ਹੈ। ਇਸ ਲਈ ਏ.ਟੀ.ਐਮਜ਼ ਦੀ ਲੁੱਟ ਅਤੇ ਭੰਨ ਤੋੜ ਨੂੰ ਰੋਕਣ ਲਈ ਪਬਲਿਕ ਹਿੱਤ ਵਿੱਚ ਠੋਸ ਕਦਮ ਚੁੱਕਣ ਦੀ ਜ਼ਰੂਰਤ ਹੈ ਤਾਂ ਜੋ ਪਬਲਿਕ ਵਿਚ ਵਿਸਵਾਸ਼ ਦੀ ਭਾਵਨਾਂ ਨੂੰ ਬਰਕਰਾਰ ਰੱਖਿਆ ਜਾ ਸਕੇ। ਇੱਕ ਹੋਰ ਹੁਕਮਾਂ ਵਿੱਚ, ਆਮ ਜਨਤਾ ਦੀ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਕਮਿਸ਼ਨਰੇਟ ਲੁਧਿਆਣਾ ਅੰਦਰ ਸਥਿਤ ਪੰਜਾਬ ਪੁਲਿਸ, ਪੰਜਾਬ ਹੋਮਗਾਰਡ, ਪੈਰਾਮਿਲਟਰੀ ਫੋਰਸਿਜ ਅਤੇ ਆਰਮੀ ਦੀਆਂ ਵਰਦੀਆਂ ਵੇਚਣ ਵਾਲੇ ਦੁਕਾਨਦਾਰਾਂ ਨੂੰ ਵੱਖ-ਵੱਖ ਨਿਰਦੇਸ਼ ਜਾਰੀ ਕੀਤੇ ਗਏ ਹਨ। ਸੰਯੁਕਤ ਕਮਿਸ਼ਨਰ ਪੁਲਿਸ, ਸਿਟੀ-ਕਮ-ਸਥਾਨਕ ਲੁਧਿਆਣਾ ਸੌਮਿਆ ਮਿਸ਼ਰਾ, ਆਈ.ਪੀ.ਐਸ. ਵੱਲੋਂ ਪੰਜਾਬ ਪੁਲਿਸ, ਪੰਜਾਬ ਹੋਮਗਾਰਡ, ਪੈਰਾਮਿਲਟਰੀ ਫੋਰਸਿਜ਼ ਅਤੇ ਆਰਮੀ ਦੀਆਂ ਵਰਦੀਆਂ ਦਾ ਸਾਜੋ-ਸਾਮਾਨ ਵੇਚ ਰਹੇ ਵਿਅਕਤੀਆਂ ਜਾਂ ਦੁਕਾਨਦਾਰਾਂ ਨੂੰ ਹਦਾਇਤ ਜਾਰੀ ਕਰਕੇ ਕਿਹਾ ਗਿਆ ਹੈ ਕਿ ਉਹ ਆਪਣੇ ਇਸ ਕਾਰੋਬਾਰ ਬਾਰੇ ਮੁਕੰਮਲ ਰਿਕਾਰਡ ਤਿਆਰ ਕਰਨਾ ਯਕੀਨੀ ਬਣਾਉਣ ਦੇ ਨਾਲ-ਨਾਲ ਇਸ ਸੰਬੰਧੀ ਮਹੀਨਾਵਾਰ ਰਿਪੋਰਟ ਨੇੜਲੇ ਪੁਲਿਸ ਸਟੇਸ਼ਨ ਵਿੱਚ ਦੇਣੀ ਯਕੀਨੀ ਬਣਾਉਣ।
ਉਨ੍ਹਾਂ ਹਦਾਇਤਾਂ ਜਾਰੀ ਕੀਤੀਆਂ ਹਨ ਕਿ ਜਦੋਂ ਵੀ ਕੋਈ ਵਿਅਕਤੀ ਉਨ੍ਹਾਂ (ਦੁਕਾਨਦਾਰ) ਕੋਲ ਕਿਸੇ ਕਿਸਮ ਦੀ ਵਰਦੀ ਦਾ ਸਾਜੋ-ਸਮਾਨ ਖਰੀਦ ਕਰਨ ਲਈ ਆਉਂਦਾ ਹੈ ਤਾਂ ਉਸ (ਖਰੀਦਦਾਰ) ਨੂੰ ਵੇਚੇ ਗਏ ਸਮਾਨ ਦਾ ਵੇਰਵਾ ਅਤੇ ਖਰੀਦਦਾਰ ਦਾ ਸ਼ਨਾਖ਼ਤੀ ਕਾਰਡ, ਮੋਬਾਈਲ ਨੰਬਰ ਅਤੇ ਰਿਹਾਇਸ਼ੀ ਪਤੇ ਬਾਰੇ ਇੰਦਰਾਜ ਰਜਿਸਟਰ ਵਿੱਚ ਦਰਜ਼ ਕੀਤਾ ਜਾਵੇ।
ਇਸੇ ਤਰ੍ਹਾਂ ਹਰੇਕ ਦੁਕਾਨਦਾਰ ਇੱਕ ਮਹੀਨੇ ਵਿੱਚ ਵੇਚੇ ਗਏ ਵਰਦੀ ਦੇ ਸਾਜੋ-ਸਮਾਨ ਦੀ ਰਿਪੋਰਟ ਸੰਬੰਧਤ ਪੁਲਿਸ ਸਟੇਸ਼ਨ ਨੂੰ ਭੇਜਣ ਦਾ ਵੀ ਜਿੰਮੇਵਾਰ ਹੋਵੇਗਾ। ਹਰੇਕ ਦੁਕਾਨਦਾਰ ਦੀ ਇਹ ਜਿੰਮੇਵਾਰੀ ਤੈਅ ਕੀਤੀ ਗਈ ਹੈ ਕਿ ਉਹ ਮਹੀਨਾਵਾਰ ਗੋਸ਼ਵਾਰਾ ਤਿਆਰ ਕਰਕੇ ਸਮੁੱਚਾ ਰਿਕਾਰਡ ਤਿਆਰ ਕਰੇਗਾ। ਉਨ੍ਹਾਂ ਦੱਸਿਆ ਕਿ ਕਈ ਵਾਰ ਸਮਾਜ ਵਿਰੋਧੀ ਅਨਸਰ ਪੈਰਾ ਮਿਲਟਰੀ ਫੌਰਸਿਜ਼ ਅਤੇ ਆਰਮੀ ਦੀਆਂ ਵਰਦੀਆਂ ਦਾ ਗੈਰ ਕਾਨੂੰਨੀ ਤੌਰ ‘ਤੇ ਇਸਤੇਮਾਲ ਕਰਕੇ ਕਿਸੇ ਵੀ ਅਣਸੁਖਾਵੀ ਘਟਨਾ ਨੂੰ ਅੰਜ਼ਾਮ ਦੇ ਸਕਦੇ ਹਨ। ਇਸ ਗੈਰ ਕਾਨੂੰਨੀ ਵਰਤੋਂ ਨੂੰ ਰੋਕਣ ਲਈ ਇਹ ਹੁਕਮ ਜਾਰੀ ਕੀਤੇ ਗਏ ਹਨ।
ਇਹ ਹੁਕਮ ਤੁਰੰਤ ਲਾਗੂ ਹੋਣਗੇ ਅਤੇ ਜਾਰੀ ਹੋਣ ਦੀ ਮਿਤੀ ਤੋਂ ਅਗਲੇ ਦੋ ਮਹੀਨੇ ਲਈ ਜਾਰੀ ਰਹਿਣਗੇ।

About Author

Leave A Reply

WP2Social Auto Publish Powered By : XYZScripts.com