Friday, May 9

ਵਿਧਾਇਕ ਚੌਧਰੀ ਮਦਨ ਲਾਲ ਬੱਗਾ ਵਲੋਂ ਵਾਰਡ ਨੰਬਰ 84 ‘ਚ ਆਰ.ਸੀ.ਸੀ. ਰੋਡ ਦੇ ਨਿਰਮਾਣ ਕਾਰਜ਼ਾਂ ਦੀ ਸ਼ੁਰੂਆਤ

ਲੁਧਿਆਣਾ, (ਸੰਜੇ ਮਿੰਕਾ) – ਵਿਧਾਨ ਸਭਾ ਹਲਕਾ ਲੁਧਿਆਣਾ (ਉੱਤਰੀ) ਤੋਂ ਵਿਧਾਇਕ ਚੌਧਰੀ ਮਦਨ ਲਾਲ ਬੱਗਾ ਵੱਲੋਂ ਸਥਾਨਕ ਵਾਰਡ ਨੰਬਰ 84 ਅਧੀਨ ਮੰਨਾ ਸਿੰਘ ਨਗਰ, ਸਰਵਿਸ ਲੇਨ ਵਿਖੇ ਆਰ.ਸੀ.ਸੀ. ਰੋਡ ਦੇ ਨਿਰਮਾਣ ਕਾਰਜ਼ਾਂ ਦੀ ਸ਼ੁਰੂਆਤ ਕਰਵਾਈ ਗਈ। ਇਸ ਮੌਕੇ ਹਲਕਾ ਨਿਵਾਸੀਆਂ ਵੱਲੋਂ ਆਪਣੇ ਹਰਮਨ ਪਿਆਰੇ ਵਿਧਾਇਕ ਚੌਧਰੀ ਮਦਨ ਲਾਲ ਬੱਗਾ ਦਾ ਜ਼ੋਰਦਾਰ ਸਵਾਗਤ ਵੀ ਕੀਤਾ ਗਿਆ। ਵਿਧਾਇਕ ਬੱਗਾ ਵਲੋਂ ਇਸ ਮੌਕੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਇਹ ਇਲਾਕਾ ਨਿਵਾਸੀਆਂ ਦੀ ਚਿਰੌਕਣੀ ਮੰਗ ਸੀ ਜਿਸਨੂੰ ਬੂਰ ਪਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਸੂਬੇ ਵਿੱਚ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਭ ਤੋਂ ਵੱਡੀ ਤਰਜ਼ੀਹ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਅਤੇ ਸਾਫ ਸੁਥਰਾ ਵਾਤਾਵਰਣ ਮੁਹੱਈਆ ਕਰਵਾਉਣਾ ਹੈ। ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ ਕਰਦਿਆਂ ਕਿਹਾ ਕਿ ਸੜ੍ਹਕ ਦੇ ਨਿਰਮਾਣ ਕਾਰਜ਼ਾਂ ਨੂੰ ਤੈਅ ਸਮੇਂ ਵਿੱਚ ਮੁਕੰਮਲ ਕੀਤਾ ਜਾਵੇ ਤਾਂ ਜੋ ਵਸਨੀਕਾਂ ਨੂੰ ਇਸਦਾ ਲਾਭ ਮਿਲ ਸਕੇ। ਉਨ੍ਹਾਂ ਕਿਹਾ ਕਿ ਸੜ੍ਹਕ ਨਿਰਮਾਣ ਕਾਰਜ਼ਾਂ ਵਿੱਚ ਵਰਤੇ ਜਾਣ ਵਾਲੇ ਮਟੀਰੀਅਲ ਦੀ ਗੁਣਵੱਤਾ ਨਾਲ ਕਿਸੇ ਵੀ ਤਰ੍ਹਾਂ ਦਾ ਸਮਝੋਤਾ ਨਹੀਂ ਕੀਤਾ ਜਾਵੇਗਾ ਅਤੇ ਕੋਤਾਹੀ ਕਰਨ ਵਾਲਿਆਂ ਨਾਲ ਕਰੜੇ ਹੱਥੀਂ ਨਜਿੱਠਿਆ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਾ ਉਦੇਸ਼ ਸੂਬੇ ਦੇ ਲੋਕਾਂ ਨੂੰ ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸ਼ਨ ਦੇਣਾ ਹੈ, ਇਸ ਲਈ ਜੇਕਰ ਕੋਈ ਅਧਿਕਾਰੀ ਜਾਂ ਕਰਮਚਾਰੀ ਭ੍ਰਿਸ਼ਟਾਚਾਰ ਕਰਦਾ ਫੜਿਆ ਜਾਂਦਾ ਹੈ ਤਾਂ ਉਸ ਨੂੰ ਕਿਸੇ ਵੀ ਹੀਲੇ ਬਖ਼ਸਿਆ ਨਹੀਂ ਜਾਵੇਗਾ। ਇਸ ਮੌਕੇ ਐਕਸੀਅਨ ਅਰਵਿੰਦ ਅਗਰਵਾਲ, ਐਕਸੀਅਨ ਪ੍ਰਦੀਪ, ਗੁਰਿੰਦਰ ਸਿੰਘ ਜੌਲੀ ਪ੍ਰਧਾਨ, ਰਾਜ ਮਿਦਾਸ, ਰਾਜੂ ਚਾਵਲਾ, ਅਸ਼ੀਸ਼ ਖਰਬੰਦਾ, ਛੋਟੂ ਢੀਂਗਰਾ, ਸ਼ੇਰਾ ਬੇਦੀ, ਬੰਟੀ, ਰੂਬਲ ਗੁਜਰਾਲ, ਹੈਪੀ ਬੇਦੀ, ਰਾਜੂ ਅਨੇਜਾ, ਡਾ: ਸਾਹਿਬ, ਤਰਲੋਚਨ ਮਨੋਚਾ, ਸੋਨੂੰ ਗਾਂਧੀ, ਦਰਸ਼ਨ ਸਿੰਘ, ਰਾਜੂ ਮਲਿਕ ਤੇ ਹੋਰ ਹਾਜ਼ਰ ਸਨ।

About Author

Leave A Reply

WP2Social Auto Publish Powered By : XYZScripts.com