Sunday, May 11

ਹੈਪੀ ਸੀਡਰ ਨਾਲ ਕਣਕ ਦੀ ਬਿਜਾਈ ਕਰਨ ਵਿੱਚ ਮੋਹਰੀ ਕਿਸਾਨ ਕੁਲਵਿੰਦਰ ਸਿੰਘ ਪਿੰਡ ਢਿੱਲਵਾਂ

  • ਘਾਤਕ ਸਿੱਟਿਆਂ ਤੋਂ ਜਾਣੂ ਹੋਣ ਕਰਕੇ ਆਪਣੇ ਖੇਤਾਂ ਦੀ ਪਰਾਲੀ ਨੂੰ ਨਾ ਸਾੜਨ ਦਾ ਪ੍ਰਣ ਲਿਆ

ਲੁਧਿਆਣਾ, (ਸੰਜੇ ਮਿੰਕਾ) – ਪੰਜਾਬ ਸਰਕਾਰ ਵਲੋ ਝੋਨੇ ਦੇ ਨਾੜ ਦੇ ਸਹੀ ਪ੍ਰਬੰਧਨ ਲਈ ਸਰਦਾਰ ਭਗਵੰਤ  ਮਾਨ ਮੁੱਖ ਮੰਤਰੀ ਪੰਜਾਬ ਜੀ ਦੇ ਦਿਸ਼ਾ ਨਿਰਦੇਸ਼ ਅਤੇ ਸ ਕੁਲਦੀਪ ਸਿੰਘ ਧਾਲੀਵਾਲ ਖੇਤੀਬਾੜੀ ਮੰਤਰੀ ਪੰਜਾਬ ਜੀ ਦੀ ਯੋਗ ਅਗਵਾਈ ਹੇਠ ਅਹਿਮ ਕਦਮ ਚੁਕੇ ਜਾ ਰਹੇ ਹਨ| ਖੇਤੀਬਾੜੀ ਮੰਤਰੀ ਜੀ ਵਲੋ ਸੂਬੇ ਦੇ ਕਿਸਾਨ ਵੀਰਾਂ ਨੂੰ ਝੋਨੇ ਦੇ ਨਾੜ ਨੂੰ ਅੱਗ ਨਾ ਲਗਾਉਣ ਅਤੇ ਖੇਤ ਵਿੱਚ ਹੀ ਵਹਾਉਣ ਦੀ ਅਪੀਲ ਕੀਤੀ|ਝੋਨੇ ਦੇ ਨਾੜ ਨੂੰ ਨਾ ਸਾੜਨ ਲਈ ਚਲਾਈ ਗਈ ਇਸ ਮੁਹਿੰਮ ਦੇ ਤਹਿਤ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋ ਪਿੰਡ ਪੱਧਰ ਤੇ ਕਿਸਾਨ ਸਿਖਲਾਈ ਕੈੰਪ ਲਗਾਏ ਗਏ| ਜਾਗਰੂਕਤਾ ਵੈਨਾਂ ਰਾਹੀਂ ਹਰ ਇਕ ਪਿੰਡ ਦੇ ਕਿਸਾਨਾਂ ਨੂੰ ਝੋਨੇ ਦੇ ਨਾੜ ਨੂੰ ਅੱਗ ਲਗਾ ਕਿ ਹੋਣ ਵਾਲੇ ਨੁਕਸਾਨ ਤੋ ਜਾਣੂ ਕਰਵਾਈਆਂ ਜਾ ਰਿਹਾ ਹੈ| ਇਸੇ ਮੁਹਿੰਮ ਤਹਿਤ ਅੱਜ ਸਨਦੀਪ ਸਿੰਘ ਖੇਤੀਬਾੜੀ ਵਿਕਾਸ ਅਫਸਰ ਸਮਰਾਲਾ ਨੇ ਬਲਾਕ ਸਮਰਾਲਾ ਦੇ ਅਗਾਹਵਧੂ ਸੋਚ ਰੱਖਣ ਵਾਲੇ ਕਿਸਾਨ ਵੀਰ ਦੀ ਕਹਾਣੀ ਦੱਸਦਿਆ ਕਿਹਾ ਕਿ ਕੁਲਵਿੰਦਰ ਸਿੰਘ ਬਲਾਕ ਸਮਰਾਲਾ ਦੇ ਪਿੰਡ ਢਿੱਲਵਾਂ ਦਾ ਉਹ ਅਗਾਂਹਵਧੂ ਕਿਸਾਨ ਹੈ ਜਿਸ ਨੇ ਖੁਦ ਹੈਪੀ ਸੀਡਰ ਨੂੰ ਅਪਣਾਇਆ ਅਤੇ ਇਸਦਾ ਪਸਾਰ ਬਾਕੀ ਕਿਸਾਨਾਂ ਵਿੱਚ ਵੀ ਕੀਤਾ। ਇਹ ਨੌਜਵਾਨ ਕਿਸਾਨ ਪੰਜਾਬ ਵਿੱਚ ਆਪਣੀ ਖੇਤੀ ਨੂੰ ਵਿਗਿਆਨਕ ਲੀਹਾਂ ਤੇ ਤੋਰ ਰਿਹਾ ਹੈ। ਕੁਲਵਿੰਦਰ ਸਿੰਘ ਦਾ ਮੰਨਣਾ ਹੈ ਕਿ ਖੇਤੀ ਇਕ ਪੇਸ਼ੇਵਰ ਕਿੱਤੇ ਵਜੋਂ ਕੀਤੀ ਜਾਣੀ ਚਾਹੀਦੀ ਹੈ, ਇਸ ਦਾ ਸਾਰਾ ਲੇਖਾ ਜੋਖਾ ਰੱਖਣਾ ਜਰੂਰੀ ਹੈ ਅਤੇ ਜਦੋਂ ਅਸੀਂ ਰਵਾਇਤੀ ਖੇਤੀ ਨੂੰ ਵਿਗਿਆਨਿਕ ਤਰੀਕੇ ਵੱਲ ਤੋਰਾਂਗੇ ਤਾਂ ਸਫ਼ਲਤਾ ਜਰੂਰ ਮਿਲੇਗੀ। ਸਨਦੀਪ ਸਿੰਘ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਲਗਾਤਾਰ ਨਿਵੇਕਲੇ ਯਤਨਾਂ ਦੇ ਨਾਲ ਖੇਤੀ ਦੀ ਦਸ਼ਾ ਬਦਲੀ ਜਾ ਸਕਦੀ ਹੈ। ਉਸਨੇ ਅੱਗੇ ਕਿਹਾ ਕਿ ਪਰਾਲੀ ਦੀ ਸਾਂਭ-ਸੰਭਾਲ ਭ਼ਖਦਾ ਮੁੱਦਾ ਹੈ, ਜਿੱਥੇ ਝੋਨੇ ਦੀਆਂ ਨਵੀਆਂ ਕਿਸਮਾਂ ਨੇ ਝੋਨੇ ਦਾ ਝਾੜ ਵਧਾਇਆ ਹੈ ਉਥੇ ਨਾਲ ਹੀ ਪਰਾਲੀ ਦੀ ਮਾਤਰਾ ਵੀ ਜ਼ਿਆਦਾ ਹੁੰਦੀ ਹੈ। ਕਿਸਾਨ ਪਰਾਲੀ ਨੂੰ ਖੇਤ ਵਿੱਚ ਸਾੜਨ ਨੂੰ ਸੁਖਾਲਾ ਸਮਝਦੇ ਹਨ ਪਰ ਕੁਲਵਿੰਦਰ ਸਿੰਘ ਨੇ ਉਸ ਦੇ ਘਾਤਕ ਸਿੱਟਿਆਂ ਤੋਂ ਜਾਣੂ ਹੋਣ ਕਰਕੇ ਆਪਣੇ ਖੇਤਾਂ ਦੀ ਪਰਾਲੀ ਨੂੰ ਨਾ ਸਾੜਨ ਦਾ ਪ੍ਰਣ ਲਿਆ।
ਨੌਜਵਾਨ ਕਿਸਾਨ ਵੱਲੋਂ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਸੁਝਾਅ ਤੇ ਹੈਪੀ ਸੀਡਰ ਨਾਲ ਕਣਕ ਦੀ ਬਿਜਾਈ ਕੀਤੀ, ਪਹਿਲੇ ਸਾਲ ਕੁੱਝ ਔਕੜਾਂ ਦਾ ਸਾਹਮਣਾ ਵੀ ਕਰਨਾ ਪਿਆ।  ਉਹਨਾਂ ਦੱਸਿਆ ਕਿ ਹੈਪੀ ਸੀਡਰ ਦੀ ਕੰਮ ਕਰਨ ਦੀ ਸਮਰੱਥਾ 4 ਤੋਂ 9 ਏਕੜ ਪ੍ਰਤੀ ਦਿਨ ਅਤੇ ਡੀਜ਼ਲ ਖਪਤ 6 ਤੋਂ 9 ਲੀਟਰ ਪ੍ਰਤੀ ਏਕੜ ਰਹਿੰਦੀ ਹੈ। ਕਿਸਾਨ ਨੇ ਅੱਗੇ ਆਪਣੇ ਤਜਰਬੇ ਸਾਂਝੇ ਕਰਦਿਆਂ ਦੱਸਿਆ ਕਿ ਨਦੀਨਾਂ ਦੀ ਸਮੱਸਿਆ ਵੀ ਹੈਪੀ ਸੀਡਰ ਵਾਲੇ ਖੇਤਾਂ ਵਿੱਚ ਘਟਦੀ ਹੈ, ਜਿਸ ਨਾਲ ਨਦੀਨ ਨਾਸ਼ਕ ਦਾ ਖਰਚਾ ਵੀ ਘਟਦਾ ਹੈ। ਟਰੈਕਟਰ ਨੂੰ ਪਹਿਲੇ ਲੋਅ ਗੇਅਰ ਵਿੱਚ ਚਲਾਇਆ ਜਾਂਦਾ ਹੈ ਅਤੇ ਹੈਪੀ ਸੀਡਰ ਚਲਾਉਂਣ ਤੋਂ ਪਹਿਲਾ ਇੰਜਣ ਦੇ ਚੱਕਰ 1600 ਤੋਂ 1700 ਵਿਚਕਾਰ ਸੈੱਟ ਕਰ ਲੈਣੇ ਚਾਹੀਦੇ ਹਨ। ਵੱਖ ਵੱਖ ਫਾਇਦੇ ਹੋਣ ਕਰਕੇ ਕੁਲਵਿੰਦਰ ਸਿੰਘ ਹੈਪੀ ਸੀਡਰ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਹੈ, ਉਸਦਾ ਕਹਿਣਾ ਹੈ ਕਿ ਕੁਤਰਿਆ ਹੋਇਆ ਪਰਾਲ ਮਲਚ ਦੇ ਤੌਰ ਤੇ ਕੰਮ ਕਰਦਾ ਹੈ ਜਿਸ ਕਰਕੇ ਮਿੱਟੀ ਵੀ ਪਾਣੀ ਨੂੰ ਵੱਧ ਸਮੇ ਤੱਕ ਸੰਭਾਲ ਕੇ ਰੱਖਦੀ ਹੈ ਅਤੇ ਪਾਣੀ ਦੀ ਵੀ ਬੱਚਤ ਹੁੰਦੀ ਹੈ। ਖੇਤੀਬਾੜੀ ਵਿਭਾਗ ਅਨੁਸਾਰ ਇਸ ਤਕਨੀਕ ਨਾਲ ਮਿੱਟੀ ਦੀ ਸਿਹਤ ਵਿੱਚ ਸੁਧਾਰ ਹੁੰਦਾ ਹੈ ਅਤੇ ਮਿੱਟੀ ਦਾ ਜੈਵਿਕ ਮਾਦਾ ਵੀ ਵੱਧਦਾ ਹੈ ਅਤੇ ਮਿੱਟੀ ਦੇ ਹੋਰ ਖ਼ੁਰਾਕੀ ਅਤੇ ਲਾਭਦਾਇਕ ਸੂਖਮ ਜੀਵਾਣੂ ਨਸ਼ਟ ਵੀ ਨਹੀ ਹੁੰਦੇ।  ਹੈਪੀ ਸੀਡਰ ਨਾਲ ਕਣਕ ਦੀ ਬਿਜਾਈ ਕਰਨ ਲਈ ਹੋਰ ਕਿਸਾਨ ਵੀਰਾਂ ਨੂੰ ਸਮੇ-ਸਮੇ ਤੇ ਪ੍ਰੇਰਿਤ ਕਰਦੇ ਹਨ। ਕੁਲਵਿੰਦਰ ਸਿੰਘ ਸਿੰਘ ਵੱਲੋਂ 2018 ਵਿੱਚ ਇਕ ਏਕੜ ਰਕਬੇ ਹੇਠ ਹੈਪੀ ਸੀਡਰ ਨਾਲ ਕਣਕ ਦੀ ਬਿਜਾਈ ਕੀਤੀ ਗਈ ਸੀ ਅਤੇ 2021 ਤੱਕ ਇਹ ਰਕਬਾ ਵੱਧ ਕੇ 11 ਏਕੜ ਹੋ ਗਿਆ। ਨੌਜਵਾਨ ਕਿਸਾਨ ਨੇ ਨਾ ਸਿਰਫ ਵਾਤਾਵਰਣ ਪ੍ਰਦੂਸ਼ਿਤ ਹੋਣ ਤੋਂ ਬਚਾਇਆ, ਬਲਕਿ ਕਿਸਾਨ ਵੀਰਾਂ ਨੂੰ ਹੈਪੀ ਤਕਨੀਕ ਬਾਰੇ ਪ੍ਰੇਰਿਤ ਕਰਕੇ ਇਕ ਚੰਗੇ ਨਾਗਰਿਕ ਅਤੇ ਵਾਤਾਵਰਨ ਪ੍ਰੇਮੀ ਦੀ ਭੂਮਿਕਾ ਵੀ ਨਿਭਾਈ ਹੈ।

About Author

Leave A Reply

WP2Social Auto Publish Powered By : XYZScripts.com