- ਹਲਕਾ ਪੂਰਬੀ ਦੇ ਵਸਨੀਕਾਂ ਦੀ ਚਿਰੋਕਣੀ ਮੰਗ ਪੂਰੀ ਹੋਣ ਨਾਲ ਆਵਾਜਾਈ ਵੀ ਹੋਵੇਗੀ ਸੁਖਾਵੀਂ – ਵਿਧਾਇਕ ਭੋਲਾ ਗਰੇਵਾਲ
- ਫਲਾਈ ਓਵਰ ਦੇ ਚੱਲ ਰਹੇ ਨਿਰਮਾਣ ਕਾਰਜਾਂ ਦਾ ਲਿਆ ਜਾਇਜ਼ਾ
ਲੁਧਿਆਣਾ, (ਸੰਜੇ ਮਿੰਕਾ) – ਵਿਧਾਨ ਸਭਾ ਹਲਕਾ ਪੂਰਬੀ ਦੇ ਵਿਧਾਇਕ ਸ. ਦਲਜੀਤ ਸਿੰਘ ਭੋਲਾ ਗਰੇਵਾਲ ਨੇ ਤਾਜਪੁਰ ਰੋਡ ਅਤੇ ਟਿੱਬਾ ਰੋਡ ਨੂੰ ਵਾਹਨਾਂ ਦੀ ਆਵਾਜਾਈ ਲਈ ਬਣਾਏ ਜਾਣ ਵਾਲੇ ਫਲਾਈ ਓਵਰ ਦੇ ਚੱਲ ਰਹੇ ਕਾਰਜਾਂ ਦਾ ਜਾਇਜ਼ਾ ਲਿਆ। ਇਹ ਫਲਾਈ ਓਵਰ ਨੈਸ਼ਨਲ ਅਥਾਰਟੀ ਆਫ ਇੰਡੀਆ (ਐਨ.ਐਚ.ਏ.ਆਈ.) ਵੱਲੋਂ ਉਸਾਰਿਆ ਜਾ ਰਿਹਾ ਹੈ। ਇਸ ਮੌਕੇ ਵਿਧਾਇਕ ਭੋਲਾ ਗਰੇਵਾਲ ਦੇ ਨਾਲ ਐਨ.ਐਚ.ਏ.ਆਈ. ਤੋਂ ਏ.ਐਸ.ਸੀ. ਪੰਜਾਬ ਸ੍ਰੀ ਪੁਲਕਤ ਮਾਕਨ ਅਤੇ ਪ੍ਰੋਜੈਕਟ ਮੈਨੇਜਰ ਸ੍ਰੀ ਸਰਵੇਸ਼ ਗਰਗ ਵੀ ਮੌਜੂਦ ਸਨ ਜਿਨ੍ਹਾਂ ਨਾਲ ਚੱਲ ਰਹੇ ਪ੍ਰੋਜੈਕਟਾਂ ਬਾਰੇ ਵਿਚਾਰ ਵਟਾਂਦਰੇ ਵੀ ਕੀਤੇ। ਵਿਧਾਇਕ ਭੋਲਾ ਗਰੇਵਾਲ ਨੇ ਕਿਹਾ ਇਸ ਪੁਲ ਦੇ ਨਿਰਮਾਣ ਲਈ ਉਹ ਸਾਲ 2011 ਤੋਂ ਲਗਾਤਾਰ ਯਤਨਸ਼ੀਲ ਸਨ ਅਤੇ ਹੁਣ ਹਲਕਾ ਪੂਰਬੀ ਦੇ ਵਸਨੀਕਾਂ ਦੀ ਚਿਰੋਕਣੀ ਮੰਗ ਨੂੰ ਬੂਰ ਪੈਣ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਅਗਲੇ ਮਹੀਨੇ 15 ਨਵੰਬਰ ਤੱਕ ਇਹ ਪੁਲ ਪੂਰੀ ਤਰ੍ਹਾਂ ਬਣ ਕੇ ਤਿਆਰ ਹੋ ਜਾਵੇਗਾ ਅਤੇ ਹਲਕੇ ਦੇ ਵਸਨੀਕਾਂ ਦੀ ਆਵਾਜਾਈ ਲਈ ਸਮਰਪਿਤ ਕਰ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਫਲਾਈ ਓਵਰ ਪ੍ਰੋਜੈਕਟ ਵਿੱਚ ਤਾਜਪੁਰ ਰੋਡ ਅਤੇ ਟਿੱਬਾ ਰੋਡ ਵੱਲ ਜਾਣ ਲਈ 30-30 ਮੀਟਰ ਦੇ ਪੰਜ ਸਪੈਨ ਬਣਾਏ ਜਾ ਰਹੇ ਹਨ ਅਤੇ ਨੈਸ਼ਨਲ ਹਾਈਵੇ ਰੋਡ ਦੇ ਦੋਨੋਂ ਪਾਸੇ ਸਰਵਿਸ ਰੋਡ ਦੀ ਚੌੜਾਈ ਵਿੱਚ ਵੀ ਵਾਧਾ ਕੀਤਾ ਜਾ ਰਿਹਾ ਹੈ। ਇਸ ਫਲਾਈ ਓਵਰ ਦੀ ਲੰਬਾਈ ਲੱਗਭਗ 500 ਮੀਟਰ ਹੋਵੇਗੀ ਅਤੇ ਫਲਾਈ ਓਵਰ ਦੇ ਦੋਨੋ ਪਾਸੇ ਨਵੀ ਡਰੇਨ ਦਾ ਨਿਰਮਾਣ ਵੀ ਕੀਤਾ ਜਾ ਰਿਹਾ ਹੈ। ਵਿਧਾਇਕ ਭੋਲਾ ਨੇ ਦੱਸਿਆ ਕਿ ਹਲਕਾ ਪੂਰਬੀ ਦੇ ਵਸਨੀਕ ਆਪਣੇ ਆਪ ਨੂੰ ਲੁਧਿਆਣਾ ਸ਼ਹਿਰ ਨਾਲੋ ਕੱਟਿਆ ਹੋਇਆ ਮਹਿਸੂਸ ਕਰਦੇ ਸਨ, ਪਰ ਹੁਣ 15 ਨਵੰਬਰ ਤੋਂ ਬਾਅਦ ਇਸ ਪੁਲ ਦੇ ਸ਼ੁਰੂ ਹੋਣ ਨਾਲ ਜਿੱਥੇ ਹਲਕੇ ਦੇ ਲੋਕਾਂ ਲਈ ਆਵਾਜਾਈ ਸੁਖਾਵੀਂ ਹੋ ਜਾਵੇਗੀ ਉੱਥੇ ਹੀ ਲੰਬੇ ਟ੍ਰੈਫਿਕ ਜਾਮ ਤੋਂ ਵੀ ਨਿਜਾਤ ਮਿਲੇਗੀ ਜਿਸ ਤਹਿਤ ਤੇਲ ਦੀ ਬੱਚਤ ਹੋਵੇਗੀ, ਪ੍ਰਦੂਸ਼ਣ ਘਟੇਗਾ ਅਤੇ ਲੋਕਾਂ ਦੇ ਕੀਮਤੀ ਸਮੇਂ ਦੀ ਬੱਚਤ ਵੀ ਹੋਵੇਗੀ। ਵਿਧਾਇਕ ਸ. ਦਲਜੀਤ ਸਿੰੰਘ ਭੋਲਾ ਗਰੇਵਾਲ ਨੇ ਕਿਹਾ ਕਿ ਉਹ ਮਾਣਯੋਗ ਮੁੱਖ ਮੰਤਰੀ ਪੰਜਾਬ ਸ. ਭਗਵੰਤ ਮਾਨ ਦੇ ਸੁਪਨਿਆਂ ਵਾਲਾ ਰੰਗਲਾ ਪੰਜਾਬ ਸਿਰਜਣ ਲਈ ਯਤਨਸ਼ੀਲ ਹਨ ਜਿੱਥੇ ਪੰਜਾਬ ਸੂਬੇ ਦੇ ਲੋਕਾਂ ਵੱਲੋਂ ਟੈਕਸ ਦੇ ਰੂਪ ਵਿੱਚ ਪਾਏ ਵਡਮੁੱਲੇ ਯੋਗਦਾਨ ਰਾਹੀਂ ਆਮ ਆਦਮੀ ਕਲੀਨਿਕ, ਚੰਗੇ ਸਕੂਲ ਖੋਲ੍ਹੇ ਜਾਣਗੇ ਅਤੇ ਵਸਨੀਕਾਂ ਨੂੰ ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸ਼ਨ, ਨਸ਼ਾ ਮੁਕਤ ਤੇ ਭੈਅ ਮੁਕਤ ਮਾਹੌਲ ਪ੍ਰਦਾਨ ਕੀਤਾ ਜਾਵੇਗਾ।