Friday, May 9

ਪੰਜਾਬੀ ਲੋਕ ਵਿਰਾਸਤ ਅਕਾਡਮੀ ਵੱਲੋਂ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਸਹਿਯੋਗ ਨਾਲ ਪੰਜਾਬੀ ਭਵਨ ਲੁਧਿਆਣਾ ਵਿਖੇ

  • ਬਹੁ ਵਿਧਾਈ ਲੇਖਕ ਇੰਜਃ ਡੀ ਐੱਮ ਸਿੰਘ ਦਾ ਨਾਵਲ ਲਿਫ਼ਾਫ਼ਾ ਲੋਕ ਅਰਪਨ ਕੀਤਾ ਗਿਆ

ਲੁਧਿਆਣਾ, (ਸੰਜੇ ਮਿੰਕਾ)- ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਵੱਲੋਂ ਇਸ ਇਕੱਤਰਤਾ  ਵਿੱਚ ਪੰਜਾਬੀ ਸਾਹਿੱਤ ਅਕਾਡਮੀ ਦੇ ਪ੍ਰਧਾਨ ਡਾਃ ਲਖਵਿੰਦਰ ਸਿੰਘ ਜੌਹਲ, ਜਨ ਸਕੱਤਰ ਡਾਃ ਗੁਰਇਕਬਾਲ ਸਿੰਘ,ਪ੍ਰੋਃ.ਗੁਰਭਜਨ ਸਿੰਘ ਗਿੱਲ , ਹਰਵਿੰਦਰ ਚੰਡੀਗੜ੍ਹ,ਗੁਰਚਰਨ ਕੌਰ ਕੋਚਰ, ਕੇ ਸਾਧੂ ਸਿੰਘ ਤੇ ਅਮਰਜੀਤ ਸ਼ੇਰਪੁਰੀ ਨੇ ਇਸ ਨਾਵਲ ਨੂੰ ਪਾਠਕਾਂ ਲਈ ਲੋਕ ਅਰਪਨ ਕੀਤਾ। ਇਸ ਮੌਕੇ ਆਪਣੇ ਸੰਬੋਧਨ ਵਿੱਚ ਡਾਃ ਲਖਵਿੰਦਰ ਸਿੰਘ ਜੌਹਲ ਨੇ ਕਿਹਾ ਕਿ ਬਹੁਕੌਮੀ ਕੰਪਨੀਆਂ ਵੱਲੋਂ ਸਿਹਤ ਸੈਕਟਰ ਵਿੱਚ ਮਚਾਏ ਲੁੱਟ ਤੰਤਰ ਦੇ ਖਿਲਾਫ਼ ਇਹ ਪਹਿਲੀ ਸੁਚੇਤ ਰਚਨਾ ਹੈ ਜਿਸ ਦਾ ਸੁਆਗਤ ਕਰਨਾ ਬਣਦਾ ਹੈ। ਉਨ੍ਹਾਂ ਕਿਹਾ ਕਿ ਅਸੀਂ ਸਭ ਇਸ ਲੁੱਟ ਦਾ ਸ਼ਿਕਾਰ ਹਾਂ ਪਰ ਬੋਲਦੇ ਨਹੀਂ ਇਸੇ ਕਰਕੇ ਸਿਹਤ ਸੇਵਾਵਾਂ ਦੇ ਨਾਮ ਤੇ ਮਹਿੰਗੇ ਹਸਪਤਾਲਾਂ ਦਾ ਮੱਕੜਜਾਲ ਫ਼ੈਲ ਰਿਹਾ ਹੈ ਅਤੇ ਸਰਕਾਰੀ ਸਿਹਤ ਸੇਵਾਵਾਂ ਲਈ ਸਾਧਨ ਸੁੰਗੜ ਰਹੇ ਹਨ। ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋਃ ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਕਾਰਪੋਰੇਟ ਜ਼ਿਮੇਵਾਰੀ  ਐਕਟ ਅਧੀਨ ਵੱਖ ਵੱਖ ਕਾਰੋਬਾਰੀਆਂ ਨੇ ਕੁਝ ਰਕਮ ਸਮਾਜ ਸੇਵਾ. ਸਿਹਤ ਤੇ ਸਿੱਖਿਆ ਅਦਾਰਿਆਂ ਲਈ ਰਾਖਵੀਂ ਕਰਨੀ ਸੀ ਪਰ ਉਨ੍ਹਾਂ ਕਾਰਪੋਰੇਟ ਘਰਾਣਿਆਂ ਨੇ ਬਾਹਰ ਦਾਨ ਦੇਣ ਦੀ ਥਾਂ ਇਨ੍ਹਾਂ ਖੇਤਰਾਂ ਵਿੱਚ ਵੀ ਅਦਾਰੇ ਸਥਾਪਤ ਕਰਕੇ ਆਪਣਾ ਸਾਮਰਾਜ ਹੋਰ ਵਧਾ ਲਿਆ ਹੈ। ਕੇਂਦਰੀ ਤੇ ਸੂਬਾਈ ਸਰਕਾਰਾਂ ਦੀ ਚੌਕਸੀ ਵੱਲੋਂ ਅਣਹੋਂਦ ਕਾਰਨ ਹੁਣ ਆਮ ਲੋਕ ਹੋਰ ਵੱਧ ਲੁੱਟੇ ਜਾ ਰਹੇ ਹਨ। ਇੰਜ ਡੀ ਐੱਮ ਸਿੰਘ ਦਾ ਨਾਵਲ ਲਿਫ਼ਾਫ਼ਾ ਸਰਵੇਖਣ ਤੇ ਵਿਸ਼ਲੇਸ਼ਣ ਮੂਲਕ ਗਲਪ ਰਚਨਾ ਹੋਣ ਕਾਰਨ ਪਾਠਕਾਂ ਲਈ ਦਿਲਚਸਪੀ ਦਾ ਆਧਾਰ ਬਣੇਗੀ। ਇਸ ਨਾਵਲ ਨੂੰ ਨਵਰੰਗ ਪਬਲੀਕੇਸ਼ਨਜ਼ ਸਮਾਣਾ ਨੇ ਪ੍ਰਕਾਸ਼ਿਤ ਕੀਤਾ ਹੈ। ਪੰਜਾਬੀ ਸਾਹਿੱਤ ਅਕਾਡਮੀ ਦੇ ਜਨਰਲ ਸਕੱਤਰ ਡਾਃ ਗੁਰਇਕਬਾਲ ਸਿੰਘ ਨੇ ਕਿਹਾ ਕਿ ਇੰਜ ਡੀ ਐੱਮ ਸਿੰਘ ਦੀ ਬਾਰੀਕ ਸੋਚ ਨੇ ਸਿਹਤ ਸੇਵਾਵਾਂ ਲਈ ਕਾਰਪੋਰੇਟੀ ਤੰਦੂਆ ਜਾਲ ਨੂੰ ਪਛਾਣ ਕੇ ਪਹਿਲਕਦਮੀ ਕੀਤੀ ਹੈ।ਰਵਿੰਦਰ ਚੰਡੀਗੜ੍ਹ  ਨੇ ਵੀ ਇਸ ਨਾਵਲ ਦੇ ਸਮਕਾਲੀ ਸੱਚ  ਨੂੰ ਭਵਿੱਖ ਲਈ ਸੁਚੇਤ ਕਰਨ ਵਾਲਾ ਗਲਪ ਦਸਤਾਵੇਜ਼ ਕਿਹਾ। ਅਕਾਲ ਡਿਗਰੀ ਕਾਲਿਜ ਮਸਤੂਆਣਾ ਵਿੱਚ ਪੰਜਾਬੀ ਵਿਭਾਗ ਦੇ ਸਾਬਕਾ ਮੁਖੀ ਡਾਃ ਚਰਨਜੀਤ ਸਿੰਘ ਉਡਾਰੀ ਵੱਲੋਂ ਇਸ ਨਾਵਲ ਬਾਰੇ ਲਿਖੇ ਖੋਜ ਪੱਤਰ ਨੂੰ ਗੁਰਚਰਨ ਕੌਰ ਕੋਚਰ ਜੀ ਨੇ ਪੇਸ਼ ਕੀਤਾ। ਇੰਜਃ ਡੀ ਐੱਮ ਸਿੰਘ ਨੇ ਇਸ ਨਾਵਲ ਦੀ ਰਚਨਾ ਦੇ ਮਨੋਰਥ ਬਾਰੇ ਦੱਸਿਆ ਕਿ ਇਹ ਨਾਵਲ ਕਾਰਪੋਰੇਟ ਘਰਾਣਿਆਂ ਵੱਲੋਂ ਚਲਾਏ ਜਾ ਰਹੇ ਕਮਿਸ਼ਨਬਾਜ਼ੀ ਦੇ ਲੁੱਟ ਤੰਤਰ ਨੂੰ ਬੇਪਰਦ ਕਰਦਾ ਹੈ। ਇਸ ਨਾਲ ਜੁੜੇ ਡਰੱਗ ਮਾਫ਼ੀਆ ਤੇ ਭ੍ਰਿਸ਼ਟ ਪੁਲੀਸ ਨਿਜ਼ਾਮ ਨੂੰ ਵੀ ਕੇਂਦਰ ਵਿੱਚ ਰੱਖਿਆ ਗਿਆ ਹੈ। ਨਾਵਲ ਇਸ ਗੱਲ ਤੇ ਪੱਕੀ ਮੋਹਰ ਲਾਉਂਦਾ ਹੈ ਕਿ ਸਭ ਕੁਝ ਵਪਾਰਕ ਬਿਰਤੀ ਅਧੀਨ ਗੁਆਚਣ ਦੇ ਬਾਵਜੂਦ ਦੋਸਤੀ ਹੀ ਅਜ਼ੀਮ ਰਿਸ਼ਤਾ ਬਚਦਾ ਹੈ ਜੋ ਸੰਗੀਨ ਹਾਲਾਤ ਵਿੱਚ ਵੀ ਵੱਡਾ ਸਹਾਰਾ ਬਣਦੀ ਹੈ। ਲੋਕ ਅਰਪਨ ਸਮਾਗਮ ਉਪਰੰਤ  ਇੰਜ ਡੀ ਐੱਮ ਸਿੰਘ ਜੀ ਨੇ ਜੀ ਜੀ ਐੱਨ ਖਾਲਸਾ ਕਾਲਿਜ ਵਿਖੇ ਪੰਜਾਬੀ ਯੂਨੀਵਰਸਿਟੀ ਦੇ ਸਾਬਕਾ ਵੀ ਸੀ ਡਾਃ ਜਸਪਾਲ ਸਿੰਘ , ਡਾਃ ਬਲਕਾਰ ਸਿੰਘ ਡਾਇਰੈਕਟਰ ਵਿਸ਼ਵ ਪੰਜਾਬੀ ਕੇਂਦਰ, ਪ੍ਰੋਃ ਪਿਰਥੀਪਾਲ ਸਿੰਘ ਕਪੂਰ ਸਾਬਕਾ ਪ੍ਰੋਃ ਵੀ ਸੀ ਗੁਰੂ ਨਾਨਕ ਦੇਵ ਯੂਨੀਃ ਤੇ ਗੁਰੂ ਨਾਨਕ ਦੇਵ ਯੂਨੀਃ ਅੰਮ੍ਰਿਤਸਰ ਦੇ ਸਾਬਕਾ ਵੀ ਸੀ ਡਾਃ ਸ ਪ ਸਿੰਘ ਜੀ ਨੂੰ ਇਸ ਨਾਵਲ ਦੀਆਂ ਕਾਪੀਆਂ ਭੇਂਟ ਕੀਤੀਆਂ। ਮੰਚ ਸੰਚਾਲਨ ਪ੍ਰਸਿੱਧ ਪੰਜਾਬੀ ਲੇਖਕ ਤੇ ਸਕੱਤਰ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਨੇ ਕੀਤਾ।

About Author

Leave A Reply

WP2Social Auto Publish Powered By : XYZScripts.com