Sunday, May 11

ਪਰਵਾਸੀ ਗਾਇਕ ਤੇ ਲੇਖਕ ਸੁਰਜੀਤ ਮਾਧੋਪੁਰੀ ਦਾ ਪੰਜਾਬੀ ਲੋਕ ਵਿਰਾਸਤ ਅਕਾਡਮੀ ਵੱਲੋਂ ਸਨਮਾਨ

ਲੁਧਿਆਣਾ,(ਸੰਜੇ ਮਿੰਕਾ)- ਵੱਸਦੇ ਪਰਵਾਸੀ ਪੰਜਾਬੀ ਗਾਇਕ ਤੇ ਲੇਖਕ ਸੁਰਜੀਤ ਮਾਧੋਪੁਰੀ ਦਾ ਪੰਜਾਬੀ ਭਵਨ ਲੁਧਿਆਣਾ ਵਿਖੇ ਲੇਖਕਾਂ ਕਲਾਕਾਰਾਂ ਤੇ ਬੁੱਧੀਜੀਵੀਆਂ ਦੇ ਭਰਵੇਂ ਇਕੱਠ ਵਿੱਚ ਪੰਜਾਬੀ ਲੋਕ ਵਿਰਾਸਤ ਅਕਾਡਮੀ ਵੱਲੋਂ ਸਨਮਾਨਿਤ ਕੀਤਾ ਗਿਆ। 1974 ਚ ਲੁਧਿਆਣਾ ਤੋਂ ਕੈਨੇਡਾ ਪਰਵਾਸ ਕਰ ਗਏ ਲੇਖਕ ਮਿੱਤਰ ਸੁਰਜੀਤ ਮਾਧੋਪੁਰੀ ਦਾ ਪ੍ਰਸ਼ੰਸਾ ਪੱਤਰ ਪੜ੍ਹਦਿਆਂ ਅਕਾਡਮੀ ਦੇ ਚੇਅਰਮੈਨ ਪ੍ਰੋਃ ਗੁਰਭਜਨ ਗਿੱਲ ਨੇ ਕਿਹਾ ਕਿ ਸੁਰਜੀਤ ਪਿਛਲੀ ਸਦੀ ਦੇ ਸਤਵੇਂ ਦਹਾਕੇ ਵਿੱਚ ਲੋਕ ਸੰਗੀਤ ਦੇ ਖੇਤਰ ਚ ਨਾਮਵਰ ਗਾਇਕ ਸੀ ਜਿਸ ਨੇ ਨਰਿੰਦਰ ਬੀਬਾ ਤੇ ਸਵਰਨ ਲਤਾ ਨਾਲ ਵੀ ਦੋਗਾਣਾ ਗੀਤ ਰੀਕਾਰਡ ਕਰਵਾਏ। ਉਸ ਦੇ ਲਿਖੇ ਸਾਹਿੱਤਕ ਗੀਤਾਂ ਵਿੱਚ  ਪੰਜਾਬੀਅਤ ਅਤੇ ਦੇਸ਼ ਪਿਆਰ ਦਾ ਸੁਮੇਲ ਸੀ। ਉਸ ਨੇ ਸਮਾਜਿਕ ਕੁਰੀਤੀਆਂ ਦੇ ਖ਼ਿਲਾਫ਼ ਵੀ ਕੈਨੇਡਾ ਰਹਿੰਦਿਆਂ ਕਈ ਗੀਤ ਰੀਕਾਰਡ ਕਰਕੇ ਉਨ੍ਹਾਂ ਦੀ ਫਿਲਮਿੰਗ ਕਰਵਾ ਕੇ ਲੋਕ ਚੇਤਨਾ ਮੀਡੀਆ ਰਾਹੀਂ ਉਭਾਰੀ ਹੈ। ਭਰੂਣ ਹੱਤਿਆ ਦੇ ਖ਼ਿਲਾਫ਼ ਉਸ ਨੇ ਮੇਰੀ ਰਚਨਾ ਲੋਰੀ ਅਮਰੀਕਾ ਕੈਨੇਡਾ ਦੇ ਰੇਡੀਉ ਟੀ ਵੀ ਚੈਨਲਜ਼ ਰਾਹੀਂ ਪਹੁੰਚਾਇਆ ਹੈ। ਪ੍ਰੋਃ ਗਿੱਲ ਨੇ ਦੱਸਿਆ ਕਿ ਉਹ ਜਿੱਥੇ ਸੰਗੀਤ ਵਿੱਚ ਉਸਤਾਦ ਜਸਵੰਤ ਭੰਵਰਾ ਜੀ ਦੇ ਸ਼ਾਗਿਰਦ ਸਨ ਓਥੇ ਗੀਤ ਸਿਰਜਣਾ ਵਿੱਚ ਸਵਃ ਗੁਰਦੇਵ ਸਿੰਘ ਮਾਨ ਨੂੰ ਆਪਣਾ ਇਸ਼ਟ ਮੰਨਦੇ ਹਨ। ਸਰੀ ਵਿੱਚ ਹਰ ਸਾਲ ਗੁਰਦੇਵ ਸਿੰਘ ਮਾਨ ਯਾਦਗਾਰੀ ਸਮਾਗਮ ਕਰਵਾ ਕੇ ਉਹ ਸਾਰੇ ਪੰਜਾਬੀਆਂ ਨੂੰ ਇੱਕ ਲੜੀ ਵਿੱਚ ਪਰੋਂਦੇ ਹਨ। ਯਾਰਕ ਸੈਂਟਰ ਵਿੱਚ ਉਨ੍ਹਾਂ ਦਾ ਕਾਰੋਬਾਰੀ ਦਫ਼ਤਰ ਨਿੱਕਾ ਜਿਹਾ ਪੰਜਾਬੀ ਭਵਨ ਹੈ। ਇੰਡੋ ਕੈਨੇਡੀ ਅਨ ਟਾਈਮਜ਼ ਦੇ ਸੰਪਾਦਕ ਤਾਰਾ ਸਿੰਘ ਹੇਅਰ ਤੇ ਪਹਿਲੀ ਵਾਰ ਕਾਤਲਾਨਾ ਹਮਲਾ ਕਰਕੇ ਭੱਜਣ ਵਾਲੇ ਬੰਦੇ ਨੂੰ ਉਨ੍ਹਾਂ ਹੀ ਪਿੱਛੇ ਭੱਜ ਕੇ ਜੱਫਾ ਮਾਰ ਕੇ ਫੜਿਆ ਸੀ, ਜਿਸ ਸਦਕਾ ਉਨ੍ਹਾਂ ਨੂੰ ਕੈਨੇਡਾ ਦਾ ਸਰਵੋਤਮ ਬਹਾਦਰੀ ਪੁਰਸਕਾਰ ਮਿਲਿਆ ਸੀ। ਨੂਰਪੁਰ ਬੇਦੀ ਨੇੜੇ ਪਿੰਡ ਮਾਧੋਪੁਰ ਦੇ ਜੰਮਪਲ ਸੁਰਜੀਤ ਸਿੰਘ ਮਾਧੋਪੁਰੀ ਆਪਣੇ ਬੱਚਿਆਂ ਦੀ ਮਦਦ ਨਾਲ ਇਸ ਇਲਾਕੇ ਦੇ ਪਿੰਡਾਂ ਵਿੱਚ ਸਾਫ਼ ਤੇ ਠੰਢਾ ਪਾਣੀ ਪ੍ਰਾਜੈਕਟ ਅਧੀਨ ਵਾਟਰ ਕੂਲਰ ਸਥਾਪਤ ਕਰਵਾ ਚੁਕੇ ਹਨ। ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਡਾਃ ਲਖਵਿੰਦਰ ਜੌਹਲ, ਸੀਨੀਅਰ ਮੀਤ ਪ੍ਰਧਾਨ ਡਾਃ ਸ਼ਯਾਮ ਸੁੰਦਰ ਦੀਪਤੀ,ਸਾਬਕਾ ਪ੍ਰਧਾਨ ਪ੍ਰੋਃ ਰਵਿੰਦਰ ਭੱਠਲ,ਪੰਜਾਬ ਆਰਟਸ ਕੌਂਸਲ ਦੇ ਚੇਅਰਮੈਨ  ਪਦਮ ਸ਼੍ਰੀ ਸੁਰਜੀਤ ਪਾਤਰ, ਵਾਈਸ ਚੇਅਰਮੈਨ ਡਾਃ ਯੋਗ ਰਾਜ, ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਦੇ ਪ੍ਰਧਾਨ ਡਾਃ ਤੇਜਵੰਤ ਮਾਨ ,ਲੋਕ ਮੰਚ ਪੰਜਾਬ ਦੇ ਚੇਅਰਮੈਨ  ਸੁਰਿੰਦਰ ਸਿੰਘ ਸੁੰਨੜ ਤੇ ਪੰਜਾਬੀ ਸਾਹਿੱਤ ਅਕਾਡਮੀ ਦੇ ਜਨਰਲ ਸਕੱਤਰ ਡਾਃ ਗੁਰਇਕਬਾਲ ਸਿੰਘ ਨੇ ਸੁਰਜੀਤ ਮਾਧੋਪੁਰੀ ਨੂੰ ਹੋਰ ਤਨਦੇਹੀ ਨਾਲ ਸਾਹਿੱਤ ਸਭਿਆਚਾਰ ਤੇ ਪੰਜਾਬੀਅਤ ਦੀ ਸੇਵਾ ਕਰਨ ਲਈ ਸਲਾਹਿਆ ਅਤੇ ਹੋਰ ਅਗੇਰੇ ਤੁਰਨ ਦੀ ਪ੍ਰੇਰਨਾ ਦਿੱਤੀ। ਧੰਨਵਾਦ ਕਰਦਿਆਂ ਸੁਰਜੀਤ ਮਾਧੋਪੁਰੀ ਨੇ ਕਿਹਾ ਕਿ ਅੱਜ ਪੰਜਾਬੀ ਜ਼ਬਾਨ ਲਈ ਜਿਹੜਾ ਕੰਮ ਪੰਜਾਬੀ ਭਵਨ ਚ ਹੋ ਰਿਹਾ ਹੈ, ਉਸ ਦੀ ਮਿਸਾਲ ਕਿਸੇ ਵੀ ਖੇਤਰੀ ਜ਼ਬਾਨ ਚ ਨਹੀਂ ਮਿਲਦੀ। ਬਦੇਸ਼ਾਂ ਵਿੱਚ ਵੀ ਇਸ ਦੇ ਅਹੁਦੇਦਾਰਾਂ ਨੇ ਵੱਖ ਵੱਖ ਸਮੇਂ ਤੇ ਸਿਰਜਣਹਾਰਿਆਂ ਵਿੱਚ ਨਵਾਂ ਜੋਸ਼ ਭਰਿਆ ਹੈ। ਕਈ ਕੇਂਦਰ ਵਿਕਸਤ ਹੋ ਰਹੇ ਹਨ ਜਿੰਨ੍ਹਾਂ ਚੋਂ ਗੁਰਭਜਨ ਗਿੱਲ ਦੀ ਪ੍ਰੇਰਨਾ ਨਾਲ 2017 ਤੋਂ ਸੁਖੀ ਬਾਠ ਜੀ ਵੱਲੋਂ ਪੰਜਾਬ ਭਵਨ ਵੱਡੀ ਮਿਸਾਲ ਹੈ। ਉਨ੍ਹਾਂ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਨੂੰ ਵੀ ਪੇਸ਼ਕਸ਼ ਕੀਤੀ ਕਿ ਸਃ ਗੁਰਦੇਵ ਸਿੰਘ ਮਾਨ ਜੀ ਜੀ  ਯਾਦ ਵਿਚ ਕੋਈ ਵੀ ਪ੍ਰਾਜੈਕਟ ਉਲੀਕਣ ਤਾਂ ਉਸ ਦੀ ਪੂਰੀ ਫੰਡਿੰਗ ਉਹ ਖ਼ੁਦ ਤੇ ਮਾਨ ਪਰਿਵਾਰ ਵੱਲੋਂ ਕਰਵਾ ਸਕਦੇ ਹਨ।

About Author

Leave A Reply

WP2Social Auto Publish Powered By : XYZScripts.com