Sunday, May 11

ਮਾਲ ਵਿਭਾਗ ਦੇ ਪਟਵਾਰੀ ਆਪਣੇ-ਆਪਣੇ ਦਫਤਰ ਵਿੱਚ ਹਾਜ਼ਰ ਰਹਿ ਕੇ ਲੋਕਾਂ ਦੇ ਕੰਮ ਪਹਿਲ ਦੇ ਆਧਾਰ ‘ਤੇ ਇਮਾਨਦਾਰੀ ਅਤੇ ਪਾਰਦਰਸ਼ੀ ਢੰਗ ਨਾਲ ਸਮੇਂ ਸਿਰ ਕਰਨ – ਮਾਲ ਮੰਤਰੀ ਅਰੁਣਾ ਚੌਧਰੀ

  • ਮਾਲ ਮੰਤਰੀ ਅਰੁਣਾ ਚੌਧਰੀ ਨੇ ਧੀਆਂ ਦੇ ਸਨਮਾਨ ਸਮਾਰੋਹ ਵਿੱਚ ਸ਼ਾਮਿਲ ਹੋ ਕੇ ਹੋਣਹਾਰ ਧੀਆਂ ਦਾ ਕੀਤਾ ਸਨਮਾਨ
  • 700 ਪਟਵਾਰੀਆਂ ਦੀ ਹੋਰ ਭਰਤੀ ਕੀਤੀ ਜਾਵੇਗੀ – ਅਰੁਣਾ ਚੌਧਰੀ

ਲੁਧਿਆਣਾ,(ਸੰਜੇ ਮਿੰਕਾ)- ਮਾਲ ਵਿਭਾਗ ਦੇ ਪਟਵਾਰੀ ਆਪਣੇ-ਆਪਣੇ ਦਫਤਰ ਵਿੱਚ ਹਾਜ਼ਰ ਰਹਿ ਕੇ ਲੋਕਾਂ ਦੇ ਕੰਮ ਪਹਿਲ ਦੇ ਆਧਾਰ ‘ਤੇ ਇਮਾਨਦਾਰੀ ਅਤੇ ਪਾਰਦਰਸ਼ੀ ਢੰਗ ਨਾਲ ਸਮੇਂ ਸਿਰ ਕਰਨ ਤਾਂ ਜੋ ਲੋਕਾਂ ਨੂੰ ਆਪਣੇ ਇੰਤਕਾਲ ਅਤੇ ਗਰਦਾਵਰੀਆਂ ਕਰਵਾਉਣ ਵਿੱਚ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਪੇਸ਼ ਨਾ ਆਵੇ। ਮਾਲ ਵਿਭਾਗ ਦੇ ਅਧਿਕਾਰੀ ਪਟਵਾਰੀਆਂ ਵੱਲੋਂ ਕੀਤੇ ਜਾ ਰਹੇ ਕੰਮਾਂ ਨੂੰ ਸਮੇਂ ਸਮੇਂ ‘ਤੇ ਚੈੱਕ ਕਰਨ ਅਤੇ ਮਾਲ ਵਿਭਾਗ ਦੇ ਕੰਮ ਵਿੱਚ ਤੇਜ਼ੀ ਲਿਆਉਣ ਕਿਸੇ ਵੀ ਤਰ੍ਹਾਂ ਨਾਲ ਮਾਲ ਵਿਭਾਗ ਵਿੱਚ ਲੋਕਾਂ ਦੇ ਕੰਮ ਪੈਂਡਿੰਗ ਨਹੀਂ ਰਹਿਣੇ ਚਾਹੀਦੇ ਅਤੇ ਲੋਕਾਂ ਦੀ ਕਿਸੇ ਪ੍ਰਕਾਰ ਦੀ ਸ਼ਿਕਾਇਤ ਸੁਣਨ ਵਿੱਚ ਨਾ ਆਵੇ। ਇਹ ਪ੍ਰਗਟਾਵਾ ਪੰਜਾਬ ਸਰਕਾਰ ਦੀ ਮਾਲ ਵਿਭਾਗ ਮੰਤਰੀ ਸ਼੍ਰੀਮਤੀ ਅਰੁਣਾ ਚੌਧਰੀ ਨੇ ਅੱਜ ਸੀਨੀਅਰ ਸੈਕੰਡਰੀ ਸਕੂਲ ਮੁੰਡੀਆਂ ਕਲਾਂ ਲੁਧਿਆਣਾ ਦੇ ਧੀ ਪੰਜਾਬ ਦੀ ਸੰਸਥਾ ਵੱਲੋਂ ਧੀਆਂ ਦਾ ਸਨਮਾਨ ਸਮਾਰੋਹ ਵਿੱਚ ਪਹੁੰਚਣ ਮੌਕੇ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਹਲਕਾ ਸਾਹਨੇਵਾਲ ਦੇ ਇੰਚਾਰਜ ਬੀਬੀ ਸਤਵਿੰਦਰ ਕੌਰ ਬਿੱਟੀ ਵੀ ਵਿਸ਼ੇਸ਼ ਤੌਰ ‘ਤੇ ਸ਼ਾਮਿਲ ਸਨ।
ਸ਼੍ਰੀਮਤੀ ਅਰੁਣਾ ਚੌਧਰੀ ਨੇ ਕਿਹਾ ਕਿ ਮਾਲ ਵਿਭਾਗ ਵਿੱਚ ਕਿਸੇ ਵੀ ਤਰ੍ਹਾਂ ਦਾ ਭ੍ਰਿਸ਼ਟਾਚਾਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮਾਲ ਵਿਭਾਗ ਦੇ 700 ਪਟਵਾਰੀਆਂ ਦੀ ਹੋਰ ਭਰਤੀ ਕੀਤੀ ਜਾਵੇਗੀ ਅਤੇ ਉਨ੍ਹਾਂ ਪੰਜਾਬ ਸਰਕਾਰ ਵੱਲੋਂ ਕਿਸਾਨੀ ਸੰਘਰਸ਼ ਦੌਰਾਨ ਸ਼ਹੀਦ ਹੋਏ ਪਰਿਵਾਰਾਂ ਨੂੰ ਨੌਕਰੀ ਦੇਣ ਦੀ ਵਚਨਵੱਧਤਾ ਵੀ ਦੁਹਰਾਈ ਅਤੇ ਕਿਹਾ ਕਿ ਪੰਜਾਬ ਸਰਕਾਰ ਹਮੇਸ਼ਾ ਕਿਸਾਨਾਂ ਦੇ ਭਲੇ ਲਈ ਕੰਮ ਕਰਦੀ ਰਹੇਗੀ।
ਸ਼੍ਰੀਮਤੀ ਅਰੁਣਾ ਚੌਧਰੀ ਨੇ ਪੰਜਾਬ ਸਰਕਾਰ ਵੱਲੋਂ ਧੀਆਂ ਦੇ ਸਨਮਾਨ ਸਮਾਰੋਹ ਵਿੱਚ ਸ਼ਾਮਿਲ ਹੋ ਕੇ ਹੋਣਹਾਰ ਧੀਆਂ ਦਾ ਸਨਮਾਨ ਕਰਦਿਆਂ ਕਿਹਾ ਕਿ ਧੀਆਂ ਵੀ ਅੱਜ ਦੇ ਯੁੱਗ ਵਿੱਚ ਲੜਕਿਆਂ ਤੋਂ ਕਿਸੇ ਵੀ ਪੱਖੋਂ ਘੱਟ ਨਹੀਂ ਹਨ ਇਸ ਲਈ ਧੀਆਂ ਦੇ ਸਨਮਾਨ ਲਈ ਅਜਿਹੇ ਸਮਾਗਮ ਧੀਆਂ ਨੂੰ ਹੌਸਲਾ ਦੇਣ ਲਈ ਜਾਰੀ ਰਹਿਣਗੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਗਰੀਬ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹਾਂ ਨਾਲ ਸਬੰਧਤ ਸ਼ਗਨ ਸਕੀਮ ਨੂੰ ਵਧਾ ਕੇ 51 ਹਜ਼ਾਰ ਕੀਤਾ ਗਿਆ ਹੈ। ਇਸ ਮੌਕੇ ਉਨ੍ਹਾਂ ਸਕੂਲ ਦੀਆਂ ਸਪੋਰਟਸ ਲੜਕੀਆਂ ਨਾਲ ਮਿਲ ਕੇ ਉਨ੍ਹਾਂ ਦਾ ਹੌਸਲਾ ਅਫਜਾਈ ਕੀਤੀ ਅਤੇ ਹਾਕੀ ਅਕੈਡਮੀ ਵਾਸਤੇ ਆਪਣੇ ਨਿੱਜੀ ਫੰਡ ਵਿੱਚੋਂ 3 ਲੱਖ ਰੁਪਏ ਦੇਣ ਦਾ ਐਲਾਨ ਕੀਤਾ।
ਇਸ ਮੌਕੇ ਸਕੂਲ ਦੀਆਂ ਲੜਕੀਆਂ ਵੱਲੋਂ ਹਾਕੀ ਦੇ ਸ਼ੋਅ ਮੈਚ ਵੀ ਖੇਡੇ ਗਏ ਅਤੇ ਜੇਤੂਆਂ ਨੂੰ ਸਨਮਾਨਿਤ ਕੀਤਾ।
ਇਸ ਮੌਕੇ ਹਲਕਾ ਇੰਚਾਰਜ ਬੀਬੀ ਸਤਵਿੰਦਰ ਕੌਰ ਬਿੱਟੀ ਨੇ ਕੈਬਨਿਟ ਮੰਤਰੀ ਸ਼੍ਰੀਮਤੀ ਅਰੁਣਾ ਚੌਧਰੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਲੜਕੀਆਂ ਦੀ ਭਲਾਈ ਲਈ ਕਈ ਸਕੀਮਾਂ ਲਿਆਂਦੀਆਂ ਗਈਆਂ ਹਨ ਜਿਨ੍ਹਾਂ ਦਾ ਲਾਭ ਹੇਠਲੇ ਪੱਧਰ ਤੱਕ ਮਿਲ ਰਿਹਾ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਾਕ ਪ੍ਰਧਾਨ ਸੁਖਵਿੰਦਰ ਸਿੰਘ ਸੁੱਖੀ, ਬਲਾਕ ਪ੍ਰਧਾਨ ਸ਼੍ਰੀਮਤੀ ਹਰਪ੍ਰੀਤ ਕੌਰ ਗਰੇਵਾਲ, ਸਤਵੰਤ ਸਿੰਘ ਗਰਚਾ ਵਾਈਸ ਪ੍ਰਧਾਨ, ਸਨੀ ਕਟਾਣੀ, ਬਲਬੀਰ ਸਿੰਘ ਬੁੱਢੇਵਾਲ ਚੇਅਰਮੈਨ ਬਲਾਕ ਸੰਮਤੀ ਲੁਧਿਆਣਾ 2, ਮਨਜਿੰਦਰ ਕੌਰ ਗਰੇਵਾਲ ਸਕੱਤਰ, ਮਨਜਿੰਦਰ ਸਿੰਘ ਭੋਲਾ ਕੌਂਸਲਰ, ਬਲਵੰਤ ਸਿੰਘ ਢਿੱਲੋਂਂ, ਪ੍ਰਿੰਸੀਪਲ ਸ਼੍ਰੀ ਸੁ਼ਸ਼ੀਲ ਕੁਮਾਰ, ਬਲਵੰਤ ਸਿੰਘ ਬੁੱਢੇਵਾਲ ਹਾਕੀ ਖਿਡਾਰੀ, ਜਸਵਿੰਦਰ ਸਿੰਘ ਬਲਾਕ ਸੰਮਤੀ ਮੈਂਬਰ, ਨੰਬਰਦਾਰ ਸੁਰਿੰਦਰਪਾਲ ਸਿੰਘ ਹੁੰਦਲ ਹਵਾਸ ਅਤੇ ਸਕੂਲ ਦਾ ਸਟਾਫ ਅਤੇ ਬੱਚੇ ਤੋਂ ਇਲਾਵਾ ਵੱਡੀ ਗਿਣਤੀ ਲੋਕ ਸ਼ਾਮਿਲ ਸਨ।

About Author

Leave A Reply

WP2Social Auto Publish Powered By : XYZScripts.com