- ਦਿਲ ਦੀਆਂ ਬਿਮਾਰੀਆਂ ਤੇ ਬਚਾਅ ਸਬੰਧੀ ਕੀਤਾ ਜਾਗਰੂਕ
ਲੁਧਿਆਣਾ, (ਸੰਜੇ ਮਿੰਕਾ) – ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਜ਼ਿਲ੍ਹਾ ਹੋਮਿਓਪੈਥੀ ਅਫ਼ਸਰ ਡਾ. ਹਰਿੰਦਰਪਾਲ ਸਿੰਘ ਦੀ ਯੋਗ ਅਗੁਵਾਈ ਹੇਠ ਹੋਮਿਓਪੈਥਿਕ ਮੈਡੀਕਲ ਅਫ਼ਸਰ ਡਾ. ਆਜਾਦ ਰਾਏ ਵੱਲੋਂ ‘ਵਰਲਡ ਹਾਰਟ ਡੇਅ’ ਮੌਕੇ ਦਿਲ ਦੀਆਂ ਬਿਮਾਰੀਆਂ ਬਾਰੇ ਜਾਗਰੂਕਤਾ, ਬਚਾਅ ਅਤੇ ਪ੍ਰਬੰਧਨ ਸਬੰਧੀ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਜਾਣਕਾਰੀ ਦਿੰਦਿਆਂ ਡਾ. ਆਜਾਦ ਰਾਏ ਨੇ ਦੱਸਿਆ ਕਿ ਦਿਲ ਦੀ ਸਿਹਤ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਹਰ ਸਾਲ 29 ਸਤੰਬਰ ਨੂੰ ‘ਵਰਲਡ ਹਾਰਟ ਡੇਅ’ ਮਨਾਇਆ ਜਾਂਦਾ ਹੈ। ਉਨ੍ਹਾ ਕਿਹਾ ਕਿ ਹਾਲ ਦੇ ਦਿਨਾਂ ਵਿੱਚ ਇਹ ਵੇਖਣ ਵਿਚ ਆਇਆ ਹੈ ਕਿ ਵਿਸ਼ਵ ਭਰ ਵਿੱਚ ਘੱਟ ਉਮਰ ਦੇ ਲੋਕਾਂ ਵਿੱਚ ਵੀ ਹਾਰਟ ਅਟੈਕ ਦੇ ਰੋਗੀਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ ਜਿਸਦਾ ਮੁੱਖ ਕਾਰਨ ਮਾਨਸਿਕ ਤਣਾਅ, ਗਲਤ ਖਾਣ-ਪੀਣ ਅਤੇ ਖਰਾਬ ਜੀਵਨਸ਼ੈਲੀ ਹੈ, ਜਿਸਦਾ ਦਿਲ ਦੀ ਸਿਹਤ ‘ਤੇ ਮਾੜਾ ਅਸਰ ਪੈਂਦਾ ਹੈ। ਉਨ੍ਹਾ ਦੱਸਿਆ ਕਿ ਦਿਲ ਦੀਆਂ ਬਿਮਾਰੀਆਂ ਤੋਂ ਬਚਾਅ ਲਈ ਆਪਣੀ ਰੋਜ਼ਮਰਾ ਜਿੰਦਗੀ ਵਿੱਚ ਬਦਲਾਅ ਕਰਦਿਆਂ, ਦੇਰ ਰਾਤ ਤੱਕ ਜਾਗਣ ਦੀ ਬਜਾਏ ਘੱਟੋ-ਘੱਟ 8 ਘੰਟੇ ਦੀ ਨੀਂਦ ਲੈਣੀ ਜਰੂਰੀ ਹੈ। ਖਾਣ ਵਿੱਚ ਤਲਿਆ ਹੋਇਆ ਭੋਜਨ ਛੱਡ ਕੇ ਹਰੀਆਂ ਸਬਜ਼ੀਆਂ ਅਤੇ ਤਾਜੇ ਫਲਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਤੋਂ ਇਲਾਵਾ ਕਸਰਤ ਦਾ ਖਾਸ ਧਿਆਨ ਰੱਖਣਾ ਜ਼ਰੂਰੀ ਹੈ ਅਤੇ ਰੋਜ਼ਾਨਾਂ ਘੱਟੋ-ਘੱਟ ਅੱਧੇ ਘੰਟੇ ਦੀ ਸੈਰ ਜਾਂ ਸਾਇਕਲਿੰਗ ਕਰਨੀ ਚਾਹੀਦੀ ਹੈ।