Friday, May 9

ਹੁਣ ਆਈ ਖੇਤ ਐਪ ਰਾਹੀਂ ਪਰਾਲੀ ਪ੍ਰਬੰਧਨ ਮਸ਼ੀਨਰੀ ਦੀ ਉਪਲਬਧਤਾ ਚੈਕ ਕਰਕੇ ਕਰਵਾਈ ਜਾ ਸਕਦੀ ਹੈ ਬੁੱਕ – ਡੀ.ਸੀ. ਵਰਿੰਦਰ ਕੁਮਾਰ ਸ਼ਰਮਾ

  • ਖੇਤੀਬਾੜੀ ਵਿਭਾਗ ਵੱਲੋਂ ਇਸ ਸਾਲ 489 ਪਰਾਲੀ ਪ੍ਰਬੰਧਨ ਉਪਕਰਣ, ਵਿਅਕਤੀਗਤ ਕਿਸਾਨ, ਪੰਚਾਇਤਾਂ, ਸਹਿਕਾਰੀ ਸਭਾਵਾਂ ਤੇ ਕਿਸਾਨ ਸਮੂਹਾਂ ਨੂੰ ਕੀਤੇ ਹਨ ਜਾਰੀ
  • ਪਿਛਲੇ ਤਿੰਨ ਸਾਲਾਂ ‘ਚ 4884 ਪਰਾਲੀ ਪ੍ਰਬੰਧਨ ਮਸ਼ੀਨਾਂ ਕੀਤੀਆਂ ਹਨ ਸਬਸਿਡੀ ‘ਤੇ ਜਾਰੀ

ਲੁਧਿਆਣਾ, (ਸੰਜੇ ਮਿੰਕਾ) – ਝੋਨੇ ਦੀ ਪਰਾਲੀ ਨੂੰ ਬਿਨ੍ਹਾਂ ਸਾੜੇ ਪ੍ਰਬੰਧਨ ਲਈ ਐਗਰੋ ਮਸ਼ੀਨਰੀਜ਼ ਦੀ ਨਿਰਵਿਘਨ ਪਹੁੰਚ ਨੂੰ ਯਕੀਨੀ ਬਣਾਉਣ ਲਈ, ਕਿਸਾਨ ਹੁਣ ਮਸ਼ੀਨਰੀ ਦੀ ਉਪਲਬਧਤਾ ਆਈ ਐਪ ਰਾਹੀਂ ਚੈਕ ਅਤੇ ਆਪਣੇ ਘਰ ਬੈਠੇ ਹੀ ਮਸ਼ੀਨਰੀ ਬੁੱਕ ਕਰਵਾ ਸਕਦੇ ਹਨ। ਹੋਰ ਜਾਣਕਾਰੀ ਸਾਂਝੀ ਕਰਦਿਆਂ ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਆਈ-ਖੇਤ ਮੋਬਾਈਲ ਐਪ ਕੁਝ ਦਿਨਾਂ ਦੇ ਅੰਦਰ ਗੂਗਲ ਪਲੇ ਸਟੋਰ ‘ਤੇ ਉਪਲਬਧ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਐਪ ਕਿਸਾਨਾਂ ਨੂੰ ਫਸਲਾਂ ਦੀ ਰਹਿੰਦ-ਖੂੰਹਦ ਪ੍ਰਬੰਧਨ ਲਈ ਖੇਤੀ ਮਸ਼ੀਨਰੀ/ਉਪਕਰਣਾਂ ਦੀ ਅਸਾਨੀ ਨਾਲ ਪਹੁੰਚ ਕਰਨ ਵਿੱਚ ਸਹਾਇਤਾ ਕਰੇਗੀ। ਉਨ੍ਹਾਂ ਅੱਗੇ ਕਿਹਾ ਕਿ ਕਿਸਾਨ ਐਪ ‘ਤੇ ਉਨ੍ਹਾਂ ਨੂੰ ਲੋੜੀਂਦੇ ਉਪਕਰਣਾਂ ਦਾ ਪਤਾ ਲਗਾ ਸਕਦੇ ਹਨ ਅਤੇ ਇਸ ਨਾਲ ਕੁਝ ਹੀ ਸਕਿੰਟਾਂ ਦੇ ਅੰਦਰ ਉਨ੍ਹਾਂ ਦੇ ਸੰਪਰਕ ਨੰਬਰਾਂ ਦੇ ਨਾਲ ਨੇੜਲੇ ਕਿਸਾਨ ਸਮੂਹਾਂ, ਵਿਅਕਤੀਆਂ, ਸਹਿਕਾਰੀ ਸਭਾਵਾਂ ਜਾਂ ਪੰਚਾਇਤਾਂ ਬਾਰੇ ਜਾਣਕਾਰੀ ਪ੍ਰਾਪਤ ਹੋਵੇਗੀ. ਉਨ੍ਹਾਂ ਕਿਹਾ ਕਿ ਮਾਲਕਾਂ ਨਾਲ ਸੰਪਰਕ ਕਰਕੇ  ਐਪ ‘ਤੇ ਵੀ ਮਸ਼ੀਨ ਦੀ ਬੁਕਿੰਗ ਕੀਤੀ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਇਸ ਸਾਲ ਲੁਧਿਆਣਾ ਵਿੱਚ ਕੁੱਲ 489 ਪਰਾਲੀ ਪ੍ਰਬੰਧਨ ਉਪਕਰਣ ਜਾਰੀ ਕੀਤੇ ਗਏ ਹਨ ਜਿਨ੍ਹਾਂ ਵਿੱਚ 19 ਵਿਅਕਤੀਗਤ ਕਿਸਾਨ, 30 ਪੰਚਾਇਤਾਂ, 105 ਸਹਿਕਾਰੀ ਸਭਾਵਾਂ ਅਤੇ 335 ਕਿਸਾਨ ਸਮੂਹ ਸ਼ਾਮਲ ਹਨ। ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਜ਼ਿਲ੍ਹੇ ਨੇ ਪਿਛਲੇ ਤਿੰਨ ਸਾਲਾਂ ਵਿੱਚ 4884 ਵੱਖ-ਵੱਖ ਐਗਰੋ ਮਸ਼ੀਨਾਂ ਸਬਸਿਡੀ ‘ਤੇ ਜਾਰੀ ਕੀਤੀਆਂ ਹਨ ਜਿਨ੍ਹਾਂ ਵਿੱਚ ਹੈਪੀ ਸੀਡਰ, ਸੁਪਰ ਸੀਡਰ, ਮਲਚਰ, ਆਰ.ਐਮ.ਬੀ. ਹਲ, ਸੁਪਰ ਐਸ.ਐਮ.ਐਸ., ਪੈਡੀ ਸਟਰਾਅ ਚੌਪਰ/ਸ਼੍ਰੇਡਰ, ਜ਼ੀਰੋ ਟਿੱਲ ਡਰਿੱਲ ਅਤੇ ਹੋਰ ਸ਼ਾਮਲ ਹਨ ਜਿਨ੍ਹਾਂ ਦੀ ਜਾਂਚ ਆਈ ਖੇਤ ਐਪ ਰਾਹੀਂ ਕੀਤੀ ਜਾ ਸਕਦੀ ਹੈ। ਪਰਾਲੀ ਦੇ ਪ੍ਰਬੰਧਨ ਲਈ ਕਿਸਾਨਾਂ ਨੂੰ ਫਸਲਾਂ ਦੀ ਰਹਿੰਦ-ਖੂੰਹਦ ਦੇ ਪ੍ਰਬੰਧਨ ਨੂੰ ਤਹਿਦਿਲੋਂ ਅਪਣਾਉਣ ਦੀ ਸਲਾਹ ਦਿੰਦੇ ਹੋਏ, ਸ੍ਰੀ ਸ਼ਰਮਾ ਨੇ ਕਿਹਾ ਕਿ ਝੋਨੇ ਦੀ ਪਰਾਲੀ ਨੂੰ ਸਾੜਨਾ ਕਿਸਾਨਾਂ ਅਤੇ ਜ਼ਮੀਨ ਲਈ ਬਹੁਤ ਖਤਰਨਾਕ ਹੈ, ਜਿਸਨੂੰ ਸਾਡੇ ਖੇਤੀਬਾੜੀ ਮਾਹਿਰਾਂ ਦੁਆਰਾ ਮਾਂ ਮੰਨਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਝੋਨੇ ਨੂੰ ਸਾੜਨ ਨਾਲ ਮਿੱਟੀ ਦੀ ਸਿਹਤ ਖਰਾਬ ਹੁੰਦੀ ਹੈ ਅਤੇ ਵਾਤਾਵਰਣ ‘ਤੇ ਵੀ ਮਾੜਾ ਪ੍ਰਭਾਵ ਪੈਂਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਝੋਨੇ ਦੀ ਪਰਾਲੀ ਨੂੰ ਸਾੜਨ ਨਾਲ ਮਿੱਟੀ ਦੇ ਕਈ ਮੁੱਖ ਅਤੇ ਸੂਖਮ ਪੌਸ਼ਟਿਕ ਤੱਤ ਨਸ਼ਟ ਹੋ ਜਾਂਦੇ ਹਨ ਅਤੇ ਕਿਹਾ ਕਿ ਝੋਨੇ ਦੀ ਪਰਾਲੀ ਨੂੰ ਸਾੜਨ ਨਾਲ ਕਈ ਜ਼ਹਿਰੀਲੀਆਂ ਗੈਸਾਂ ਪੈਦਾ ਹੁੰਦੀਆਂ ਹਨ ਜਿਨ੍ਹਾਂ ਦਾ ਮਨੁੱਖੀ ਸਿਹਤ ‘ਤੇ ਮਾੜਾ ਪ੍ਰਭਾਵ ਪੈਂਦਾ ਹੈ। ਮੁੱਖ ਖੇਤੀਬਾੜੀ ਅਫਸਰ ਡਾ. ਨਰਿੰਦਰ ਸਿੰਘ ਧਾਲੀਵਾਲ ਨੇ ਕਿਹਾ ਕਿ ਵਿਭਾਗ ਨੇ ਪਹਿਲਾਂ ਹੀ ਪਿੰਡਾਂ ਵਿੱਚ ਜਾਗਰੂਕਤਾ ਮੁਹਿੰਮ ਚਲਾਈ ਹੈ ਤਾਂ ਜੋ ਕਿਸਾਨਾਂ ਨੂੰ ਪਰਾਲੀ ਸਾੜਨ ਦੇ ਮਨੁੱਖੀ ਅਤੇ ਵਾਤਾਵਰਣ ‘ਤੇ ਹੋਣ ਵਾਲੇ ਨੁਕਸਾਨਦੇਹ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ ਜਾ ਸਕੇ।

About Author

Leave A Reply

WP2Social Auto Publish Powered By : XYZScripts.com