Wednesday, March 12

ਡੀ.ਸੀ. ਵੱਲੋਂ ਜ਼ਿਲ੍ਹਾ ਲੁਧਿਆਣਾ ਲਈ ਐਨੂਅਲ ਕ੍ਰੈਡਿਟ ਪਲਾਨ 2021-22 ਕੀਤਾ ਜਾਰੀ

ਲੁਧਿਆਣਾ, (ਸੰਜੇ ਮਿੰਕਾ)- ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਵੱਲੋਂ ਅੱਜ ਜ਼ਿਲ੍ਹੇ ਦੇ ਖੇਤੀਬਾੜੀ ਅਤੇ ਸਹਾਇਕ ਧੰਦਿਆਂ, ਗੈਰ-ਖੇਤੀ ਅਤੇ ਹੋਰ ਤਰਜੀਹ ਵਾਲੇ ਖੇਤਰਾਂ ਲਈ ਰਾਸ਼ਟਰੀਕਰਣ ਅਤੇ ਨਿੱਜੀ ਬੈਂਕਾਂ ਲਈ 61247 ਕਰੋੜ ਰੁਪਏ (2021-22) ਦੀ ਐਨੂਅਲ ਕ੍ਰੈਡਿਟ ਪਲਾਨ (ਏ.ਸੀ.ਪੀ.) ਜਾਰੀ ਕੀਤਾ ਹੈ। ਹੋਰ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਏ.ਸੀ.ਪੀ. ਨੂੰ ਨੈਸ਼ਨਲ ਬੈਂਕ ਫਾਰ ਐਗਰੀਕਲਚਰ ਐਂਡ ਰੂਰਲ ਡਿਵੈਲਪਮੈਂਟ (ਨਾਬਾਰਡ) ਦੀ ਸੰਭਾਵਿਤ ਲਿੰਕਡ ਕ੍ਰੈਡਿਟ ਯੋਜਨਾ ਦੇ ਅਧਾਰ ਤੇ, ਲੁਧਿਆਣਾ ਦੇ ਲੀਡ ਬੈਂਕ ਪੰਜਾਬ ਐਂਡ ਸਿੰਧ ਬੈਂਕ ਨੇ ਤਿਆਰ ਕੀਤਾ ਹੈ। ਉਨ੍ਹਾਂ ਕਿਹਾ ਕਿ ਯੋਜਨਾ ਤਹਿਤ ਕੁੱਲ 61247 ਕਰੋੜ ਵੱਖ-ਵੱਖ ਸੈਕਟਰਾਂ ਲਈ ਅਲਾਟ ਕੀਤੇ ਗਏ ਹਨ ਅਤੇ ਹਰੇਕ ਬੈਂਕ ਨੂੰ ਇੱਕ ਟੀਚਾ ਦਿੱਤਾ ਗਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਪਿਛਲੇ ਸਾਲ ਦੇ ਏ.ਸੀ.ਪੀ. ਟੀਚੇ ਦੇ ਮੁਕਾਬਲੇ ਇਸ ਦੇ ਖਰਚੇ ਵਿਚ 4.42 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ। ਉਨ੍ਹਾਂ ਕਿਹਾ ਕਿ ਜਿਲਾ ਮੁੱਖ ਤੌਰ ‘ਤੇ ਐਮ.ਐਸ.ਐਮ.ਈ. ਅਧਾਰਤ ਹੈ, ਇਸ ਲਈ ਕ੍ਰੈਡਿਟ ਟੀਚਾ 16320 ਕਰੋੜ ਰੁਪਏ ਹੈ ਅਤੇ ਪ੍ਰਾਪਤੀ 19337 (118℅) ਐਮ.ਐਸ.ਐਮ.ਈ. ਸੈਕਟਰ ਨੂੰ ਦਿੱਤੀ ਗਈ ਹੈ। ਖੇਤੀਬਾੜੀ ਅਤੇ ਇਸ ਨਾਲ ਸਬੰਧਤ ਖੇਤਰਾਂ ਨੂੰ ਸਿਖਰ ‘ਤੇ ਰੱਖਿਆ ਗਿਆ ਹੈ ਅਤੇ ਉਨ੍ਹਾਂ ਨੂੰ 16792 ਕਰੋੜ ਰੁਪਏ ਦੇ ਵੱਖਰੇ ਟੀਚੇ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਬੈਂਕਾਂ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਲੋੜਵੰਦ ਵਿਅਕਤੀਆਂ ਨੂੰ ਪਹਿਲ ਦੇ ਅਧਾਰ ‘ਤੇ ਬਿਨਾਂ ਕਿਸੇ ਖੱਜਲ-ਖੁਆਰੀ ਦੇ ਕਰਜ਼ਾ ਮੁਹੱਈਆ ਕਰਵਾਇਆ ਜਾਵੇ ਅਤੇ ਹਰੇਕ ਬੈਂਕ ਲਈ ਇੱਕ ਟੀਚਾ ਨਿਰਧਾਰਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਾਰੇ ਬੈਂਕ ਤਨਦੇਹੀ ਨਾਲ ਕੰਮ ਕਰਨਗੇ ਅਤੇ ਆਪਣੇ ਟੀਚਿਆਂ ਨੂੰ ਆਸਾਨੀ ਨਾਲ ਪੂਰਾ ਕਰਨਗੇ। ਉਨ੍ਹਾਂ ਭਰੋਸਾ ਦਿੱਤਾ ਕਿ ਜ਼ਿਲ੍ਹਾ ਪ੍ਰਸ਼ਾਸਨ ਉਨ੍ਹਾਂ ਦੀ ਹਰ ਸੰਭਵ ਸਹਿਯੋਗ ਕਰੇਗਾ। ਇਸ ਮੌਕੇ ਜੋਨਲ ਮੈਨੇਜਰ ਪੰਜਾਬ ਐਂਡ ਸਿੰਧ ਬੈਂਕ ਅਸ਼ਵਨੀ ਕੁਮਾਰ, ਐਲ.ਡੀ.ਐਮ. ਅਨਿਲ ਕੁਮਾਰ, ਡਿਪਟੀ ਐਲ.ਡੀ.ਐਮ. ਨਿਸਾਰ ਅਹਿਮਦ ਖਾਨ, ਕਾਰਜਕਾਰੀ ਮੈਨੇਜਰ ਡੀ.ਆਈ.ਸੀ. ਰਿਸ਼ੂ ਸਿੰਗਲਾ ਅਤੇ ਮਨਿੰਦਰ ਸਿੰਘ ਸ਼ਾਮਲ ਸਨ।

About Author

Leave A Reply

WP2Social Auto Publish Powered By : XYZScripts.com