Friday, June 27

ਪੀ.ਪੀ.ਸੀ.ਬੀ. ਦੇ ਐਸ.ਈ. ਨੂੰ ਲੁਧਿਆਣਾ ਦੀਆਂ ਫੈਕਟਰੀਆਂ ‘ਚ ਪਏ ਖਾਲੀ ਸਿਲੰਡਰਾਂ ਦਾ ਵੇਰਵੇ ਇਕੱਤਰ ਕਰਨ ਲਈ ਕੀਤਾ ਨਿਯੁਕਤ

ਲੁਧਿਆਣਾ, (ਸੰਜੇ ਮਿੰਕਾ) – ਹਸਪਤਾਲਾਂ ਵੱਲੋਂ ਕੋਵਿਡ-19 ਦੇ ਗੰਭੀਰ ਮਰੀਜ਼ਾਂ ਦੇ ਇਲਾਜ ਵਿੱਚ ਮੈਡੀਕਲ ਆਕਸੀਜਨ ਦੀ ਵੱਧ ਰਹੀ ਮੰਗ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਵੱਲੋਂ ਅੱਜ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਪੀ.ਪੀ.ਸੀ.ਬੀ) ਦੇ ਸੁਪਰਡੈਂਟ ਇੰਜੀਨੀਅਰ ਨੂੰ ਲੁਧਿਆਣਾ ਦੀਆਂ ਫੈਕਟਰੀਆਂ ਵਿੱਚ ਖਾਲੀ ਸਿਲੰਡਰਾਂ ਬਾਰੇ ਵੇਰਵੇ ਇਕੱਤਰ ਕਰਨ ਲਈ ਨਿਯੁਕਤ ਕੀਤਾ। ਸ੍ਰੀ ਸ਼ਰਮਾ ਨੇ ਕਿਹਾ ਕਿ ਲੁਧਿਆਣਾ ਪੰਜਾਬ ਦੀ ਸਨਅਤੀ ਰਾਜਧਾਨੀ ਹੋਣ ਕਰਕੇ ਇੱਥੇ ਬਹੁਤੇ ਉਦਯੋਗ/ਫੈਕਟਰੀਆਂ ਵੱਲੋਂ ਆਕਸੀਜਨ ਸਿਲੰਡਰਾਂ ਦੀ ਵਰਤੋਂ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਪੀ.ਪੀ.ਸੀ.ਬੀ. ਦੇ ਐਸ.ਈ. ਜਲਦ ਤੋਂ ਜਲਦ ਉਦਯੋਗਾਂ/ਫੈਕਟਰੀਆਂ ਦੇ ਵਿਚ ਖਾਲੀ ਪਏ ਸਿਲੰਡਰਾਂ ਦੀ ਗਿਣਤੀ ਬਾਰੇ ਇਕ ਰਿਪੋਰਟ ਤਿਆਰ ਕਰਨਗੇ ਅਤੇ ਇਹ ਰਿਪੋਰਟ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਨੂੰ ਸੌਂਪਣਗੇ ਤਾਂ ਜੋ ਲੋੜ ਪੈਣ ‘ਤੇ ਪ੍ਰਸ਼ਾਸ਼ਨ ਤੁਰੰਤ ਉਦਯੋਗਾਂ/ਫੈਕਟਰੀਆਂ ਨਾਲ ਸੰਪਰਕ ਕਰ ਸਕੇ। ਇਸ ਤੋਂ ਪਹਿਲਾਂ ਸੋਮਵਾਰ ਨੂੰ ਡਿਪਟੀ ਕਮਿਸ਼ਨਰ ਵੱਲੋਂ ਸਾਰੇ ਉਦਯੋਗਾਂ/ਫੈਕਟਰੀਆਂ ਨੂੰ ਅਪੀਲ ਕੀਤੀ ਸੀ ਕਿ ਉਹ ਪਲਾਂਟਾਂ ਨੂੰ ਖਾਲੀ ਜਾਂ ਭਰੇ ਆਕਸੀਜਨ ਸਿਲੰਡਰ ਉਪਲੱਬਧ ਕਰਾਉਣ ਕਿਉਂਕਿ ਉਨ੍ਹਾਂ ਨੂੰ ਆਕਸੀਜਨ ਗੈਸ ਭਰਨ ਲਈ ਸਿਲੰਡਰਾਂ ਦੀ ਜ਼ਰੂਰਤ ਹੈ ਤਾਂ ਜੋ ਕੋਵਿਡ-19 ਬਿਮਾਰੀ ਨਾਲ ਜੂਝ ਰਹੇ ਬਹੁਤ ਸਾਰੇ ਮਰੀਜ਼ਾਂ ਦੀਆਂ ਕੀਮਤੀ ਜਾਨਾਂ ਬਚਾਉਣ ਲਈ ਹਸਪਤਾਲਾਂ ਨੂੰ ਮੁਹੱਈਆ ਕਰਵਾਏ ਜਾ ਸਕਣ। ਉਨ੍ਹਾਂ ਇਨ੍ਹਾਂ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਨਾ ਕਰਨ ਵਾਲਿਆਂ ਨੂੰ ਐਨ.ਡੀ.ਐਮ.ਏ. ਐਕਟ, 2005 ਅਤੇ ਮਹਾਂਮਾਰੀ ਰੋਗ ਐਕਟ, 1897 ਦੇ ਅਧੀਨ ਕਾਰਵਾਈ ਦਾ ਸਾਹਮਣਾ ਕਰਨ ਦੀ ਵੀ ਚੇਤਾਵਨੀ ਦਿੱਤੀ ਸੀ।

About Author

Leave A Reply

WP2Social Auto Publish Powered By : XYZScripts.com