Sunday, May 11

ਡੀ.ਸੀ. ਦੇ ਨਿਰਦੇਸ਼ਾਂ ‘ਤੇ, ਖੁਰਾਕ ਸਪਲਾਈ ਟੀਮਾਂ ਨੇ ਸੁਚਾਰੂ ਖਰੀਦ ਤੇ ਸਹਿਜ ਲਿਫਟਿੰਗ ਨੂੰ ਯਕੀਨੀ ਬਣਾਉਣ ਲਈ ਅਨਾਜ ਮੰਡੀਆਂ ਦਾ ਕੀਤਾ ਦੌਰਾ

  • ਅਨਾਜ ਦੀ ਖਰੀਦ ਅਤੇ ਲਿਫਟਿੰਗ ਵਿੱਚ ਕਿਸੇ ਕਿਸਮ ਦੀ ਬੇਲੋੜੀ ਦੇਰੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ

ਲੁਧਿਆਣਾ, (ਸੰਜੇ ਮਿੰਕਾ) – ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਦੇ ਦਿਸ਼ਾ ਨਿਰਦੇਸ਼ਾਂ ‘ਤੇ ਜ਼ਿਲ੍ਹਾ ਖੁਰਾਕ ਅਤੇ ਸਪਲਾਈ ਕੰਟਰੋਲਰਾਂ ਦੀ ਅਗਵਾਈ ਹੇਠ ਖੁਰਾਕ ਸਪਲਾਈ ਟੀਮਾਂ ਨੇ ਤੁਰੰਤ ਖਰੀਦ ਅਤੇ ਸਹਿਜ ਲਿਫਟਿੰਗ ਨੂੰ ਯਕੀਨੀ ਬਣਾਉਣ ਲਈ ਅਨਾਜ ਮੰਡੀਆਂ ਦਾ ਦੌਰਾ ਕੀਤਾ। ਡੀ.ਐਫ.ਐੱਸ.ਸੀ. ਸ.ਸੁਖਵਿੰਦਰ ਸਿੰਘ ਗਿੱਲ ਨੇ ਮਹੇਰਨਾਂ ਕਲਾਂ ਅਤੇ ਲਤਾਲਾ ਅਨਾਜ ਮੰਡੀਆਂ ਸਮੇਤ ਵੱਖ-ਵੱਖ ਅਨਾਜ ਮੰਡੀਆਂ ਦਾ ਜਾਇਜ਼ਾ ਲਿਆ ਅਤੇ ਕਿਸਾਨਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਨੂੰ ਕਿਹਾ ਕਿ ਖਰੀਦ ਕੀਤੇ ਸਟਾਕ ਦੀ ਸਮੇਂ ਸਿਰ ਲਿਫਟਿੰਗ ਨੂੰ ਯਕੀਨੀ ਬਣਾਇਆ ਜਾਵੇ ਕਿਉਂਕਿ ਮੌਸਮ ਸਾਫ਼ ਹੈ ਅਤੇ ਅਨਾਜ ਨੂੰ ਚੰਗੀ ਤਰ੍ਹਾਂ ਸੁਕਾਇਆ ਜਾ ਸਕਦਾ ਹੈ। ਚੱਲ ਰਹੇ ਖਰੀਦ ਸੀਜ਼ਨ ਦੀ ਸਮੀਖਿਆ ਕਰਦਿਆਂ ਡਿਪਟੀ ਕਮਿਸ਼ਨਰ ਨੇ ਸਪੱਸ਼ਟ ਰੂਪ ਨਿਰਦੇਸ਼ ਜਾਰੀ ਕੀਤੇ ਹੋਏ ਹਨ ਕਿ ਅਨਾਜ ਦੀ ਖਰੀਦ ਅਤੇ ਲਿਫਟਿੰਗ ਵਿੱਚ ਕਿਸੇ ਕਿਸਮ ਦੀ ਬੇਲੋੜੀ ਦੇਰੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪਿਛਲੇ ਹਫ਼ਤੇ ਖਰਾਬ ਮੌਸਮ ਦੇ ਕਾਰਨ ਲਿਫਟਿੰਗ ਵਿੱਚ ਰੁਕਾਵਟ ਆ ਰਹੀ ਸੀ ਪਰ ਹੁਣ ਇਸ ਨੂੰ ਤੇਜ਼ ਕੀਤਾ ਜਾ ਰਿਹਾ ਹੈ ਅਤੇ ਖੁਰਾਕ ਸਪਲਾਈ ਅਧਿਕਾਰੀ ਅਨਾਜ ਮੰਡੀਆਂ ਵਿੱਚ ਖਰੀਦ ਪ੍ਰਬੰਧਾਂ ‘ਤੇ ਤਿੱਖੀ ਨਜ਼ਰ ਰੱਖਣ ਲਈ ਜ਼ਮੀਨ ਪੱਧਰ ‘ਤੇ ਜੁੜੇੇ ਹੋਏ ਹਨ। ਉਨ੍ਹਾਂ ਕਿਹਾ ਕਿ ਇਸ ਖਰੀਦ ਸੀਜ਼ਨ ਲਈ ਢੁੱਕਵੀਂ ਪ੍ਰਣਾਲੀ ਲਾਗੂ ਕਰਨ ਦੀ ਜ਼ਰੂਰਤ ਹੈ ਤਾਂ ਜੋ ਕਿਸਾਨਾਂ ਨੂੰ ਮੰਡੀਆਂ ਵਿਚ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਅਨਾਜ ਮੰਡੀਆਂ ਵਿੱਚ ਕਿਸਾਨਾਂ ਨੂੰ ਪ੍ਰੇਸ਼ਾਨ ਕਰਨ ਵਾਲੇ ਕਿਸੇ ਵੀ ਗੈਰ-ਕਾਨੂੰਨੀ ਅਨਸਰਾਂ ਵਿਰੁੱਧ ਸਖਤ ਕਾਰਵਾਈ ਕਰਨ ਦੇ ਆਦੇਸ਼ ਵੀ ਦਿੱਤੇ। ਉਨ੍ਹਾਂ ਕਿਹਾ ਕਿ ਪਿਛਲੇ ਸਾਲ 24 ਅਪ੍ਰੈਲ 2020 ਨੂੰ 2.71 ਲੱਖ ਮੀਟ੍ਰਿਕ ਟਨ ਦੀ ਖਰੀਦ ਦੇ ਮੁਕਾਬਲੇ ਮੌਜੂਦਾ ਮੰਡੀਕਰਨ ਸੀਜ਼ਨ ਵਿਚ 6.44 ਲੱਖ ਮੀਟ੍ਰਿਕ ਟਨ ਦੀ ਖਰੀਦ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਇਸ ਸਾਲ 9 ਲੱਖ ਮੀਟਰਕ ਟਨ ਕਣਕ ਦੀ ਆਮਦ ਦੀ ਉਮੀਦ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕੋਵਿਡ-19 ਮਹਾਂਮਾਰੀ ਕਾਰਨ ਚੱਲ ਰਹੀ ਸਥਿਤੀ ਕਾਰਨ ਪ੍ਰਸ਼ਾਸਨ ਵੱਲੋਂ 108 ਮੁੱਖ ਅਨਾਜ ਮੰਡੀਆਂ ਅਤੇ 124 ਅਸਥਾਈ ਖਰੀਦ ਕੇਂਦਰ ਸਥਾਪਤ ਕੀਤੇ ਗਏ ਹਨ ਤਾਂ ਜੋ ਮੰਡੀਆਂ ਵਿੱਚ ਸਮਾਜਿਕ ਦੂਰੀ ਦੀ ਪਾਲਣਾ ਨੂੰ ਯਕੀਨੀ ਬਣਾਇਆ ਜਾ ਸਕੇ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਇਹ ਸੁਨਿਸ਼ਚਿਤ ਕਰਨ ਲਈ ਵਚਨਬੱਧ ਹੈ ਕਿ ਜ਼ਿਲ੍ਹੇ ਭਰ ਦੀਆਂ ਅਨਾਜ ਮੰਡੀਆਂ ਵਿੱਚ ਆਪਣਾ ਪੀਲਾ ਸੋਨਾ ਵੇਚਣ ਲਈ ਕਿਸੇ ਕਿਸਮ ਦੀ ਦਿੱਕਤ ਪੇਸ਼ ਨਾ ਆਵੇ।

About Author

Leave A Reply

WP2Social Auto Publish Powered By : XYZScripts.com