Friday, May 9

ਭੰਗੜਾ ਕਲਾਕਾਰ ਤੇ ਪੰਜਾਬੀ ਗੀਤਕਾਰ ਗਿੱਲ ਸੁਰਜੀਤ ਦੇ ਦੇਹਾਂਤ ਤੇ ਲੁਧਿਆਣਾ ਚ ਸੋਗ ਦੀ ਲਹਿਰ

ਲੁਧਿਆਣਾ,(ਸੰਜੇ ਮਿੰਕਾ)- ਭਾਰਤੀ ਲੋਕ ਨਾਚ ਭੰਗੜਾ ਨੂੰ ਦੇਸ਼ ਦੇਸ਼ਾਂਤਰ  ਵਿੱਚ ਪੇਸ਼ ਕਰਨ ਵਾਲੇ ਕਲਾਕਾਰ ਤੇ ਜਗਤ ਪ੍ਰਸਿੱਧ ਗੀਤਕਾਰ ਗਿੱਲ ਸੁਰਜੀਤ ਦੀ ਪਟਿਆਲਾ ਵਿਖੇ ਅੱਜ ਸਵੇਰੇ ਹੋਈ ਮੌਤ ਕਾਰਨ ਲੁਧਿਆਣਾ ਦੇ ਸਾਹਿੱਤਕ, ਸਭਿਆਚਾਰਕ ਤੇ ਸੰਗੀਤਕ ਹਲਕਿਆਂ ਵਿੱਚ ਸੋਗ ਦੀ ਲਹਿਰ ਪਸਰ ਗਈ ਹੈ। ਗਿੱਲ ਸੁਰਜੀਤ  ਜ਼ਿੰਦਗੀ ਦਾ ਵੱਡਾ ਹਿੱਸਾ ਸਿਵਿਲ ਡੀਫੈਂਸ ਅਧਿਕਾਰੀ ਵਜੋਂ ਲੁਧਿਆਣਾ ਵਿੱਚ ਰਹੇ। ਲਗ ਪਗ ਤੀਹ ਸਾਲ ਉਹ ਲੁਧਿਆਣਾ ਵਾਸ ਦੌਰਾਨ ਪੰਜਾਬ ਦੀਆਂ ਯੂਨੀਵਰਸਿਟੀਆਂ ਤੇ ਕਾਲਜਾਂ ਵਿੱਚ ਸ਼ੌਕੀਆ ਤੌਰ ਤੇ ਗਿੱਧਾ ਤੇ ਭੰਗੜਾ ਸਿਖਾਉਂਦੇ ਰਹੇ। ਉਹ 1982 ਚ ਨਵੀਂ ਦਿੱਲੀ ਵਿਖੇ ਹੋਈਆਂ ਨੌਵੀਆਂ ਏਸ਼ਿਆਈ ਖੇਡਾਂ ਮੌਕੇ ਪੇਸ਼ ਭੰਗੜਾ ਨਾਚ ਦੇ ਕੋਚ ਪੈਨਲ ਦੇ ਮੈਂਬਰ ਸਨ। ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਕਿਹਾ ਹੈ ਕਿ ਦੋ ਦਿਨ ਵਿੱਚ ਹੀ ਬੰਸਰੀ ਵਾਦਕ ਰਵਿੰਦਰ ਸਿੰਘ ਮੋਹਾਲੀ,ਗਿੱਲ ਸੁਰਜੀਤ, ਮੰਚ ਅਦਾਕਾਰ ਲਲਿਤ ਬਹਿਲ , ਡਾ: ਨਰਿੰਦਰ ਕੌਰ ਜੌਹਲ ਸੁਪਤਨੀ ਸ. ਜਨਮੇਜਾ ਸਿੰਘ ਜੌਹਲ ਤੇ ਸ: ਭੁਪਿੰਦਰ ਸਿੰਘ ਮੋਹੀ ਦੀ ਮੌਤ ਮੇਰੇ ਲਈ ਪਰਿਵਾਰਕ ਘਾਟੇ ਵਾਂਗ ਹੈ। ਗਿੱਲ ਸੁਰਜੀਤ 1971 ਤੋਂ ਲੈ ਕੇ ਆਖਰੀ ਸਵਾਸਾਂ ਤੀਕ ਉਹ ਸਾਡੇ ਲਈ ਪ੍ਰੇਰਨਾ ਸਰੋਤ ਰਹੇ। ਗਿੱਲ ਸੁਰਜੀਤ ਪੰਜਾਬੀ ਸਾਹਿੱਤ ਅਕਾਡਮੀ ਦੇ ਵੀ ਜੀਵਨ ਮੈਂਬਰ ਸਨ। ਆਪਣੇ ਜੱਦੀ ਪਿੰਡ ਚੜਿੱਕ(ਮੋਗਾ) ਤੋਂ ਪਟਿਆਲਾ ਵੱਸੇ ਗਿੱਲ ਪਰਿਵਾਰ ਦੇ ਉਹ ਕਲਾਵੰਤ ਪੁੱਤਰ ਸਨ। ਉਨ੍ਹਾਂ ਦੀ ਨਿੱਕੀ ਭੈਣ ਪ੍ਰਿੰਸੀਪਲ ਡਾ. ਪ੍ਰਭਸ਼ਰਨ ਕੌਰ  ਵੀ ਗਿੱਧਾ ਤੇ ਫਿਲਮ ਅਦਾਕਾਰੀ ਵਿੱਚ ਪ੍ਰਮੁੱਖ ਹਸਤੀ ਹਨ। ਗਿੱਲ ਸੁਰਜੀਤ ਦੇ ਗੀਤਾਂ ਦੇ ਤਿੰਨ ਸੰਗ੍ਰਹਿ ਮੇਲਾ ਮੁੰਡੇ ਕੁੜੀਆਂ ਦਾ, ਝਾਂਜਰ ਦਾ ਛਣਕਾਟਾ,ਵੰਗਾਂ ਦੀ ਛਣਕਾਰ ਤੇ ਚੇਤੇ ਕਰ ਬਚਪਨ ਨੂੰ ਨਾਮ ਅਧੀਨ ਪ੍ਰਕਾਸ਼ਿਤ ਹੋਏ। ਉੱਘੇ ਲੋਕ ਗਾਇਕ ਸੁਰਿੰਦਰ ਸ਼ਿੰਦਾ, ਹਰਦੀਪ ਮੋਹਾਲੀ, ਮਲਕੀਤ ਸਿੰਘ ਗੋਲਡਨ ਸਟਾਰ ਤੇ ਹੋਰ ਅਨੇਕਾਂ ਗਾਇਕਾਂ ਨੇ ਉਸ ਦੇ ਲਗਪਗ 300 ਗੀਤ ਰੀਕਾਰਡ ਕਰਵਾਏ। ਨਿਊਯਾਰਕ (ਅਮਰੀਕਾ) ਤੋਂ ਲੋਕ ਗਾਇਕ ਸੁਰਿੰਦਰ ਸ਼ਿੰਦਾ ਨੇ ਟੈਲੀਫੋਨ ਰਾਹੀਂ ਅਫਸੋਸ ਪ੍ਰਗਟ ਕਰਦਿਆਂ ਕਿਹਾ ਹੈ ਕਿ ਪੰਜਾਬ ਦੀ ਸਹੀ ਲੋਕ ਨਬਜ਼ ਪਛਾਨਣ ਵਾਲੇ ਗੀਤਕਾਰ ਦਾ ਵਿਛੋੜਾ ਬੇਹੱਦ ਦੁਖਦਾਈ ਹੈ। ਪੰਜਾਬੀ ਲੋਕ ਨਾਚ ਤੇ ਸੰਗੀਤ ਦਾ ਸੁਮੇਲ ਕਰਕੇ ਉਸ ਨੇ ਨਵਾਂ ਮੁਹਾਂਦਰਾ ਘੜਿਆ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾ: ਐੱਸ ਪੀ ਸਿੰਘ, ਪੰਜਾਬ ਆਰਟਸ ਕੌਂਸਲ ਦੇ ਚੇਅਰਮੈਨ ਡਾ: ਸੁਰਜੀਤ ਪਾਤਰ,ਪੰਜਾਬੀ ਸਾਹਿੱਤ ਅਕਾਡਮੀ ਦੇ ਪ੍ਰਧਾਨ ਪ੍ਰੋ: ਰਵਿੰਦਰ ਭੱਠਲ, ਡਾ: ਆਤਮਜੀਤ ਸਿੰਘ,ਲੋਕ ਨਾਚ ਮਾਹਿਰ ਰਵਿੰਦਰ ਰੰਗੂਵਾਲ, ਟਹਿਲ ਸਿੰਘ ਖੀਵਾ, ਹਰਵਿੰਦਰ ਸਿੰਘ ਬਾਜਵਾ, ਪੰਜਾਬੀ ਸਭਿਆਚਾਰਕ ਸੱਥ ਦੇ ਚੇਅਰਮੈਨ ਜਸਮੇਰ ਸਿੰਘ ਢੱਟ,ਪੰਜਾਬ ਯੂਨੀਵਰਸਿਟੀ ਦੇ ਡਾਇਰੈਕਟਰ ਡਾ: ਨਿਰਮਲ ਜੌੜਾ, ਸੈਨੇਟਰ ਹਰਪ੍ਰੀਤ ਸਿੰਘ ਦੂਆ,ਲੋਕ ਗਾਇਕ ਪਾਲੀ ਦੇਤਵਾਲੀਆ, ਜਸਵੰਤ ਸੰਦੀਲਾ, ਡਾ: ਵੀਰ ਸੁਖਵੰਤ,ਸੁਖਵਿੰਦਰ ਸੁੱਖੀ, ਪੰਜਾਬੀ ਲੇਖਕ ਡਾ: ਗੁਰਇਕਬਾਲ ਸਿੰਘ, ਤ੍ਰੈਲੋਚਨ ਲੋਚੀ, ਮਨਜਿੰਦਰ ਧਨੋਆ, ਸਹਿਜਪ੍ਰੀਤ ਸਿੰਘ ਮਾਂਗਟ, ਡਾ: ਅਨਿਲ ਸ਼ਰਮਾ, ਡਾ. ਜਗਵਿੰਦਰ ਜੋਧਾ,ਦਲਜੀਤ ਸਿੰਘ ਜੱਸਲ,ਮਲਕੀਤ ਸਿੰਘ ਔਲਖ, ਸਰਬਜੀਤ ਵਿਰਦੀ ਤੇ ਹਰਬੰਸ ਮਾਲਵਾ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

About Author

Leave A Reply

WP2Social Auto Publish Powered By : XYZScripts.com