
ਜਗਰਾਉਂ (ਲੁਧਿਆਣਾ), (ਸੰਜੇ ਮਿੰਕਾ)- ਸਨਮਤੀ ਸਰਕਾਰੀ ਸਾਇੰਸ ਅਤੇ ਖੋਜ ਕਾਲਜ ਜਗਰਾਉਂ ਵਿਖੇ ਅੱਜ ਕਾਲਜ ਦੇ ਡਾਇਰੈਕਟਰ ਡਾ. ਸੁਖਵਿੰਦਰ ਕੌਰ ਦੀ ਅਗਵਾਈ ਹੇਠ ਵਾਈਸ ਡਾਇਰੈਕਟਰ ਪ੍ਰੋ. ਨਿਰਮਲ ਸਿੰਘ ਦੁਆਰਾ ਉਦਘਾਟਨੀ ਸਮਾਰੋਹ ਆਯੋਜਿਤ ਕੀਤਾ ਗਿਆ। ਨਵੇਂ ਬਣੇ ਰੂਸਾ ਸੈਮੀਨਾਰ ਹਾਲ ਦਾ ਉਦਘਾਟਨੀ ਸਮਾਰੋਹ ਵਿੱਚ ਇੰਜੀਨੀਅਰ ਸੁਖਵਿੰਦਰ ਸਿੰਘ ਬਿੰਦਰਾ ਚੇਅਰਮੈਨ ਜੂਥ ਡਿਵੈਲਪਮੈਂਟ ਬੋਰਡ, ਪੰਜਾਬ ਸਰਕਾਰ ਮੁੱਖ ਮਹਿਮਾਨ ਦੇ ਤੌਰ ਤੇ ਸ਼ਿਰਕਤ ਕਰਦਿਆਂ ਨਵੇਂ ਬਣੇ ਸੈਮੀਨਾਰ ਰੂਸਾ ਹਾਲ ਦਾ ਉਦਘਾਟਨ ਕੀਤਾ। ਕਾਲਜ ਡਾਇਰੈਕਟਰ ਡਾ.ਸੁਖਵਿੰਦਰ ਕੌਰ ਤੇ ਪ੍ਰੋ.ਨਿਰਮਲ ਸਿੰਘ ਵੱਲੋਂ ਉਨ੍ਹਾਂ ਨੂੰ ਫੁੱਲਾਂ ਦਾ ਗੁਲਦਸਤਾ ਦੇ ਕੇ ਉਨ੍ਹਾਂ ਦਾ ਰਸਮੀ ਸਵਾਗਤ ਕੀਤਾ ਗਿਆ। ਪ੍ਰੋ.ਨਿਰਮਲ ਸਿੰਘ ਨੇ ਆਏ ਹੋਏ ਮੁੱਖ ਮਹਿਮਾਨ ਦਾ ਰਸਮੀ ਸਵਾਗਤ ਕਰਦਿਆਂ ਉਨ੍ਹਾਂ ਦੁਆਰਾ ਕੀਤੇ ਗਏ ਕੰਮਾਂ ਦਾ ਜ਼ਿਕਰ ਕੀਤਾ। ਕਾਲਜ ਡਾਇਰੈਕਟਰ ਦੁਆਰਾ ਕਾਲਜ ਦੀ ਰਿਪੋਰਟ ਪੜ੍ਹਦਿਆਂ ਕਾਲਜ ਵਿੱਚ ਕੀਤੇ ਗਏ ਕੰਮਾਂ ਅਤੇ ਕਾਲਜ ਦੀਆਂ ਵਿਸ਼ੇਸ਼ ਪ੍ਰਾਪਤੀਆਂ ਦਾ ਜ਼ਿਕਰ ਕੀਤਾ।
ਮੁੱਖ ਮਹਿਮਾਨ ਇੰਜੀਨੀਅਰ ਸੁਖਵਿੰਦਰ ਸਿੰਘ, ਚੇਅਰਮੈਨ ਪੰਜਾਬ ਯੁਵਕ ਡਿਵੈਲਪਮੈਂਟ ਬੋਰਡ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸਾਡੀ ਸਰਕਾਰ ਯੂਥ ਨੂੰ ਅੱਗੇ ਲੈ ਕੇ ਜਾਣ ਲਈ ਉਪਰਾਲੇ ਕਰ ਰਹੀ ਹੈ ।ਪੰਜਾਬ ਦੀ ਤਰੱਕੀ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਉਨ੍ਹਾਂ ਨੂੰ ਖੇਡਾਂ ਵੱਲ ਲਿਜਾਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਦੂਸਰੇ ਸ਼ੈਸ਼ਨ ਵਿੱਚ ਆਯੁਰਵੈਦਿਕ ਡਾਕਟਰ ਹਿਮਾਂਸ਼ੂ ਮਿਸ਼ਰਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸਾਨੂੰ ਆਪਣੇ ਖਾਣ ਪੀਣ ਵੱਲ ਖਾਸ ਧਿਆਨ ਦੇਣ ਦੀ ਜਰੂਰਤ ਹੈ। ਡਾ.ਹਿਮਾਂਸ਼ੂ ਮਿਸ਼ਰਾ ਨੇ ਕਿਹਾ ਕਿ ਮਨੁੱਖੀ ਸਰੀਰ ਪੰਜ ਤੱਤਾਂ ਦਾ ਬਣਿਆ ਹੋਇਆ ਇਨ੍ਹਾਂ ਪੰਜੇ ਤੱਤਾਂ ਵਿਚ ਸੰਤੁਲਨ ਬਣੇ ਰਹਿਣਾ ਬਹੁਤ ਜ਼ਰੂਰੀ ਹੈ। ਕਿਉਕਿ ਕਿਸੇ ਵੀ ਤੱਤ ਦੇ ਘਟਨ ਜਾਂ ਵਧਣ ਨਾਲ ਸਰੀਰ ਅੰਦਰ ਬਿਮਾਰੀਆਂ ਦੀ ਸ਼ੁਰੂਆਤ ਹੋ ਜਾਂਦੀ ਹੈ। ਜੇਕਰ ਅਸੀਂ ਰੋਗਾਂ ਤੋਂ ਰਹਿਤ ਜ਼ਿੰਦਗੀ ਜਿਊਣੀ ਹੈ ਤਾਂ ਸਾਨੂੰ ਕੁਦਰਤੀ ਚੀਜ਼ਾਂ ਦਾ ਸੇਵਨ ਕਰਨਾ ਬਹੁਤ ਜ਼ਰੂਰੀ ਹੈ। ਸ਼੍ਰੀਮਤੀ ਸਰਬਦੀਪ ਕੌਰ ਸਿੱਧੂ ਦੁਆਰਾ ਡਾ.ਮਿਸ਼ਰਾ ਦੇ ਜੀਵਨ ਬਾਰੇ ਜਾਣਕਾਰੀ ਦਿੱਤੀ ਗਈ।ਮੰਚ ਸੰਚਾਲਨ ਡਾ. ਕਰਮਦੀਪ ਕੌਰ ਤੇ ਮਿਸ ਅਮੀਤ ਰਾਣਾ ਦੁਆਰਾ ਕੀਤਾ ਗਿਆ। ਕਾਲਜ ਪਹੁੰਚੇ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਸ਼੍ਰੀਮਤੀ ਨਿਧੀ ਮਹਾਜਨ ਦੁਆਰਾ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਕਾਲਜ ਦਾ ਸਮੁੱਚਾ ਸਟਾਫ਼ ਹਾਜਰ ਸੀ ਤੇ ਵਿਦਿਆਰਥੀਆਂ ਵੱਲੋਂ ਗਜਲ, ਗੀਤ ਤੇ ਡਾਂਸ ਕੀਤਾ। ਪ੍ਰੋਗਰਾਮ ਦੇ ਅਖੀਰ ਵਿੱਚ ਸਮੁੱਚੇ ਸਟਾਫ਼ ਦਾ ਨਾੜੀ ਪ੍ਰੀਖਣ ਡਾ.ਹਿਮਾਂਸ਼ੂ ਮਿਸ਼ਰਾ ਦੁਆਰਾ ਕੀਤਾ ਗਿਆ। ਡਾ ਹਿਮਾਂਸ਼ੂ ਮਿਸ਼ਰਾ ਦੁਆਰਾ ਕੀਤੇ ਗਏ ਨਾੜੀ ਪ੍ਰੀਖਣ ਦਾ ਸਮੁੱਚੇ ਸਟਾਫ ਵੱਲੋਂ ਸ਼ਲਾਘਾ ਕਰਦਿਆਂ ਅੱਗੇ ਤੋਂ ਆਯੁਰਵੈਦਿਕ ਨਾਲ ਜੁੜੇ ਰਹਿਣ ਦਾ ਵਾਅਦਾ ਕੀਤਾ ਤਾਂ ਜੋ ਅਸੀਂ ਨਿਰੋਗ ਜੀਵਨ ਜਿਉਂ ਸਕੀਏ।