- ਮੁੱਢਲੀ ਡਾਕਟਰੀ ਜਾਂਚ ਵਿੱਚ ਮੌਤ ਦਾ ਕਾਰਣ ਟੀਬੀ ਤੇ ਫੇਫੜਿਆਂ ਵਿੱਚ ਬਿਮਾਰੀ ਰਾਜ ਪੱਧਰੀ ਡਾਕਟਰਾਂ ਦੀ ਟੀਮ ਕਰੇਗੀ ਜਾਂਚ
ਲੁਧਿਆਣਾ, (ਸੰਜੇ ਮਿੰਕਾ)- ਲੁਧਿਆਣਾ ਵਿੱਚ ਵਿਅਕਤੀ ਦੀ ਮੌਤ ਟੀਕਾਕਰਨ ਕਰਕੇ ਨਹੀਂ ਸਗੋਂ ਉਸ ਦੇ ਫੇਫੜਿਆਂ ਤੇ ਟੀਬੀ ਦੀ ਬਿਮਾਰੀ ਕਰਕੇ ਹੋਈ ਹੈ। ਇਹ ਖੁਲਾਸਾ ਸਿਵਲ ਸਰਜਨ ਡਾ. ਸੁਖਜੀਵਨ ਕੱਕੜ ਨੇ ਕੀਤਾ। ਉਨ੍ਹਾਂ ਨੇ ਪ੍ਰੈਸ ਬਿਆਨ ਵਿੱਚ ਦੱਸਿਆ ਕਿ ਜਗਦੀਸ਼ ਪ੍ਰਸਾਦ (57 ਸਾਲ), ਨਿਵਾਸੀ ਸ਼ਿਮਲਾ ਪੁਰੀ ਲੁਧਿਆਣਾ ਦੇ ਪ੍ਰਾਈਵੇਟ ਹਸਪਤਾਲ ਵਿੱਚ 9 ਅਪ੍ਰੈਲ, 2021 ਨੂੰ ਕੋਰੋਨਾ ਟੀਕਾਕਰਨ ਕਰਵਾਇਆ ਸੀ। ਉਸਨੂੰ ਬੁਖਾਰ ਹੋ ਰਿਹਾ ਸੀ ਅਤੇ 12 ਅਪ੍ਰੈਲ ਨੂੰ ਖੂਨ ਦੀ ਉਲਟੀ ਆਉਣ ਕਾਰਣ ਉਸਨੂੰ ਹਸਪਤਾਲ ਦਾਖਿਲ ਕਰਵਾਇਆ ਗਿਆ। ਵੱਖ-ਵੱਖ ਪ੍ਰਾਈਵੇਟ ਹਸਪਤਾਲਾਂ ਵੱਲੋਂ ਰੈਫਰ ਕਰਨ ਤੋਂ ਬਾਅਦ 13 ਅਪ੍ਰੈਲ ਨੂੰ ਉਸਨੂੰ ਸਿਵਲ ਹਸਪਤਾਲ ਲੁਧਿਆਣਾ ਦਾਖਿਲ ਕਰਵਾਇਆ ਗਿਆ ਅਤੇ ਕੋਰੋਨਾ ਦਾ ਰੈਪਿਡ ਟੈਸਟ ਨੈਗੇਟਿਵ ਆਇਆ ਤੇ ਉਸਨੂੰ ਖੂਨ ਦੀ ਇੱਕ ਉਲਟੀ ਆਈ ਸੀ। 14 ਅਪ੍ਰੈਲ ਨੂੰ ਸਵੇਰੇ ਹਸਪਤਾਲ ਵਿੱਚ ਉਸਦੀ ਮੌਤ ਹੋ ਗਈ। ਸਿਵਲ ਸਰਜਨ ਨੇ ਕਿਹਾ ਕਿ ਸਥਾਨਕ ਡਾਕਟਰਾਂ ਅਨੁਸਾਰ ਉਸ ਨੂੰ ਪਿੱਛਲੇ 8 ਸਾਲ ਤੋਂ ਟੀਬੀ ਤੇ ਫੇਫੜਿਆਂ ਦੀ ਬਿਮਾਰੀ ਸੀ ਤੇ ਉਸ ਨੂੰ ਪਿੱਛਲੇ 8 ਸਾਲਾਂ ਤੋਂ ਕਦੇ ਕਦੇ ਖੂਨ ਦੀ ਉਲਟੀ ਆਉਂਦੀ ਸੀ, ਜਿਸ ਨੂੰ ਰੋਕਣ ਲਈ ਟੀਕਾ ਲਗਾਇਆ ਜਾਂਦਾ ਸੀ। ਉਸ ਦਾ ਜੈਪੁਰ ਤੋਂ ਇਲਾਜ ਚੱਲ ਰਿਹਾ ਸੀ ਤੇ 1 ਫੇਫੜਾ ਪਹਿਲਾਂ ਤੋਂ ਹੀ ਕੰਮ ਕਰਨਾ ਲਗਭਗ ਬੰਦ ਕਰ ਚੁੱਕਿਆ ਸੀ। ਇਸ ਦਾ ਆਪ੍ਰੇਸ਼ਨ ਵੀ ਕੀਤਾ ਜਾਣਾ ਸੀ। ਇਹ ਜਾਣਕਾਰੀ ਮ੍ਰਿਤਕ ਦੇ ਪਰਿਵਾਰ ਵੱਲੋਂ ਇਲਾਜ ਕਰ ਰਹੇ ਡਾਕਟਰਾਂ ਨੂੰ ਦਿੱਤੀ ਗਈ ਸੀ। ਡਾ. ਸੁਖਜੀਵਨ ਕੱਕੜ ਨੇ ਦੱਸਿਆ ਕਿ ਰਾਜ ਪੱਧਰੀ ਐਡਵਰਸ ਇਵੇਂਟਸ ਫਾਲੋਇੰਗ ਇਮੂਨਾਈਜੇਸ਼ਨ ਕਮੇਟੀ ਵੱਲੋਂ ਜਾਂਚ ਕੀਤੀ ਜਾਵੇਗੀ। ਇਸ ਕਮੇਟੀ ਵੱਲੋਂ ਮੌਤ ਦੇ ਕਾਰਨਾਂ ਦੀ ਜਾਂਚ ਕੀਤੀ ਜਾਵੇਗੀ ਅਤੇ ਇਸ ਦੀ ਰਿਪੋਰਟ ਦੇ ਆਧਾਰ ਤੇ ਕੋਈ ਠੋਸ ਫੈਸਲਾ ਲਿਆ ਜਾ ਸਕਦਾ ਹੈ। ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਟੀਕਾਕਰਨ ਜ਼ਰੂਰ ਕਰਵਾਉਣ ਤੇ ਕੋਵਿਡ ਅਨੁਰੂਪ ਵਿਹਾਰਾਂ ਜਿਵੇਂ ਕਿ ਮਾਸਕ ਪਹਿਨਨਾ, ਹੱਥ ਧੋਣਾ ਤੇ ਸਮਾਜਿਕ ਦੂਰੀ ਦੀ ਪਾਲਣਾ ਕਰਨਾ ਯਕੀਨੀ ਬਣਾਇਆ ਜਾਵੇ।