- ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਾਰ ਸੌ ਸਾਲਾ ਪ੍ਰਕਾਸ਼ ਪੁਰਬ ਨੂੰ ਮਨਾਉਣ ਦੀਆਂ ਤਿਆਰੀਆਂ ਵਿਸ਼ਵ ਪੱਧਰ ਤੇ – ਭਾਈ ਗੋਬਿੰਦ ਸਿੰਘ ਲੌਂਗੋਵਾਲ
ਲੁਧਿਆਣਾ (ਵਿਸ਼ਾਲ,ਰਾਜੀਵ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਾਰ ਸੌ ਸਾਲਾ ਪ੍ਰਕਾਸ਼ ਪੁਰਬ ਨੂੰ ਮਨਾਉਣ ਦੀਆਂ ਤਿਆਰੀਆਂ ਵਿਸ਼ਵ ਪੱਧਰ ਤੇ ਚੱਲ ਰਹੀਆਂ ਹਨ । ਇਨਾਂ ਸਮਾਗਮਾਂ ਵਿੱਚ ਜਿੱਥੇ ਸਮੁੱਚੀਆਂ ਸੰਗਤਾਂ ਵੱਧ ਚੜਕੇ ਸ਼ਮੂਲੀਅਤ ਕਰਨ, ਉਥੇ ਨੌਜਵਾਨ ਪੀੜੀ ਦੀ ਸ਼ਮੂਲੀਅਤ ਨੂੰ ਵੀ ਯਕੀਨੀ ਬਣਾਇਆ ਜਾਵੇ ਤਾਂ ਜੋ ਉਨਾਂ ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਵੱਲੋਂ ਜਬਰ ਜੁਲਮ ਦੇ ਖ਼ਿਲਾਫ਼ ਦਿੱਤੀ ਗਈ ਕੁਰਬਾਨੀ ਅਤੇ ਇਤਿਹਾਸ ਬਾਰੇ ਜਾਣਕਾਰੀ ਪ੍ਰਾਪਤ ਹੋ ਸਕੇ ।ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਅੱਜ ਇੱਥੇ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਫੀਲਡ ਗੰਜ ਲੁਧਿਆਣਾ ਵਿਖੇ ਨਾਮ ਸਿਮਰਨ ਅਭਿਆਸ ਸਮਾਗਮ ਦੌਰਾਨ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਸਾਂਝੀਆਂ ਕਰਦਿਆਂ ਕਿਹਾ ਕਿ ਇਸ ਤਰਾਂ ਦੇ ਸਮਾਗਮ ਸਿੱਖ ਧਰਮ ਦੇ ਪ੍ਰਚਾਰ ਅਤੇ ਪ੍ਰਸਾਰ ਦੀ ਮੁਹਿੰਮ ਨੂੰ ਪ੍ਰਚੰਡ ਕਰਨ ਵਿੱਚ ਸਹਾਈ ਹੁੰਦੇ ਹਨ। ਉਨਾਂ ਨੇ ਐੱਸ ਜੀ ਪੀ ਸੀ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਅਤੇ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਦੇ ਮੁੱਖ ਸੇਵਾਦਾਰ ਪਿ੍ਰਤਪਾਲ ਸਿੰਘ ਵੱਲੋਂ ਧਾਰਮਿਕ ਖੇਤਰ ਵਿੱਚ ਨਿਭਾਈਆਂ ਜਾ ਰਹੀਆਂ ਸੇਵਾਵਾਂ ਸੇਵਾਵਾਂ ਦੀ ਵੀ ਭਰਪੂਰ ਸ਼ਲਾਘਾ ਕੀਤੀ। ਭਾਈ ਰਜਿੰਦਰਪਾਲ ਸਿੰਘ ਖਾਲਸਾ ਨੇ ਆਪਣੇ ਜੱਥੇ ਨਾਲ ਮਿਲਕੇ ਸ੍ਰੀ ਜਪੁਜੀ ਸਾਹਿਬ ਅਤੇ ਚੋਪਈ ਸਾਹਿਬ ਜੀ ਦੇ ਪਾਠ ਸੰਗਤੀ ਰੂਪ ਚ ਕੀਤੇ। ਅਕਾਲ ਸਹਾਏ ਕੀਰਤਨੀ ਜੱਥਾ ਅਤੇ ਬੀਬੀ ਹਰਸ਼ਰਨ ਕੋਰ ਦੇ ਰਾਗੀ ਜੱਥੇ ਨੇ ਗੁਰਬਾਣੀ ਕੀਰਤਨ ਰਾਹੀ ਸੰਗਤਾਂ ਨੂੰ ਨਿਹਾਲ ਕੀਤਾ। ਭਾਈ ਗੁਰਦਾਸ ਗੁਰਮਤਿ ਮਿਸਨਰੀ ਕਾਲਜ ਦੇ ਵਿਦਿਆਰਥੀਆਂ ਨੇ ਭਾਈ ਬਲਵਿੰਦਰ ਸਿੰਘ ਨਾਲ ਮਿਲ ਕੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਦਿਆਂ ਸੰਗਤਾਂ ਨੂੰ ਨਿਤਨੇਮ ਨਾਲ ਜੁੜਨ ਦੀ ਅਪੀਲ ਕੀਤੀ। ਸਿੱਖ ਵਿਦਵਾਨ ਗਿਆਨੀ ਹਰਜੀਤ ਸਿੰਘ ਨੇ ਸੰਗਤਾਂ ਨੂੰ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਚੋਂ ਵਿਆਖਿਆ ਕਰਕੇ ਗੁਰਬਾਣੀ ਨਾਲ ਜੁੜਨ ਦਾ ਸੱਦਾ ਦਿੱਤਾ।ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਅਤੇ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਦੇ ਮੁੱਖ ਸੇਵਾਦਾਰ ਪਿ੍ਰਤਪਾਲ ਸਿੰਘ ਨੇ ਰਾਗੀ ਜੱਥੇ ਨੂੰ ਸਿਰੋਪਾਓ ਭੇਟ ਕਰਦਿਆਂ ਸਨਮਾਨਿਤ ਕੀਤਾ। ਇਸ ਗੁਰਮਤਿ ਸਮਾਗਮ ਵਿੱਚ ਸ੍ਰੋਮਣੀ ਕਮੇਟੀ ਮੈਂਬਰ ਬੀਬੀ ਰਜਿੰਦਰ ਕੌਰ, ਜਨਰਲ ਸਕੱਤਰ ਅਵਤਾਰ ਸਿੰਘ, ਰਣਦੀਪ ਸਿੰਘ ਡਿੰਪਲ, ਅਮਰਜੀਤ ਸਿੰਘ ਹੈਪੀ, ਕੰਵਲਪ੍ਰੀਤ ਸਿੰਘ, ਗੁਰਪ੍ਰੀਤ ਸਿੰਘ ਵਿੰਕਲ, ਜਗਜੀਤ ਸਿੰਘ, ਸਤਨਾਮ ਸਿੰਘ, ਕੁਲਦੀਪ ਸਿੰਘ ਦੂਆ, ਹਰਜੋਤ ਸਿੰਘ ਹੈਰੀ, ਇਸ਼ਪ੍ਰੀਤ ਸਿੰਘ, ਅਰਵਿੰਦਰ ਸਿੰਘ ਧੰਜਲ ਸਮੇਤ ਸੰਗਤਾਂ ਨੇ ਨੇ ਹਾਜਰੀ ਭਰੀ। ਰਾਗੀ ਜੱਥੇ ਦਾ ਸਨਮਾਨ ਕਰਦੇ ਹੋਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਅਤੇ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਪਿ੍ਰਤਪਾਲ ਸਿੰਘ।