Friday, May 9

ਜ਼ਿਲ੍ਹਾ ਪ੍ਰਸ਼ਾਸਨ 3 ਤੇ 4 ਅਪ੍ਰੈਲ ਨੂੰ ਲਗਾਵੇਗਾ ਸਪੈਸ਼ਲ ਮਾਸ ਵੈਕਸੀਨੇਸ਼ਨ ਕੈਂਪ – ਵਰਿੰਦਰ ਕੁਮਾਰ ਸ਼ਰਮਾ

  • ਅੱਜ ਵੀ 7700 ਲੋਕਾਂ ਨੂੰ ਟੀਕਾ ਲਗਾਇਆ, ਇੱਕ ਦਿਨ ‘ਚ 15 ਹਜ਼ਾਰ ਲੋਕਾਂ ਦਾ ਟੀਕਾਕਰਨ ਕਰਨ ਦਾ ਮਿੱਥਿਆ ਹੈ ਟੀਚਾ
  • ਵਪਾਰੀਆਂ ਨੂੰ ਕੀਤੀ ਅਪੀਲ, ਝੁੱਠੀਆਂ ਅਫਵਾਹਾਂ ਨੂੰ ਦੂਰ ਕਰਨ ‘ਚ ਕਰਨ ਸਹਿਯੋਗ

ਲੁਧਿਆਣਾ, (ਸੰਜੇ ਮਿੰਕਾ) – ਲੁਧਿਆਣਾ ਵਿਖੇ ਕੋਵਿਡ ਮਾਮਲਿਆਂ ਵਿੱਚ ਤੇਜ਼ੀ ਨਾਲ ਹੋ ਰਹੇ ਵਾਧੇ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਅੱਜ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ 3 ਅਤੇ 4 ਅਪ੍ਰੈਲ, 2021 ਨੂੰ ਸਪੈਸ਼ਲ ਮਾਸ ਵੈਕਸੀਨੇਸ਼ਨ ਕੈਂਪ ਲਗਾਵੇੇਗਾ, ਜਿਸਦੇ ਤਹਿਤ ਜਿਲ੍ਹੇ ਭਰ ਵਿੱਚ ਇੱਕ ਦਿਨ ਵਿੱਚ 15000 ਵਿਅਕਤੀਆਂ ਦੀ ਟੀਕਾਕਰਣ ਕੀਤਾ ਜਾਵੇਗਾ। ਪੁਲਿਸ ਲਾਈਨਾਂ ਵਿਚ ਵਪਾਰੀਆਂ, ਮੈਰਿਜ ਪੈਲੇਸਾਂ, ਹੋਟਲ ਮਾਲਕਾਂ/ਐਮ.ਸੀ/ਰੈਸਟੋਰੈਂਟਾਂ ਅਤੇ ਹੋਰਾਂ ਨਾਲ ਪੜਾਅਵਾਰ ਮੀਟਿੰਗਾਂ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਿਰਫ ਟੀਕਾਕਰਨ ਮੁਹਿੰਮ ਵਿਚ ਤੇਜ਼ੀ ਲਿਆ ਕੇ ਕੋਰੋਨਾ ਮਹਾਂਮਾਰੀ ਤੋਂ ਬਚਿਆ ਜਾ ਸਕਦਾ ਹੈ, ਜੋਕਿ ਕੋਵਿਡ-19 ਦੀ ਲੜੀ ਤੋੜਨ ਵਿੱਚ ਸਹਾਈ ਸਿੱਧ ਹੋਵੇਗੀ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਪਹਿਲਾਂ ਹੀ ਜੰਗੀ ਪੱਧਰ ‘ਤੇ ਇਹ ਮੁਹਿੰਮ ਚਲਾ ਰਿਹਾ ਹੈ ਅਤੇ ਅੱਜ ਵੀ 7700 ਲੋਕਾਂ ਨੂੰ ਟੀਕਾ ਲਗਾਇਆ ਗਿਆ ਹੈ, ਜੋ ਕਿ ਹੁਣ ਤਕ ਸਭ ਤੋਂ ਵੱਧ ਲੁਧਿਆਣਾ ਵਿਚ ਹਨ ਤੇ ਵੈਕਸੀਨੇਸ਼ਨ ਕਰਾਉਣ ਵਾਲਿਆ ਦੀ ਕੁੱਲ 159462 ਹੋ ਗਈ ਹੈ। ਡਿਪਟੀ ਕਮਿਸ਼ਨਰ ਵੱਲੋਂ ਹਰੇਕ ਖੇਤਰ/ਵਾਰਡ ਨੂੰ ਮਾਸ ਕੈਂਪਾਂ ਰਾਹੀਂ ਜੋੜਿਆ ਹੈ, ਉਨ੍ਹਾਂ ਦਾ ਟੀਚਾ ਹੈ ਕਿ ਇੱਕ ਦਿਨ ਵਿੱਚ ਘੱਟੋ ਘੱਟ 15000 ਯੋਗ ਵਿਅਕਤੀਆਂ ਦਾ ਟੀਕਾਕਰਣ ਕੀਤਾ ਜਾਵੇ। ਇਹ ਪ੍ਰਗਟਾਵਾ ਕਰਦਿਆਂ ਕਿ ਕੱਲ੍ਹ (1 ਅਪ੍ਰੈਲ) ਤੋਂ, 45 ਸਾਲ ਤੋਂ ਵੱਧ ਉਮਰ ਦੇ ਸਾਰੇ ਲੋਕਾਂ ਨੂੰ ਇਹ ਟੀਕਾ ਲਗਾਇਆ ਜਾਵੇਗਾ, ਡਿਪਟੀ ਕਮਿਸ਼ਨਰ ਨੇ ਜ਼ੋਰ ਦੇ ਕੇ ਕਿਹਾ ਕਿ ਅਸੀਂ ਟੀਕਾਕਰਨ ਵਿੱਚ ਤੇਜ਼ੀ ਲਿਆਉਣ ਲਈ ਠੋਸ ਯਤਨ ਕਰ ਰਹੇ ਹਾਂ ਪਰ ਵਸਨੀਕਾਂ ਤੋਂ ਜਲਦ ਤੋ ਜਲਦ ਟੀਕਾਕਰਨ ਕਰਾਉਣ ਲਈ ਦਿਲੋਂ ਸਹਿਯੋਗ ਦੀ ਮੰਗ ਕਰਦੇ ਹਾਂ। ਸ੍ਰੀ ਸ਼ਰਮਾ ਨੇ ਵਪਾਰੀਆਂ ਅਪੀਲ ਕਰਦਿਆਂ ਕਿਹਾ ਉਨ੍ਹਾਂ ਦਾ ਆਬਾਦੀ ਦੇ ਸਭ ਤੋਂ ਵੱਡੇ ਹਿੱਸੇ ਨਾਲ ਸੰਪਰਕ ਹੈ ਅਤੇ ਉਹ ਆਪਣੇ ਗਰੁੱਪਾਂ ਵਿਚ ਗਲਤ ਜਾਣਕਾਰੀ, ਝਿੱਜਕ ਅਤੇ ਵੈਕਸੀਨ ਸਬੰਧੀ ਝੁੱਠੀਆਂ ਅਫਵਾਹਾਂ ਨੂੰ ਦੂਰ ਕਰਨ ਤਾਂ ਜੋ ਵੱਧ ਤੋਂ ਵੱਧ ਲੋਕਾਂ ਦਾ ਟੀਕਾਕਰਨ ਕਰਕੇ ਉਨ੍ਹਾਂ ਦਾ ਬਚਾਅ ਕੀਤਾ ਜਾ ਸਕੇ।
ਸ੍ਰੀ ਸ਼ਰਮਾ ਨੇ ਜ਼ੋਰ ਦੇ ਕੇ ਕਿਹਾ ਕਿ ਸਾਡੇ ਵਿਗਿਆਨੀਆਂ ਨੇ ਟੀਕਾ ਵਿਕਸਿਤ ਕਰਨ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਹੈ ਅਤੇ ਇਸ ਨੂੰ ਦੇਸ਼ ਪ੍ਰਤੀ ਆਪਣੀ ਸਮਾਜਕ ਜ਼ਿੰਮੇਵਾਰੀ ਸਮਝਦਿਆਂ ਸਾਨੂੰ ਟੀਕਾਕਰਨ ਕਰਵਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਕੋਈ ਵੈਕਸੀਨ ਨਹੀਂ ਸੀ, ਲੋਕ ਵੱਡੀ ਗਿਣਤੀ ਵਿਚ ਮਰ ਰਹੇ ਸਨ ਅਤੇ ਵੈਕਸੀਨ ਲਈ ਪ੍ਰਾਰਥਨਾ ਕਰ ਰਹੇ ਸਨ ਅਤੇ ਹੁਣ ਜਦੋਂ ਵੈਕਸੀਨ ਉਪਲੱਬਧ ਹੈ ਤਾ ਲੋਕਾਂ ਨੂੰ ਮਹਾਂਮਾਰੀ ਦੇ ਵਿਰੁੱਧ ਛੇੜੀ ਜੰਗ ‘ਤੇ ਫਤਿਹ ਪਾਉਣ ਲਈ ਅੱਗੇ ਆਉਣਾ ਚਾਹੀਦਾ ਹੈ। ਮਾਸਕ, ਸਮਾਜਿਕ ਦੂਰੀ ਅਤੇ ਹੋਰ ਪ੍ਰੋਟੋਕਾਲ ਦੀ ਅਵਹੇਲਣਾ ਬਾਰੇ, ਉਨ੍ਹਾਂ ਕਿਹਾ ਕਿ ਜੇ ਸਥਿਤੀ ਅਜਿਹੀ ਹੀ ਰਹੀ ਅਤੇ ਉਹ ਕਰਫਿਊ ਦੇ ਸਮੇਂ ਵਿੱਚ ਵਾਧਾ ਕਰਨ ਦੇ ਨਾਲ-ਨਾਲ ਹੋਰ ਸਖ਼ਤ ਕਦਮ ਵੀ ਉਠਾਉਣਗੇ। ਇਸ ਮੌਕੇ ਪ੍ਰਮੁੱਖ ਤੌਰ ‘ਤੇ ਜੁਆਇੰਟ ਸੀ.ਪੀ. ਸ੍ਰੀ ਦੀਪਕ ਪਾਰੀਕ, ਏ.ਡੀ.ਸੀ. (ਵਿਕਾਸ) ਸ੍ਰੀ ਸੰਦੀਪ ਕੁਮਾਰ, ਸਿਵਲ ਸਰਜਨ ਡਾ. ਸੁਖਜੀਵਨ ਕੱਕੜ, ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਕਿਰਨ ਗਿੱਲ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।

About Author

Leave A Reply

WP2Social Auto Publish Powered By : XYZScripts.com