- ਡਾ: ਐੱਸ ਪੀ ਸਿੰਘ ਮੁੱਖ ਮਹਿਮਾਨ ਤੇ ਡਾ: ਸੁਰਜੀਤ ਪਾਤਰ ਪ੍ਰਧਾਨਗੀ ਕਰਨਗੇ।
ਲੁਧਿਆਣਾ,(ਸੰਜੇ ਮਿੰਕਾ)-ਪੰਜਾਬੀ ਲੋਕ ਵਿਰਾਸਤ ਅਕਾਡਮੀ ਵੱਲੋਂਦੁੱਲਾ ਭੱਟੀ ਦੇ ਸ਼ਹੀਦੀ ਦਿਹਾੜੇ ਤੇ 26 ਮਾਰਚ ਨੂੰ ਔਨ ਲਾਈਨ ਅੰਤਰ ਰਾਸ਼ਟਰੀ ਵਿਚਾਰ ਚਰਚਾ ਤੇ ਕਵੀ ਦਰਬਾਰ ਕਰਵਾਇਆ ਜਾਵੇਗਾ ਜਿਸ ਵਿੱਚ ਅਮਰੀਕਾ, ਕੈਨੇਡਾ ਤੇ ਯੋਰਪੀਨ ਮੁਲਕਾਂ ਦੇ ਲੇਖਕ ਤੇ ਚਿੰਤਕ ਭਾਗ ਲੈਣਗੇ। ਇਹ ਜਾਣਕਾਰੀ ਦਿੰਦਿਆਂ ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ: ਗੁਰਭਜਨ ਸਿੰਘ ਗਿੱਲ ਨੇ ਦੱਸਿਆ ਕਿ ਦੁੱਲਾ ਭੱਟੀ ਬਾਰੇ ਵੱਡ ਆਕਾਰੀ ਪੁਸਤਕ ਲਿਖਣ ਵਾਲੇ ਇਤਿਹਾਸਕਾਰ ਸ: ਧਰਮ ਸਿੰਘ ਗੋਰਾਇਆ ਮੈਰੀਲੈਂਡ(ਅਮਰੀਕਾ) ਮੁੱਖ ਭਾਸ਼ਨ ਦੇਣਗੇ। ਪ੍ਰਧਾਨਗੀ ਡਾ. ਐੱਸ ਪੀ ਸਿੰਘ ਸਾਬਕਾ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਰਨਗੇ। ਪ੍ਰੋ. ਗਿੱਲ ਨੇ ਦੱਸਿਆ ਕਿ 26 ਮਾਰਚ ਅਕਬਰ ਬਾਦਸ਼ਾਹ ਦੇ ਰਾਜ ਕਾਲ ਵੇਲੇ ਦੇ ਬਾਗੀ ਸੂਰਮੇ ਦੁੱਲਾ ਭੱਟੀ ਦਾ ਸ਼ਹਾਦਤ ਦਿਹਾੜਾ ਹੈ ਜਿਸ ਨੇ ਤਖ਼ਤ ਲਾਹੌਰ ਨੂੰ ਭਾਜੜਾਂ ਪਾਈਆਂ ਸਨ ਅਤੇ ਦਿੱਲੀ ਦੇ ਕਿੰਗਰੇ ਭੋਰਨ ਵਾਲੇ ਦਾ ਵੀ ਐਲਾਨ ਕੀਤਾ ਸੀ। ਉਸ ਦਾ ਦਾਦਾ ਸਾਂਦਲ ਤੇ ਬਾਪ ਫ਼ਰੀਦ ਵੀ ਅਕਬਰ ਬਾਦਸ਼ਾਹ ਨੇ ਜਾਨੋਂ ਮਾਰ ਕੇ ਸ਼ਾਹੀ ਕਿਲ੍ਹੇ ਦੇ ਬਾਹਰ ਟੰਗਵਾ ਦਿੱਤੇ ਜਾਣ ਦੀ ਗੱਲ ਤੁਰਦੀ ਹੈ। ਦੁੱਲਾ ਭੱਟੀ ਪੰਜਾਬ ਦੀ ਧਰਤੀ ਦਾ ਪਹਿਲਾ ਨਾਬਰ ਕਿਸਾਨ ਸੀ ਜਿਸਨੇ ਅਕਬਰ ਹਕੂਮਤ ਨੂੰ ਲਗਾਨ (ਮਾਲੀਆ )ਦੇਣ ਤੋਂ ਇਨਕਾਰ ਕੀਤਾ ਸੀ। ਦੁੱਲਾ ਭੱਟੀ ਦੀ ਸ਼ਹਾਦਤ ਤੇ ਕਿਸਾਨ ਮਸਲਿਆਂ ਨੂੰ ਸਮਰਪਿਤ ਕਵੀ ਦਰਬਾਰ ਵਿੱਚ ਸ਼੍ਰੀਮਤੀ ਸੁਖਵਿੰਦਰ ਅੰਮ੍ਰਿਤ( ਮੋਹਾਲੀ) ਤ੍ਰੈਲੋਚਨ ਲੋਚੀ(ਲੁਧਿਆਣਾ)ਮੋਹਨ ਗਿੱਲ ( ਕੈਨੇਡਾ)ਦਲਜੀਤ ਸੰਧੂ (ਬਠਿੰਡਾ)ਸਰਬਜੀਤ ਕੌਰ ਜੱਸ (ਪਟਿਆਲਾ) ਹਰਵਿੰਦਰ ਸਿੰਘ (ਚੰਡੀਗੜ੍ਹ)ਸੁਖਵਿੰਦਰ ਕੰਬੋਜ (ਅਮਰੀਕਾ)ਮਨਜਿੰਦਰ ਧਨੋਆ (ਲੁਧਿਆਣਾ)ਜਗਸੀਰ ਜੀਦਾ (ਬਠਿੰਡਾ)ਸਿਮਰਜੀਤ ਕੌਰ ਗਰੇਵਾਲ (ਚੰਡੀਗੜ੍ਹ)ਡਾ: ਗੁਰਮਿੰਦਰ ਸਿੱਧੂ(ਮੋਹਾਲੀ)ਰਾਮ ਸਿੰਘ ਅਲਬੇਲਾ (ਅਮਲੋਹ)ਦਲਜਿੰਦਰ ਰਹਿਲ (ਇਟਲੀ)ਗੁਰਬਾਜ਼ ਸਿੰਘ ਛੀਨਾ( ਅੰਮ੍ਰਿਤਸਰ)ਡਾ. ਅਸ਼ਵਨੀ ਭੱਲਾ (ਲੁਧਿਆਣਾ)ਕਰਮਜੀਤ ਗਰੇਵਾਲ( ਲੁਧਿਆਣਾ) ਸ਼ਾਮਿਲ ਹੋਣਗੇ। ਕਵੀ ਦਰਬਾਰ ਦੀ ਪ੍ਰਧਾਨਗੀ ਪੰਜਾਬ ਆਰਟਸ ਕੌਂਸਲ ਦੇ ਚੇਅਰਮੈਨ ਤੇ ਸਿਰਮੌਰ ਕਵੀ ਡਾ: ਸੁਰਜੀਤ ਪਾਤਰ ਜੀ ਕਰਨਗੇ। ਇਸ ਔਨ ਲਾਈਨ ਵਿਚਾਰ ਚਰਚਾ ਤੇ ਕਵੀ ਦਰਬਾਰ ਦੀ ਤਕਨੀਕੀ ਦੇਖ ਰੇਖ ਗੌਰਮਿੰਟ ਕਾਲਿਜ ਲੁਧਿਆਣਾ ਦੇ ਪ੍ਰੋਫੈਸਰ ਡਾ: ਅਸ਼ਵਨੀ ਭੱਲਾ ਕਰਨਗੇ।