
- ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਉਣ ਲਈ ਸਮਾਗਮ ਆਯੋਜਿਤ
- ਸੀਨੀਅਰ ਸਿਟੀਜਨ ਹੋਮ ਦੇ ਬਜੁਰਗਾਂ ਦੀ ਵੈਕਸੀਨੇਸ਼ਨ ਲਈ ਅਧਿਕਾਰੀਆਂ ਨੂੰ ਦਿੱਤੇ ਨਿਰਦੇਸ਼
ਲੁਧਿਆਣਾ, (ਸੰਜੇ ਮਿੰਕਾ) – ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਅਤੇ ਨਗਰ ਨਿਗਮ ਕੌਂਸਲਰ ਸ੍ਰੀਮਤੀ ਮਮਤਾ ਆਸ਼ੂ ਨੇ ਕਿਹਾ ਕਿ ਮਿਆਰੀ ਸਿੱਖਿਆ ਸੂਬੇ ਦੀ ਨਾਰੀ ਸ਼ਕਤੀਕਰਨ ਲਈ ਇੱਕ ਕੁੰਜੀ ਹੈ ਤਾਂ ਜੋ ਉਨ੍ਹਾਂ ਦੀਆਂ ਬਹੁਪੱਖੀ ਯੋਗਤਾਵਾਂ ਸਮਾਜ ਦੇ ਵਿਕਾਸ ਲਈ ਸਾਹਮਣੇ ਆ ਸਕਣ। ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਉਣ ਲਈ ਆਯੋਜਿਤ ਇਕ ਸਮਾਗਮ ਦੀ ਪ੍ਰਧਾਨਗੀ ਕਰਦੇ ਹੋਏ ਰੈਡ ਕਰਾਸ ਦੇ ਸੀਨੀਅਰ ਸਿਟੀਜ਼ਨ ਹੋਮ ਵਿਚ, ਉਨ੍ਹਾਂ ਕਿਹਾ ਕਿ ਮਹਿਲਾਵਾਂ ਨੂੰ ਸਿੱਖਿਆ ਦੇਣ ਅਤੇ ਫੈਸਲਾ ਲੈਣ ਵਿੱਚ ਬਰਾਬਰ ਦੀ ਭਾਗੀਦਾਰੀ ਦੇ ਕੇ, ੳਹ ਸਮਾਜ ਲਈ ਰਾਹ ਦਸੇਰਾ ਬਣ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਇੱਕ ਪੜ੍ਹੀ ਲਿਖੀ ਮਹਿਲਾ ਸਮਾਜ ‘ਤੇ ਅਮਿੱਟ ਛਾਪ ਛੱਡਦੀ ਹੈ ਅਤੇ ਦੂਜਿਆਂ ਲਈ ਪ੍ਰੇਰਣਾ ਦਾ ਸਰੋਤ ਬਣਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਖ-ਵੱਖ ਯੋਜਨਾਵਾਂ ਰਾਹੀਂ ਨਾਰੀ ਸਸ਼ਕਤੀਕਰਨ ਲਈ ਉਪਰਾਲੇ ਕਰ ਰਹੀ ਹੈ ਜਿਸ ਵਿੱਚ ਲੜਕੀਆਂ ਲਈ ਮੁਫਤ ਸਿੱਖਿਆ, ਨਵੇਂ ਸਰਕਾਰੀ ਕਾਲਜਾਂ ਦੀ ਸ਼ੁਰੂਆਤ, ਸਮਾਰਟ ਸਕੂਲ, ਹੁਨਰ ਕੇਂਦਰ ਆਦਿ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਵੱਧ ਤੋਂ ਵੱਧ ਲੜਕੀਆਂ ਦੀਆਂ ਸਿੱਖਿਆ ਪ੍ਰਾਪਤ ਕਰਨ ਦੇ ਨਾਲ ਸੂਬਾ ਸਹੀ ਦਿਸ਼ਾ ਵੱਲ ਵਧ ਰਿਹਾ ਹੈ। ਉਹਨਾਂ ਦੱਸਿਆ ਕਿ ਮਹਿਲਾਵਾਂ ਪਹਿਲਾਂ ਹੀ ਕਈਂ ਖੇਤਰਾਂ ਵਿੱਚ ਆਪਣੀ ਸਮਝਦਾਰੀ ਨੂੰ ਸਾਬਤ ਕਰ ਚੁਕੀਆਂ ਹਨ ਪਰ ਫਿਰ ਵੀ ਉਹਨਾਂ ਨੂੰ ਵਧੇਰੇ ਮੌਕੇ ਦਿੱਤੇ ਜਾਣ ਦੀ ਜਰੂਰਤ ਹੈ ਤਾਂ ਜੋ ਉਹ ਜ਼ਿੰਦਗੀ ਵਿੱਚ ਹੋਰ ਅੱਗੇ ਵੱਧ ਸਕਣ। ਉਨ੍ਹਾਂ ਸੀਨੀਅਰ ਸਿਟੀਜਨ ਹੋਮ ਵਿਖੇ ਬਜ਼ੁਰਗ ਨਾਗਰਿਕਾਂ ਨਾਲ ਤੋਹਫ਼ਿਆਂ ਦਾ ਆਦਾਨ-ਪ੍ਰਦਾਨ ਵੀ ਕੀਤਾ ਅਤੇ ਬਜ਼ੁਰਗ ਲੋਕਾਂ ਤੋਂ ਅਸ਼ੀਰਵਾਦ ਵੀ ਲਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਲਈ ਇਹ ਬੜਾ ਮਹੱਤਵਪੂਰਣ ਮੌਕਾ ਸੀ ਕਿ ਉਹ ਦਿਨ ਉਨ੍ਹਾਂ ਬਜ਼ੁਰਗ ਨਾਗਰਿਕਾਂ ਨਾਲ ਮਨਾਉਣ ਜੋ ਜੀਵਨ ਦੇ ਤਜ਼ੁਰਬੇ ਦੀ ਭੰਡਾਰ ਹਨ। ਉਨ੍ਹਾਂ ਅਧਿਕਾਰੀਆਂ ਨੂੰ ਇਹ ਵੀ ਹਦਾਇਤ ਕੀਤੀ ਕਿ ਉਹ ਹੋਮ ਵਿੱਚ ਰਹਿਣ ਵਾਲੇ ਸਾਰੇ ਬਜੁਰਗਾਂ ਦੀ ਕੋਵਿਡ ਵੈਕਸੀਨੇਸ਼ਨ ਕਰਵਾਉਣ। ਇਸ ਤੋਂ ਪਹਿਲਾਂ, ਸੀਨੀਅਰ ਸਿਟੀਜਨ ਹੋਮ ਦੇ ਅਧਿਕਾਰੀਆਂ ਵੱਲੋਂ ਡਿਪਟੀ ਕਮਿਸ਼ਨਰ ਅਤੇ ਨਿਗਮ ਕੌਸਲਰ ਸ੍ਰੀਮਤੀ ਮਮਤਾ ਆਸ਼ੂ ਦਾ ਸਵਾਗਤ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਕੱਤਰ ਰੈਡ ਕਰਾਸ ਸ੍ਰੀ ਬਲਬੀਰ ਚੰਦ ਐਰੀ, ਇੰਚਾਰਜ ਰੈਡ ਕਰਾਸ ਸੀਨੀਅਰ ਸਿਟੀਜਨ ਹੋਮ ਸ੍ਰੀ ਰੋਬਿਨ ਕ੍ਰਿਸਟੋਫਰ, ਅਕਾਉਂਟੈਂਟ ਸ੍ਰੀ ਲੋਕੇਸ਼, ਗ੍ਰੀਨ ਪ੍ਰੰਜਾਬ ਸੰਸਥਾ ਤੋਂ ਸ੍ਰੀ ਵਿਵੇਕ ਢੱਲ, ਸ੍ਰੀ ਪੁਨੀਤ ਬਾਂਸਲ, ਸ੍ਰੀ ਅਮਨ ਹਿਮਾਨੀ ਵੀ ਹਾਜ਼ਰ ਸਨ।