- ਕਿਹਾ! ਲੋਕਾਂ ਦੀ ਚਿਰੌਕਣੀ ਮੰਗ ਨੂੰ ਪਿਆ ਬੂਰ, ਪੁਲ ਦੇ ਨਿਰਮਾਣ ਨਾਲ ਆਵਾਜਾਈ ਹੋਵੇਗੀ ਸੁਖਾਵੀਂ
ਲੁਧਿਆਣਾ,(ਸੰਜੇ ਮਿੰਕਾ) – ਵਿਧਾਨ ਸਭਾ ਹਲਕਾ ਲੁਧਿਆਣਾ ਉੱਤਰੀ ਤੋਂ ਵਿਧਾਇਕ ਮਦਨ ਲਾਲ ਬੱਗਾ ਦੀ ਵਿਸ਼ੇਸ਼ ਪਹਿਲਕਦਮੀ ਸਦਕਾ ਸਥਾਨਕ ਜੱਸੀਆਂ ਚੌਂਕ ਵਿਖੇ ਵੱਡੇ ਨਵੇਂ ਪੁਲ ਦੀ ਸ਼ੁਰੂਆਤ ਕਰਵਾਈ ਗਈ ਜਿੱਥੇ ਹਲਕੇ ਦੇ ਵਸਨੀਕਾਂ ਨੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਲੱਡੂ ਵੰਡੇ। ਵਿਧਾਇਕ ਬੱਗਾ ਨੇ ਦੱਸਿਆ ਕਿ ਇਲਾਕੇ ਦੇ ਲੋਕਾਂ ਦੀ ਚਿਰੌਕਣੀ ਮੰਗ ਨੂੰ ਬੂਰ ਪਿਆ ਹੈ ਜਿਸਦੇ ਤਹਿਤ ਹੁਣ ਨੈਸ਼ਨਲ ਹਾਈਵੇਅ ਅਥਾਰਿਟੀ ਆਫ ਇੰਡੀਆ (ਐਨ.ਐਚ.ਏ.ਆਈ.) ਵੱਲੋ ਇਸ ਪੁਲ ਦਾ ਨਿਰਮਾਣ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਰਾਹਗੀਰਾਂ ਨੂੰ ਯੂ-ਟਰਨ ਲੈਣ ਲਈ ਹਾਰਡੀ ਵਰਲਡ ਤੋਂ ਘੁੰਮ ਕੇ ਆਉਣਾ ਪੈਂਦਾ ਸੀ ਜਿਸ ਨਾਲ ਵਸਨੀਕਾਂ ਦਾ ਕਾਫੀ ਸਮਾਂ ਅਜਾਈਂ ਚਲਾ ਜਾਂਦਾ ਸੀ। ਉਨ੍ਹਾਂ ਦੱਸਿਆ ਕਿ ਇਸ ਪੁਲ ਦੇ ਨਿਰਮਾਣ ਨਾਲ ਹਲਕਾ ਉੱਤਰੀ ਦੇ ਵਸਨੀਕਾਂ ਨੂੰ ਕਾਫੀ ਰਾਹਤ ਮਿਲੇਗੀ ਕਿਉਂਕਿ ਹੁਣ ਜਲੰਧਰ-ਅਮ੍ਰਿਤਸਰ ਅਤੇ ਬਹਾਦੁਰਕੇ ਰੋਡ ਤੋਂ ਆਉਣ ਵਾਲੇ ਵਾਹਨਾਂ ਲਈ ਹੰਬੜਾ ਰੋਡ ਹੋ ਕੇ ਫਿਰੋਜ਼ਪੁਰ ਰੋਡ ਵਾਲੀ ਸੜਕ ‘ਤੇ ਜਾਣਾ ਸੁਖਾਵਾਂ ਹੋ ਜਾਵੇਗਾ। ਜ਼ਿਕਰਯੋਗ ਹੈ ਕਿ ਕਰੀਬ ਇੱਕ ਸਾਲ ਪਹਿਲਾਂ ਜਦੋਂ ਸੰਜੀਵ ਅਰੋੜਾ ਰਾਜਸਭਾ ਮੈਂਬਰ ਸਨ, ਦੇ ਨਾਲ ਵਿਧਾਇਕ ਚੌਧਰੀ ਮਦਨ ਲਾਲ ਬੱਗਾ ਅਤੇ ਵਿਧਾਨ ਸਭਾ ਹਲਕਾ ਲੁਧਿਆਣਾ ਪੂਰਬੀ ਵਿਧਾਇਕ ਦਲਜੀਤ ਸਿੰਘ ਭੋਲਾ ਗਰੇਵਾਲ ਵੱਲੋਂ ਕੇਂਦਰੀ ਮੰਤਰੀ ਨਿਤਿਨ ਗਡਕਰੀ ਨਾਲ ਮੁਲਾਕਾਤ ਕਰਦਿਆਂ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਸੀ। ਵਿਧਾਇਕ ਬੱਗਾ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਲ ਕੈਬਨਿਟ ਮੰਤਰੀ ਸੰਜੀਵ ਅਰੋੜਾ ਦਾ ਵੀ ਵਿਸ਼ੇਸ਼ ਧੰਨਵਾਦ ਕੀਤਾ ਜਿਨ੍ਹਾਂ ਸਥਾਨਕ ਵਸਨੀਕਾਂ ਦੀ ਮੁਸ਼ਕਿਲ ਨੂੰ ਸਮਝਦਿਆਂ ਇਸ ਪ੍ਰੋਜੈਕਟ ਨੂੰ ਵਿਸ਼ੇਸ਼ ਤਵੱਜੋਂ ਦਿੱਤੀ ਹੈ।