
ਲੁਧਿਆਣਾ, (ਸੰਜੇ ਮਿੰਕਾ) ਜ਼ਿਲ੍ਹਾ ਕਾਂਗਰਸ ਕਮੇਟੀ ਲੁਧਿਆਣਾ ਸ਼ਹਿਰੀ ਦੇ ਸਾਬਕਾ ਪ੍ਰਧਾਨ ਅਤੇ ਸੀਨੀਅਰ ਕਾਂਗਰਸੀ ਆਗੂ ਪਵਨ ਦੀਵਾਨ ਨੇ ਬੀਤੇ ਦਿਨੀ ਲੁਧਿਆਣਾ ਦੇ ਇੱਕ ਮੈਰਿਜ ਪੈਲੇਸ ਵਿੱਚ ਹੋਈ ਫਾਇਰਿੰਗ ਦੀ ਘਟਨਾ ਨੂੰ ਲੈ ਕੇ ਕਾਨੂੰਨ ਤੇ ਵਿਵਸਥਾ ਨੂੰ ਲੈ ਕੇ ਚਿੰਤਾ ਦਾ ਪ੍ਰਗਟਾਵਾ ਕਰਨ ਕਰਦਿਆਂ ਹੋਇਆਂ, ਹਥਿਆਰਾਂ ਦੇ ਲਾਇਸੈਂਸ ਲੈਣ ਨੂੰ ਦੀ ਪ੍ਰਕਿਰਿਆ ਦੀ ਜਾਂਚ ਕੀਤੇ ਜਾਣ ਦੀ ਮੰਗ ਕੀਤੀ ਹੈ। ਇੱਥੇ ਜਾਰੀ ਇੱਕ ਬਿਆਨ ਵਿੱਚ, ਦੀਵਾਨ ਨੇ ਕਿਹਾ ਕਿ ਜਿਸ ਤਰੀਕੇ ਨਾਲ ਪੱਖੋਵਾਲ ਰੋਡ ਸਥਿਤ ਇੱਕ ਮੈਰਿਜ ਪੈਲੇਸ ਵਿੱਚ ਫਾਇਰਿੰਗ ਦੀ ਘਟਨਾ ਵਾਪਰੀ ਅਤੇ ਦੋ ਜਾਨਾਂ ਚੱਲੀਆਂ ਗਈਆਂ, ਇਹ ਬਹੁਤ ਦੁੱਖ ਅਤੇ ਚਿੰਤਾ ਦਾ ਵਿਸ਼ਾ ਹੈ। ਉਹਨਾਂ ਨੇ ਕਿਹਾ ਕਿ ਸ਼ਹਿਰ ਅੰਦਰ ਆਏ ਦਿਨ ਕਈ ਤਰ੍ਹਾਂ ਦੇ ਪ੍ਰੋਗਰਾਮ ਹੁੰਦੇ ਹਨ ਅਤੇ ਵੱਡੀ ਗਿਣਤੀ ਵਿੱਚ ਲੋਕ ਇਹਨਾਂ ਵਿੱਚ ਸ਼ਰੀਕ ਹੁੰਦੇ ਹਨ। ਲੇਕਿਨ ਜਿਸ ਤਰੀਕੇ ਨਾਲ ਇਹ ਘਟਨਾ ਵਾਪਰੀ ਹੈ, ਇਹ ਕਾਨੂੰਨ ਤੇ ਵਿਵਸਥਾ ਦੀ ਸਥਿਤੀ ਤੇ ਨਾਲ ਨਾਲ ਥੋਕ ਪੱਧਰ ਤੇ ਜਾਰੀ ਕੀਤੇ ਗਏ ਹਥਿਆਰਾਂ ਦੇ ਲਾਇਸੈਂਸਾਂ ਨੂੰ ਲੈ ਕੇ ਵੀ ਸਵਾਲ ਖੜੇ ਕਰਦੀ ਹੈ। ਇਸ ਘਟਨਾ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਵਿਆਹ ਸਮਾਗਮ ਦੌਰਾਨ ਫਾਇਰਿੰਗ ਕਰਨ ਵਾਲੇ ਅਪਰਾਧਿਕ ਵਿਚਾਰਧਾਰਾ ਨਾਲ ਜੁੜੇ ਲੋਕ ਹੀ ਪ੍ਰਤੀਤ ਹੁੰਦੇ ਹਨ। ਇਹਨਾਂ ਹਾਲਾਤਾਂ ਵਿੱਚ ਜਿੱਥੇ ਅਜਿਹੇ ਵਿਅਕਤੀਆਂ ਉੱਪਰ ਨਕੇਲ ਕੱਸੇ ਜਾਣ ਦੀ ਲੋੜ ਹੈ, ਉੱਥੇ ਹੀ ਹਥਿਆਰਾਂ ਦੇ ਲਾਇਸੈਂਸਾਂ ਦੀ ਪ੍ਰਕਿਰਿਆ ਅਤੇ ਬੀਤੇ ਸਮੇਂ ਦੌਰਾਨ ਜਾਰੀ ਕੀਤੇ ਗਏ ਅਜਿਹੇ ਲਾਇਸੈਂਸਾਂ ਦੀ ਜਾਂਚ ਕੀਤੇ ਜਾਣ ਦੀ ਵੀ ਲੋੜ ਹੈ, ਤਾਂ ਜੋ ਆਤਮ ਰੱਖਿਆ ਲਈ ਖਰੀਦੇ ਜਾਣ ਵਾਲੇ ਦਿਖਾਵਿਆਂ ਅਤੇ ਅਪਰਾਧਿਕ ਵਾਰਦਾਤਾਂ ਦਾ ਕਾਰਨ ਨਾ ਬਣਨ। ਇਸਦੇ ਨਾਲ ਹੀ, ਉਹਨਾਂ ਨੇ ਲਾਈਸੈਂਸ ਜਾਰੀ ਕਰਨ ਤੋਂ ਪਹਿਲਾਂ ਪੜਤਾਲ ਦੀ ਕਾਰਵਾਈ ਕਰਨ ਵਾਲੇ ਅਫਸਰਾਂ ਖਿਲਾਫ ਵੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਇਸ ਮਾਮਲੇ ਵਿੱਚ ਉਹ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੂੰ ਵੀ ਮਾਮਲੇ ਦੀ ਡੂੰਘਾਈ ਨਾਲ ਜਾਂਚ ਵਾਸਤੇ ਸਖਤ ਆਦੇਸ਼ ਦੇਣ ਦੀ ਅਪੀਲ ਵੀ ਕਰਦੇ ਹਨ।