Thursday, December 25

ਲੁਧਿਆਣਾ ਪੁਲਿਸ ਤੇ ਮਿਊਂਸਿਪਲ ਕਾਰਪੋਰੇਸ਼ਨ ਵੱਲੋਂ ਸ਼ਹਿਰ ਵਿਚ ਗੈਰ-ਕਾਨੂੰਨੀ ਕਬਜ਼ੇ ਹਟਾਉਣ ਦੀ ਵਿਸ਼ਾਲ ਮੁਹਿੰਮ

ਲੁਧਿਆਣਾ (ਸੰਜੇ ਮਿੰਕਾ) ਸ਼ਹਿਰ ਵਿਚ ਟ੍ਰੈਫ਼ਿਕ ਦੀ ਸੁਚੱਜੀ ਆਵਾਜਾਈ, ਪੈਦਲ ਯਾਤਰੀਆਂ ਦੀ ਸੁਰੱਖਿਆ ਅਤੇ ਸ਼ਹਿਰੀ ਪ੍ਰਬੰਧ ਨੂੰ ਹੋਰ ਬਿਹਤਰ ਬਣਾਉਣ ਦੇ ਉਦੇਸ਼ ਨਾਲ, ਲੁਧਿਆਣਾ ਕਮਿਸ਼ਨਰੇਟ ਪੁਲਿਸ ਵੱਲੋਂ ਮਿਊਂਸਿਪਲ ਕਾਰਪੋਰੇਸ਼ਨ ਲੁਧਿਆਣਾ ਦੇ ਸਹਿਯੋਗ ਨਾਲ ਅੱਜ ਸ਼ਹਿਰ ਦੇ ਕਈ ਮਹੱਤਵਪੂਰਨ ਰਸਤਿਆਂ ‘ਤੇ ਗੈਰ-ਕਾਨੂੰਨੀ ਕਬਜ਼ੇ ਹਟਾਉਣ ਦੀ ਵਿਸ਼ਾਲ ਮੁਹਿੰਮ ਚਲਾਈ ਗਈ।ਇਹ ਮੁਹਿੰਮ ਕਮਿਸ਼ਨਰ ਆਫ ਪੁਲਿਸ ਲੁਧਿਆਣਾ, ਸ਼੍ਰੀ ਸਵਪਨ ਸ਼ਰਮਾ, ਆਈ.ਪੀ.ਐਸ. ਅਤੇ ਏ.ਡੀ.ਸੀ.ਪੀ. ਟ੍ਰੈਫ਼ਿਕ, ਗੁਰਪ੍ਰੀਤ ਕੌਰ ਪੁਰੇਵਾਲ, ਪੀ.ਪੀ.ਐਸ. ਦੀ ਦੇਖ-ਰੇਖ ਹੇਠ ਚਲਾਈ ਗਈ। ਮੁਹਿੰਮ ਦੀ ਨਿਗਰਾਨੀ ਏ.ਸੀ.ਪੀ. ਟ੍ਰੈਫ਼ਿਕ–I, ਸ਼੍ਰੀ ਜਤਿਨ ਬਾਂਸਲ ਅਤੇ ਏ.ਸੀ.ਪੀ. ਟ੍ਰੈਫ਼ਿਕ–II, ਸ਼੍ਰੀ ਗੁਰਦੇਵ ਸਿੰਘ ਵੱਲੋਂ ਕੀਤੀ ਗਈ।
ਕਾਰਵਾਈ ਹੇਠ ਲਿਖੇ ਖੇਤਰਾਂ ਵਿਚ ਕੀਤੀ ਗਈ: ਰੇਲਵੇ ਸਟੇਸ਼ਨ ਤੋਂ ਕੇਸਰ ਗੰਜ ਚੌਕ ਤੱਕ, ਜੋਧੇਵਾਲ ਚੌਕ ਤੋਂ ਗੁਰੂ ਵਿਹਾਰ ਕੱਟ ਅਤੇ ਬਾਈ ਪਾਸ ਤੋਂ ਬੁੱਢਾ ਨਾਲਾ ਦਰਿਆ ਤੱਕ , ਸਮਰਾਲਾ ਚੌਕ ਤੋਂ ਵਰਧਮਾਨ ਚੌਕ ਤੱਕ, ਚਿਮਨੀ ਰੋਡ ਤੋਂ ਕੁਆਲਿਟੀ ਚੌਕ ਤੱਕ, ਪੱਖੋਵਾਲ ਕੈਨਾਲ ਬ੍ਰਿਜ ਤੋਂ ਬੀ-7 ਚੌਕ ਤੱਕ, ਡੰਡੀ ਸਵਾਮੀ ਤੋਂ ਡੀ.ਐਮ.ਸੀ. ਹਸਪਤਾਲ ਕੱਟ ਤੱਕ , ਭੂਰੀਵਾਲਾ ਗੁਰਦੁਆਰਾ ਸਾਹਿਬ ਤੋਂ ਪੁਲਿਸ ਸਟੇਸ਼ਨ ਹੈਬੋਵਾਲ (ਮੁੱਖ ਬਾਜ਼ਾਰ ਹੈਬੋਵਾਲ) ਕਾਰਵਾਈ ਦੌਰਾਨ ਦੁਕਾਨਦਾਰਾਂ ਅਤੇ ਰਾਹਗੀਰਾਂ ਵੱਲੋਂ ਕੀਤੇ ਗਏ ਗੈਰ-ਕਾਨੂੰਨੀ ਕਬਜ਼ਿਆਂ ਨੂੰ ਹਟਾਇਆ ਗਿਆ ਅਤੇ ਉਲੰਘਣਾ ਕਰਨ ਵਾਲਿਆਂ ਨੂੰ ਨੋਟਿਸ ਜਾਰੀ ਕਰਕੇ ਚੇਤਾਵਨੀ ਦਿੱਤੀ ਗਈ ਕਿ ਦੁਬਾਰਾ ਉਲੰਘਣਾ ਕਰਨ ‘ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਦੁਕਾਨਦਾਰਾਂ ਅਤੇ ਰੇਹੜੀ ਫੜੀ ਵਾਲਿਆਂ ਨੂੰ ਜਾਗਰੂਕ ਕੀਤਾ ਗਿਆ ਕਿ ਉਹ ਪੈਦਲ ਰਸਤੇ ਖੁੱਲ੍ਹੇ ਰੱਖਣ ਅਤੇ ਆਪਣੀ ਗਤੀਵਿਧੀ ਸੜਕਾਂ ‘ਤੇ ਨਾ ਵਧਾਉਣ।ਲੁਧਿਆਣਾ ਪੁਲਿਸ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਟ੍ਰੈਫ਼ਿਕ ਅਨੁਸ਼ਾਸਨ ਕਾਇਮ ਰੱਖਣ, ਸੜਕਾਂ ਅਤੇ ਪੈਦਲ ਰਸਤੇ ਕਬਜ਼ਿਆਂ ਤੋਂ ਮੁਕਤ ਰੱਖਣ ਲਈ ਸਹਿਯੋਗ ਕਰਨ। ਐਸੀਆਂ ਮੁਹਿੰਮਾਂ ਨਿਯਮਿਤ ਤੌਰ ‘ਤੇ ਜਾਰੀ ਰਹਿਣਗੀਆਂ ਤਾਂ ਜੋ ਸੁਰੱਖਿਅਤ, ਸੁਚੱਜੀ ਤੇ ਰੁਕਾਵਟ-ਮੁਕਤ ਆਵਾਜਾਈ ਨੂੰ ਯਕੀਨੀ ਬਣਾਈ ਜਾ ਸਕੇ। ਲੁਧਿਆਣਾ ਪੁਲਿਸ ਸ਼ਹਿਰ ਨੂੰ ਸੁਰੱਖਿਅਤ, ਅਨੁਸ਼ਾਸਿਤ ਤੇ ਕਬਜ਼ਾ-ਮੁਕਤ ਬਣਾਉਣ ਲਈ ਵਚਨਬੱਧ ਹੈ।

About Author

Leave A Reply

WP2Social Auto Publish Powered By : XYZScripts.com