Monday, August 25

ਅਕਾਲੀ ਦਲ ਨੂੰ ਵੱਡਾ ਝਟਕਾ:  ਟਕਸਾਲੀ ਪਰਿਵਾਰਾਂ ਨੇ ਛੱਡੀ ਪਾਰਟੀ, ‘ਆਪ’ ਵਿੱਚ ਸ਼ਾਮਲ

  • ਕੈਬਨਿਟ ਮੰਤਰੀ ਸੌਂਦ ਨੇ ਕੀਤਾ ਸੁਆਗਤ, ਪਿੰਡ ਦੇ ਵਿਕਾਸ ਲਈ 10 ਲੱਖ ਦੀ ਗ੍ਰਾਂਟ ਦਾ ਐਲਾਨ

ਖੰਨਾ, (ਲੁਧਿਆਣਾ) (ਸੰਜੇ ਮਿੰਕਾ) : ਪੰਜਾਬ ਦੀ ਰਾਜਨੀਤੀ ਵਿੱਚ ਖੰਨਾ ਤੋਂ ਅਕਾਲੀ ਦਲ ਲਈ ਵੱਡਾ ਝਟਕਾ। ਮੋਹਨਪੁਰ ਪਿੰਡ ਦੇ ਉਹ ਪਰਿਵਾਰ, ਜਿਨ੍ਹਾਂ ਨੇ ਤਿੰਨ-ਤਿੰਨ ਦਹਾਕਿਆਂ ਤੱਕ ਅਕਾਲੀ ਝੰਡਾ ਥਾਮਿਆ, ਹੁਣ ਪਾਰਟੀ ਨੂੰ ਅਲਵਿਦਾ ਕਹਿ ਗਏ। ਪਿੰਡ ਦੀ ਸਰਪੰਚ ਪਰਮਜੀਤ ਕੌਰ ਦੀ ਅਗਵਾਈ ਹੇਠ ਚਰਨਜੀਤ ਸਿੰਘ, ਹਰਮਿੰਦਰ ਸਿੰਘ, ਜਸਵੀਰ ਸਿੰਘ, ਬੱਬੀ, ਭਾਗ ਸਿੰਘ, ਹਰਪਾਲ ਸਿੰਘ ਸਮੇਤ ਦਰਜਨਾਂ ਪਰਿਵਾਰਾਂ ਨੇ ਰਸਮੀ ਤੌਰ ‘ਤੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਕੇ ਅਕਾਲੀ ਦਲ ਦੀਆਂ ਪੁਰਾਣੀ ਜੜ੍ਹਾਂ ਹਿਲਾ ਦਿੱਤੀਆਂ। ਸ਼ਾਮਲ ਹੋਣ ਦੀ ਰਸਮ ਦੌਰਾਨ ਪੰਜਾਬ ਦੇ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਨਵੇਂ ਮੈਂਬਰਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਅਤੇ ਪਿੰਡ ਦੇ ਵਿਕਾਸ ਲਈ 10 ਲੱਖ ਰੁਪਏ ਦੀ ਗ੍ਰਾਂਟ ਦਾ ਐਲਾਨ ਕੀਤਾ। ਮੰਤਰੀ ਸੌਂਦ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਇਮਾਨਦਾਰ ਤੇ ਲੋਕ-ਕੇਂਦਰਤ ਨੀਤੀਆਂ ਕਾਰਨ ਲੋਕ ‘ਆਪ’ ਨਾਲ ਜੁੜ ਰਹੇ ਹਨ। ਮੋਹਨਪੁਰ ਪਿੰਡ ਵਾਸੀਆਂ ਦਾ ਸਰਬਸੰਮਤੀ ਨਾਲ ਪਾਰਟੀ ਬਦਲਣਾ ਸਾਡੇ ਕੰਮਾਂ ‘ਤੇ ਉਨ੍ਹਾਂ ਦੇ ਭਰੋਸੇ ਦੀ ਮੋਹਰ ਹੈ। ਆਪ ਚ ਆਏ ਚਰਨਜੀਤ ਸਿੰਘ ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਕੈਬਨਿਟ ਮੰਤਰੀ ਸੌਂਦ ਦੇ ਵਿਕਾਸ ਪ੍ਰਤੀ ਸਮਰਪਣ ਅਤੇ ਲੋਕਾਂ ਨਾਲ ਨੇੜਤਾ ਨੇ ਉਨ੍ਹਾਂ ਦਾ ਮਨ ਮੋਹ ਲਿਆ। ਜਸਵੀਰ ਸਿੰਘ ਨੇ ਆਪਣੀ ਭਾਵਨਾ ਜ਼ਾਹਰ ਕਰਦਿਆਂ ਕਿਹਾ, “ਤਿੰਨ ਦਹਾਕਿਆਂ ਤੱਕ ਅਸੀਂ ਅਕਾਲੀ ਦਲ ਦੀ ਹਿਫ਼ਾਜ਼ਤ ਕੀਤੀ, ਪਰ ਪਾਰਟੀ ਦੀ ਮੌਜੂਦਾ ਹਾਲਤ ਅਤੇ ਦਿਸ਼ਾਹੀਣਤਾ ਦੇਖ ਕੇ ਅੱਜ ਇਹ ਕਦਮ ਚੁੱਕਣਾ ਪਿਆ।” ਪਿਛਲੇ ਕੁਝ ਸਾਲਾਂ ਵਿੱਚ ਅਕਾਲੀ ਦਲ ਨੂੰ ਪੇਂਡੂ ਖੇਤਰਾਂ ਵਿੱਚ ਜਿੱਥੋਂ ਹਮੇਸ਼ਾ ਮਜ਼ਬੂਤ ਸਹਾਰਾ ਮਿਲਦਾ ਸੀ, ਉੱਥੋਂ ਹੁਣ ਸਹਾਰਾ ਖਿਸਕਦਾ ਜਾ ਰਿਹਾ ਹੈ। ਮੋਹਨਪੁਰ ਵਰਗੇ ਪਿੰਡ ਦੇ ਵਧੇਰੇ ਲੋਕਾਂ ਦਾ ਇਕੱਠੇ ‘ਆਪ’ ਵਿੱਚ ਸ਼ਾਮਿਲ ਹੋਣਾ ਸਿਰਫ਼ ਇੱਕ ਰਾਜਨੀਤਿਕ ਤਬਦੀਲੀ ਨਹੀਂ, ਸਗੋਂ ਇੱਕ ਸਖ਼ਤ ਸੰਦੇਸ਼ ਹੈ ਕਿ ਲੋਕ ਵਿਕਾਸ ਅਤੇ ਇਮਾਨਦਾਰ ਸਿਆਸਤ ਨੂੰ ਤਰਜੀਹ ਦੇ ਰਹੇ ਹਨ। ਇਸ ਵੱਡੇ ਪਾਲੇ ਬਦਲ ਨਾਲ ਨਾ ਸਿਰਫ਼ ਖੰਨਾ ਖੇਤਰ ਦੀ ਸਿਆਸਤ ਵਿੱਚ ਨਵਾਂ ਮੋੜ ਆ ਗਿਆ ਹੈ, ਬਲਕਿ ਆਉਣ ਵਾਲੀਆਂ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ‘ਚ ਵੀ ਅਕਾਲੀ ਦਲ ਲਈ ਚਿੰਤਾ ਦੀ ਲਕੀਰ ਲੰਬੀ ਹੋ ਗਈ ਹੈ। ਇਸ ਮੌਕੇ ‘ਤੇ ਓਐਸਡੀ ਕਰਨ ਅਰੋੜਾ, ਆੜ੍ਹਤੀ ਐਸੋਸੀਏਸ਼ਨ ਪ੍ਰਧਾਨ ਹਰਬੰਸ ਸਿੰਘ ਰੋਸ਼ਾ, ਮਾਰਕੀਟ ਕਮੇਟੀ ਖੰਨਾ ਦੇ ਚੇਅਰਮੈਨ ਜਗਤਾਰ ਸਿੰਘ ਗਿੱਲ ਰਤਨਹੇੜੀ, ਕੌਂਸਲਰ ਪਰਮਪ੍ਰੀਤ ਸਿੰਘ ਪੌਂਪੀ, ਸਾਬਕਾ ਕੌਂਸਲਰ ਰਾਜਿੰਦਰ ਸਿੰਘ ਜੀਤ, ਮਾਸਟਰ ਅਵਤਾਰ ਸਿੰਘ ਦਹਿੜੂ ਵੀ ਮੌਜੂਦ ਸਨ।

About Author

Leave A Reply

WP2Social Auto Publish Powered By : XYZScripts.com