Monday, May 12

ਪੰਜਾਬ ਸਕੂਲਾਂ ਅਤੇ ਕਾਲਜਾਂ ‘ਚ ਐਨਰਜੀ ਡਰਿੰਕਸ ‘ਤੇ ਪਾਬੰਦੀ ਲਗਾਏਗਾ – ਸਿਹਤ ਮੰਤਰੀ ਡਾ. ਬਲਬੀਰ ਸਿੰਘ

  • ਈਟ ਰਾਈਟ ਮੇਲੇ ਦਾ ਕੀਤਾ ਉਦਘਾਟਨ, ਲੋਕਾਂ ਨੂੰ ਸਿਹਤਮੰਦ ਖਾਣ-ਪੀਣ ਪ੍ਰਤੀ ਜਾਗਰੂਕ ਕਰਨ ਲਈ ਵਾਕਾਥਨ ਆਯੋਜਿਤ
  • ਬਾਜਰਾ ਅਤੇ ਜੈਵਿਕ ਉਤਪਾਦਾਂ ਦਾ ਸੇਵਨ ਸਾਡੀ ਸਰੀਰਕ ਅਤੇ ਮਾਨਸਿਕ ਸਿਹਤ ਲਈ ਮਹੱਤਵਪੂਰਨ ਹੈ – ਡਾ. ਬਲਬੀਰ ਸਿੰਘ
  • ਰਾਜ ਸਭਾ ਮੈਂਬਰ ਵੀ ਇਸ ਪ੍ਰੋਗਰਾਮ ਹੋਏ ਸ਼ਾਮਲ
  • ਮਿਡ-ਮੀਲ ਵਰਕਰਾਂ ਨੂੰ ਸਾਫ ਭੋਜਨ ਬਾਰੇ ਸਿਖਲਾਈ ਵੀ ਦਿੱਤੀ ਗਈ

ਲੁਧਿਆਣਾ,(ਸੰਜੇ ਮਿੰਕਾ) – ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਸੂਬੇ ਭਰ ਦੇ ਸਕੂਲਾਂ ਅਤੇ ਕਾਲਜਾਂ ਵਿੱਚ ਜਲਦ ਹੀ ਐਨਰਜੀ ਡਰਿੰਕਸ ‘ਤੇ ਪਾਬੰਦੀ ਲਗਾਉਣ ਦਾ ਐਲਾਨ ਕੀਤਾ। ਇਸ ਕਦਮ ਦਾ ਉਦੇਸ਼ ਸਿਹਤਮੰਦ ਖਾਣ-ਪੀਣ ਦੀਆਂ ਆਦਤਾਂ ਨੂੰ ਉਤਸ਼ਾਹਿਤ ਕਰਨਾ ਅਤੇ ਨੌਜਵਾਨਾਂ ਵਿੱਚ ਜੀਵਨ ਸ਼ੈਲੀ ਸਬੰਧੀ ਵਿਗਾੜਾਂ ਨੂੰ ਖਤਮ ਕਰਨਾ ਹੈ। ਇਸ ਪਾਬੰਦੀ ਨਾਲ ਸਕੂਲਾਂ ਅਤੇ ਕਾਲਜਾਂ ਦੇ 500 ਮੀਟਰ ਦੇ ਘੇਰੇ ਵਿੱਚ ਐਨਰਜੀ ਡਰਿੰਕਸ ਦੀ ਵਿਕਰੀ ‘ਤੇ ਵੀ ਪਾਬੰਦੀ ਹੋਵੇਗੀ। ਸਿਹਤਮੰਦ ਖਾਣ-ਪੀਣ ਦੀਆਂ ਆਦਤਾਂ ਪ੍ਰਤੀ ਜਾਗਰੂਕਤਾ ਫੈਲਾਉਣ ਅਤੇ ਜੀਵਨ ਸ਼ੈਲੀ ਸਬੰਧੀ ਵਿਗਾੜਾਂ ਨੂੰ ਖਤਮ ਕਰਨ ਲਈ ਈਟ ਰਾਈਟ ਮੇਲੇ ਦਾ ਉਦਘਾਟਨ ਕਰਦਿਆਂ, ਸਿਹਤ ਮੰਤਰੀ ਨੇ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਦੇ ਨਾਲ, ਸਕੂਲ ਅਤੇ ਕਾਲਜ ਦੀਆਂ ਕੰਟੀਨਾਂ ਦੇ ਨਾਲ-ਨਾਲ ਹਸਪਤਾਲਾਂ ਵਿੱਚ ਉਨ੍ਹਾਂ ਦੇ ਪ੍ਰਚਲਨ ਦਾ ਹਵਾਲਾ ਦਿੰਦਿਆਂ ਨੌਜਵਾਨਾਂ ਦੀ ਸਿਹਤ ‘ਤੇ ਐਨਰਜੀ ਡਰਿੰਕਸ ਦੇ ਮਾੜੇ ਪ੍ਰਭਾਵ ‘ਤੇ ਜ਼ੋਰ ਦਿੱਤਾ। ਪਾਲਣਾ ਨੂੰ ਯਕੀਨੀ ਬਣਾਉਣ ਲਈ, ਸਿਹਤ ਟੀਮਾਂ ਕੰਟੀਨਾਂ ‘ਤੇ ਨਿਯਮਤ ਜਾਂਚ ਕਰਨਗੀਆਂ ਅਤੇ ਦੁਕਾਨਦਾਰਾਂ ਨੂੰ ਐਨਰਜੀ ਡਰਿੰਕਸ ਦੇ ਇਸ਼ਤਿਹਾਰ ਨਾ ਦਿਖਾਉਣ ਦੀ ਅਪੀਲ ਕੀਤੀ ਗਈ ਹੈ। ਐਨਰਜ਼ੀ ਡਰਿੰਕ ਦੀ ਬਜਾਏ, ਉਨ੍ਹਾਂ ਕੰਟੀਨਾਂ ਨੂੰ ਲੱਸੀ, ਨਿੰਬੂ ਪਾਣੀ, ਤਾਜ਼ੇ ਜੂਸ ਅਤੇ ਬਾਜਰੇ-ਅਧਾਰਤ ਉਤਪਾਦਾਂ ਵਰਗੇ ਸਿਹਤਮੰਦ ਵਿਕਲਪ ਪੇਸ਼ ਕਰਨ ਲਈ ਉਤਸ਼ਾਹਿਤ ਕੀਤਾ। ਕੈਬਨਿਟ ਮੰਤਰੀ ਨੇ ਮਿੱਟੀ ਦੀ ਗੁਣਵੱਤਾ ਬਣਾਈ ਰੱਖਣ ਅਤੇ ਸਮੁੱਚੀ ਤੰਦਰੁਸਤੀ ਨੂੰ ਉਤਸ਼ਾਹਿਤ ਕਰਨ ਲਈ ਬਾਜਰੇ ਅਤੇ ਜੈਵਿਕ ਭੋਜਨ ਉਤਪਾਦਨ ਦੀ ਮਹੱਤਤਾ ‘ਤੇ ਚਾਨਣਾ ਪਾਇਆ। ਉਨ੍ਹਾਂ ਅੱਗੇ ਕਿਹਾ ਕਿ ਮਿੱਟੀ ਦੀ ਗੁਣਵੱਤਾ ਬਣਾਈ ਰੱਖਣ ਲਈ ਕੁਦਰਤੀ ਅਤੇ ਬਾਜਰੇ ਦੀ ਖੇਤੀ ਕਰਨਾ ਜ਼ਰੂਰੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਲੋਕ ਮੋਟੇ ਅਨਾਜਾਂ ਨੂੰ ਪੂਰੀ ਤਰ੍ਹਾਂ ਭੁੱਲ ਗਏ ਹਨ, ਜਿਨ੍ਹਾਂ ਵਿੱਚ ਮੁੱਖ ਤੌਰ ‘ਤੇ ਬਾਜਰਾ, ਕੰਗਣੀ, ਕੋਡਰਾ, ਜਵਾਰ, ਸਾਵਣ ਅਤੇ ਰਾਂਗੀ ਸ਼ਾਮਲ ਹਨ, ਜਦੋਂ ਕਿ ਇਨ੍ਹਾਂ ਦੀ ਖਪਤ ਚੰਗੀ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਲਈ ਮਹੱਤਵਪੂਰਨ ਹੈ। ਉਨ੍ਹਾਂ ਅੱਗੇ ਕਿਹਾ ਕਿ ਮੋਟੇ ਅਨਾਜ ਪੈਦਾ ਕਰਨ ਨਾਲ ਨਾ ਸਿਰਫ਼ ਪਾਣੀ ਦੀ ਬਚਤ ਹੁੰਦੀ ਹੈ ਸਗੋਂ ਸਰੀਰ ਲਈ ਵੀ ਸਿਹਤਮੰਦ ਹੁੰਦਾ ਹੈ। ਕੈਬਨਿਟ ਮੰਤਰੀ ਨੇ ਕਿਹਾ ਕਿ ਅੱਜ ਪੌਸ਼ਟਿਕ ਤੱਤਾਂ ਨਾਲ ਭਰਪੂਰ ਮੋਟੇ ਅਨਾਜਾਂ ਦੇ ਫਾਇਦਿਆਂ ਬਾਰੇ ਜਾਗਰੂਕਤਾ ਫੈਲਾਉਣ ਅਤੇ ਇਸਦੇ ਉਤਪਾਦਨ ਨੂੰ ਉਤਸ਼ਾਹਿਤ ਕਰਨ ਲਈ ਇੱਕ ਵਾਤਾਵਰਣ ਬਣਾਉਣ ਦੀ ਲੋੜ ਹੈ। ਹਾਲਾਂਕਿ, ਉਨ੍ਹਾਂ ਨਸ਼ਿਆਂ ਦੇ ਖਤਰੇ ਨੂੰ ਖਤਮ ਕਰਨ ਲਈ ਆਸ਼ਾ ਅਤੇ ਆਂਗਣਵਾੜੀ ਵਰਕਰਾਂ ਦੀ ਮਦਦ ਵੀ ਮੰਗੀ। ਐਮ.ਪੀ. ਰਾਜ ਸਭਾ ਸੰਜੀਵ ਅਰੋੜਾ ਨੇ ਕਿਹਾ ਕਿ ਮੋਟੇ ਅਨਾਜ ਦੇ ਫਾਇਦਿਆਂ ਤੋਂ ਲੋਕਾਂ ਨੂੰ ਜਾਣੂ ਕਰਵਾਉਣ ਲਈ ਈਟ ਰਾਈਟ ਮੇਲਾ ਕਰਵਾਉਣਾ ਇੱਕ ਸ਼ਲਾਘਾਯੋਗ ਪਹਿਲ ਹੈ ਅਤੇ ਇਹ ਜਾਗਰੂਕਤਾ ਮੁਹਿੰਮ ਲੋਕਾਂ ਨੂੰ ਸਿਹਤਮੰਦ ਬਣਾਉਣ ਵਿੱਚ ਬਹੁਤ ਮਦਦ ਕਰੇਗੀ। ਕੈਬਨਿਟ ਮੰਤਰੀ ਨੇ ਲੋਕਾਂ ਨੂੰ ਜ਼ਿਲ੍ਹੇ ਵਿੱਚ ਭੋਜਨ, ਦੁੱਧ ਅਤੇ ਹੋਰ ਪੀਣ ਵਾਲੇ ਪਦਾਰਥਾਂ ਵਿੱਚ ਮਿਲਾਵਟ ਨੂੰ ਰੋਕਣ ਲਈ ਫੂਡ ਸੇਫਟੀ ਵੈਨ ਦਾ ਲਾਭ ਉਠਾਉਣ ਦੀ ਅਪੀਲ ਵੀ ਕੀਤੀ। ਇਸ ਤੋਂ ਪਹਿਲਾਂ, ਲੋਕਾਂ ਨੂੰ ਖਾਣ-ਪੀਣ ਦੀਆਂ ਚੰਗੀਆਂ ਆਦਤਾਂ ਅਤੇ ਬਾਜਰੇ ਦੀ ਮਹੱਤਤਾ ਬਾਰੇ ਜਾਗਰੂਕ ਕਰਨ ਲਈ ਇੱਕ ਵਾਕਾਥਨ ਵੀ ਆਯੋਜਿਤ ਕੀਤੀ ਗਈ। ਇਸ ਮੌਕੇ ਹਾਜ਼ਰ ਪ੍ਰਮੁੱਖ ਸ਼ਖਸ਼ੀਅਤਾਂ ਵਿੱਚ ਡਾਇਰੈਕਟਰ ਫੂਡ ਲੈਬ ਖਰੜ, ਡਾ. ਰਵਨੀਤ ਕੌਰ, ਸੰਯੁਕਤ ਕਮਿਸ਼ਨਰ ਫੂਡ ਸੇਫਟੀ ਡਾ. ਅਮਿਤ ਜੋਸ਼ੀ, ਸਿਵਲ ਸਰਜਨ ਡਾ. ਰਮਨਦੀਪ ਕੌਰ ਆਹਲੂਵਾਲੀਆ, ਜ਼ਿਲ੍ਹਾ ਸਿਹਤ ਅਧਿਕਾਰੀ ਡਾ. ਅਮਰਜੀਤ ਕੌਰ ਅਤੇ ਹੋਰ ਸ਼ਾਮਲ ਸਨ।

About Author

Leave A Reply

WP2Social Auto Publish Powered By : XYZScripts.com