- ਤਾਰਾਂ ਹੇਠਲੇ ਘਰਾਂ ਦੀ ਸੁਰੱਖਿਆ ਯਕੀਨੀ ਬਣਾਉਣ ‘ਤੇ ਵੀ ਦਿੱਤਾ ਜ਼ੋਰ
- ਕਿਹਾ! ਪਿਛਲੀਆਂ ਸਰਕਾਰਾਂ ਨੇ ਕੀਤਾ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ
- ਬਣੇ ਮਕਾਨਾਂ ਦਾ ਮੁਆਵਜ਼ਾ ਦੇ ਕੇ ਸਰਕਾਰ ਕੀਮਤੀ ਜਾਨਾਂ ਦੀ ਕਰੇ ਰਾਖੀ – ਵਿਧਾਇਕ ਗਰੇਵਾਲ
ਲੁਧਿਆਣਾ, (ਸੰਜੇ ਮਿੰਕਾ) – ਵਿਧਾਨ ਸਭਾ ਸੈਸ਼ਨ ਦੌਰਾਨ ਹਲਕਾ ਲੁਧਿਆਣਾ ਪੂਰਬੀ ਤੋਂ ਵਿਧਾਇਕ ਦਲਜੀਤ ਸਿੰਘ ਗਰੇਵਾਲ ਭੋਲਾ ਵੱਲੋਂ ਅੱਜ ਸੂਬੇ ਭਰ ਵਿੱਚ ਓਵਰਹੈਡ ਹਾਈ ਟੈਂਸ਼ਨ ਤਾਰਾਂ ਥੱਲੇ ਬਣੇ ਘਰਾਂ ਵਿੱਚ ਰਹਿਣ ਵਾਲੇ ਵਸਨੀਕਾਂ ਦੀ ਜਾਨ-ਮਾਲ ਦੀ ਰਾਖੀ ਨੂੰ ਯਕੀਨੀ ਬਣਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਜਿਹੜੇ ਘਰ ਓਵਰਹੈਡ ਹਾਈ ਟੈਂਸ਼ਨ ਤਾਰਾਂ ਦੇ ਥੱਲੇ ਹਨ ਉਨ੍ਹਾਂ ਦੇ ਮਾਲਕਾਂ ਨੂੰ ਸਰਕਾਰ ਵੱਲੋਂ ਮੁਆਵਜ਼ਾ ਦੇ ਕੇ ਮਕਾਨ ਖਾਲੀ ਕਰਵਾਉਣੇ ਚਾਹੀਦੇ ਹਨ ਤਾਂ ਜੋ ਅਣਸੁਖਾਵੀਆਂ ਘਟਨਾਵਾਂ ਤੋਂ ਬਚਿਆ ਜਾ ਸਕੇ। ਉਨ੍ਹਾਂ ਦੱਸਿਆ ਕਿ ਇਹ ਤਾਰਾਂ 10-12 ਫੁੱਟ ਦੀ ਦੂਰੀ ਤੋਂ ਵਿਅਕਤੀ ਨੂੰ ਆਪਣੀ ਚਪੇਟ ਵਿੱਚ ਲੈ ਲੈਂਦੀਆਂ ਹਨ। ਉਨ੍ਹਾਂ ਕਿਹਾ ਕਿ ਸੂਬੇ ‘ਤੇ ਰਾਜ ਕਰ ਚੁੱਕੀਆਂ ਸਾਬਕਾ ਸਰਕਾਰਾਂ ਨੇ ਭੋਲੇ ਭਾਲੇ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਕੀਤਾ ਹੈ। ਉਹਨਾਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਕਈ ਤਰ੍ਹਾਂ ਦੇ ਹਾਦਸੇ ਹੋ ਚੁੱਕੇ ਹਨ, ਜਿਨਾਂ ਵਿੱਚ ਕਈ ਲੋਕ ਆਪਣੀਆਂ ਕੀਮਤੀ ਜਾਨਾਂ ਗਵਾ ਚੁੱਕੇ ਹਨ। ਉਹਨਾਂ ਦੱਸਿਆ ਕਿ ਅੱਜ ਦੇ ਵਿਧਾਨ ਸਭਾ ਸੈਸ਼ਨ ਦੌਰਾਨ ਉਹਨਾਂ ਵੱਲੋਂ ਇਹ ਮੁੱਦਾ ਚੁੱਕਿਆ ਗਿਆ ਹੈ ਅਤੇ ਇਸ ਦੌਰਾਨ ਮੰਗ ਰੱਖੀ ਗਈ ਹੈ ਕਿ ਜਿਨਾਂ ਲੋਕਾਂ ਦੇ ਘਰ ਹਾਈ ਵੋਲਟੇਜ ਤਾਰਾਂ ਦੇ ਥੱਲੇ ਬਣੇ ਹੋਏ ਹਨ ਉਹਨਾਂ ਲੋਕਾਂ ਨੂੰ ਉਹਨਾਂ ਦੇ ਮਕਾਨਾਂ ਦਾ ਮੁਆਵਜ਼ਾ ਦਿੱਤਾ ਜਾਵੇ ਤਾਂ ਜੋ ਆਪਣਾ ਉਹ ਰਹਿਣ ਬਸੇਰਾ ਕਿਸੇ ਦੂਜੀ ਥਾਂ ਤੇ ਕਰ ਸਕਣ। ਵਿਧਾਇਕ ਗਰੇਵਾਲ ਨੇ ਕਿਹਾ ਕਿ ਇਸ ਸਮੱਸਿਆ ਦਾ ਹੱਲ ਹੋਣ ਨਾਲ ਸ਼ਹਿਰ ਦੀ ਟਰੈਫਿਕ ਸਮੱਸਿਆ ਤੋਂ ਵੀ ਛੁਟਕਾਰਾ ਮਿਲੇਗਾ ਕਿਉਂਕਿ ਇਹ ਥਾਵਾਂ ਖਾਲੀ ਹੋਣ ਨਾਲ ਵਧੀਆ ਤੇ ਖੁੱਲੀਆਂ ਸੜਕਾਂ ਬਣਾਈਆਂ ਜਾਣਗੀਆਂ।