Wednesday, March 12

ਲੁਧਿਆਣਾ ਨੂੰ ਪਰਾਲੀ ਸਾੜਨ ਤੋਂ ਮੁਕਤ ਜ਼ਿਲ੍ਹਾ ਬਣਾਉਣ ਲਈ ਪ੍ਰਸ਼ਾਸਨ ਪੱਬਾਂ ਭਾਰ

  •  ਕਿਸਾਨਾਂ ਨੂੰ ਸਬਸਿਡੀ ‘ਤੇ ਝੋਨੇ ਦੀ ਪਰਾਲੀ ਪ੍ਰਬੰਧਨ ਉਪਕਰਣ ਵੰਡਣ ਲਈ ਵਿਸ਼ੇਸ਼ ਮੁਹਿੰਮ ਦਾ ਆਗਾਜ਼

ਲੁਧਿਆਣਾ,(ਸੰਜੇ ਮਿੰਕਾ) – ਲੁਧਿਆਣਾ ਨੂੰ ‘ਝੋਨੇ ਦੀ ਪਰਾਲੀ ਸਾੜਨ ਤੋਂ ਮੁਕਤ’ ਜ਼ਿਲ੍ਹਾ ਬਣਾਉਣ ਲਈ ਕਮਰ ਕੱਸਦਿਆਂ ਜ਼ਿਲ੍ਹਾ ਪ੍ਰਸ਼ਾਸਨ ਨੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਨਾਲ ਮਿਲ ਕੇ ਕਿਸਾਨਾਂ ਨੂੰ ਆਗਾਮੀ ਹਫ਼ਤਿਆਂ ਵਿੱਚ ਸਬਸਿਡੀ ਵਾਲੇ ਝੋਨੇ ਦੀ ਪਰਾਲੀ ਪ੍ਰਬੰਧਨ ਉਪਕਰਣ ਵੰਡਣ ਲਈ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਹੈ। ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਕਿਹਾ ਕਿ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣਾ ਕਿਸਾਨਾਂ ਅਤੇ ਜ਼ਮੀਨਾਂ ਲਈ ਖਤਰਨਾਕ ਹੈ, ਜਿਸ ਨੂੰ ਕਿਸਾਨ ਮਾਂ ਸਮਝਦੇ ਹਨ। ਉਨ੍ਹਾਂ ਸਪੱਸ਼ਟ ਤੌਰ ‘ਤੇ ਦੱਸਿਆ ਕਿ ਝੋਨੇ ਦੀ ਪਰਾਲੀ ਅਤੇ ਰਹਿੰਦ-ਖੂੰਹਦ ਨੂੰ ਅੱਗ ਲਾਉਣਾ ਬੇਹੱਦ ਘਾਤਕ ਹੈ ਕਿਉਂਕਿ ਇਹ ਮਿੱਟੀ ਦੀ ਸਿਹਤ ਨੂੰ ਖਰਾਬ ਕਰਨ ਦੇ ਨਾਲ-ਨਾਲ ਵਾਤਾਵਰਣ ਨੂੰ ਵੀ ਭਾਰੀ ਨੁਕਸਾਨ ਪਹੁੰਚਾਉਂਦਾ ਹੈ। ਡਿਪਟੀ ਕਮਿਸ਼ਨਰ ਸਾਹਨੀ ਨੇ ਦੱਸਿਆ ਕਿ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਨਾਲ ਮਿੱਟੀ ਦੇ ਕਈ ਮੁੱਖ ਪੌਸ਼ਟਿਕ ਤੱਤ ਅਤੇ ਹੋਰ ਸੂਖਮ ਪੌਸ਼ਟਿਕ ਤੱਤ ਨਸ਼ਟ ਹੋ ਜਾਂਦੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਦੀ ਬਜਾਏ ਨਵੀਨਤਮ ਤਕਨੀਕਾਂ ਰਾਹੀਂ ਇਨ-ਸੀਟੂ ਪ੍ਰਬੰਧਨ ਲਈ ਪ੍ਰਭਾਵੀ ਤਰੀਕੇ ਅਪਨਾਉਣੇ ਚਾਹੀਦੇ ਹਨ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਕਿਸਾਨਾਂ ਨੂੰ ਉਤਸ਼ਾਹਿਤ ਕਰਨ ਲਈ ਪ੍ਰਸ਼ਾਸਨ ਅਤੇ ਵਿਭਾਗ ਵੱਲੋਂ ਕਿਸਾਨਾਂ ਅਤੇ ਕਿਸਾਨ ਸਮੂਹਾਂ ਨੂੰ ਹੈਪੀ ਸੀਡਰ, ਸੁਪਰ ਸੀਡਰ, ਸਮਾਰਟ ਸੀਡਰ, ਰੇਕ, ਮਲਚਰ, ਪੈਡੀ ਚੌਪਰ ਸ਼ਰੈਡਰ, ਆਰ.ਐਮ.ਬੀ. ਹਲ ਸਮੇਤ ਕਈ ਮਸ਼ੀਨਾਂ ਸਬਸਿਡੀ ‘ਤੇ ਦਿੱਤੀਆਂ ਜਾ ਰਹੀਆਂ ਹਨ। ਵਿਅਕਤੀਗਤ ਕਿਸਾਨ 50 ਫੀਸਦ ਸਬਸਿਡੀ ਪ੍ਰਾਪਤ ਕਰਨ ਦਾ ਹੱਕਦਾਰ ਹੈ ਅਤੇ ਕਿਸਾਨ ਸਮੂਹ/ਸਹਿਕਾਰੀ ਸਭਾਵਾਂ ਨੂੰ 80 ਫੀਸਦ ਸਬਸਿਡੀ ਮਿਲਦੀ ਹੈ। ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਇਸ ਸਾਲ ਦੌਰਾਨ ਜਾਗਰੂਕਤਾ ਮੁਹਿੰਮ ਤਹਿਤ ਹਰੇਕ ਪਿੰਡ ਨੂੰ ਕਵਰ ਕਰਨ ਲਈ ਰੂਪ-ਰੇਖਾ ਤਿਆਰ ਕਰਨ ਦੇ ਨਿਰਦੇਸ਼ ਦਿੱਤੇ। ਪਿਛਲੇ ਸਾਲ, ਜ਼ਿਲ੍ਹੇ ਵਿੱਚ ਪਰਾਲੀ ਸਾੜਨ ਦੇ 32 ਪ੍ਰਤੀਸ਼ਤ ਘੱਟ ਮਾਮਲੇ ਦਰਜ ਕੀਤੇ ਗਏ ਸਨ ਅਤੇ ਹੁਣ ਇਸ ਵਾਰ, ਸਾਨੂੰ ਇਹ ਯਕੀਨੀ ਬਣਾਉਣ ਲਈ ਵਧੇਰੇ ਮਿਹਨਤ ਕਰਨੀ ਪਵੇਗੀ ਕਿ ਕੋਈ ਵੀ ਕਿਸਾਨ ਇਸ ਗੈਰ-ਸਿਹਤਮੰਦ ਅਭਿਆਸ ਵਿੱਚ ਸ਼ਾਮਲ ਨਾ ਹੋਵੇ। ਮੀਟਿੰਗ ਦੌਰਾਨ, ਡਿਪਟੀ ਕਮਿਸ਼ਨਰ ਸਾਹਨੀ ਵੱਲੋਂ ਖੇਤੀਬਾੜੀ ਵਿਭਾਗ ਦੇ ਇੰਜੀਨੀਅਰ ਅਮਨਪ੍ਰੀਤ ਸਿੰਘ ਵੱਲੋਂ ਪਰਾਲੀ ਸਾੜਨ ਦੀ ਰੋਕਥਾਮ ਲਈ ਕੀਤੇ ਯਤਨਾਂ ਦੀ ਸ਼ਲਾਘਾ ਵੀ ਕੀਤੀ ਗਈ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰਾਂ ਵਿੱਚ ਅਨਮੋਲ ਸਿੰਘ ਧਾਲੀਵਾਲ, ਰੁਪਿੰਦਰਪਾਲ ਸਿੰਘ, ਐਸ.ਡੀ.ਐਮਜ਼, ਮੁੱਖ ਖੇਤੀਬਾੜੀ ਅਫ਼ਸਰ ਲੁਧਿਆਣਾ ਡਾ. ਪ੍ਰਕਾਸ਼ ਸਿੰਘ ਅਤੇ ਇੰਜੀਨੀਅਰ ਅਮਨਪ੍ਰੀਤ ਸਿੰਘ ਅਤੇ ਹੋਰ ਸੀਨੀਅਰ ਅਧਿਕਾਰੀ ਵੀ ਹਾਜ਼ਰ ਸਨ।

About Author

Leave A Reply

WP2Social Auto Publish Powered By : XYZScripts.com