- ਅਧਿਕਾਰੀਆਂ ਨੂੰ ਪੂਰੀ ਪ੍ਰਕਿਰਿਆ ਦੀ ਵੀਡੀਓਗ੍ਰਾਫੀ ਯਕੀਨੀ ਬਣਾਉਣ ਦੇ ਵੀ ਦਿੱਤੇ ਨਿਰਦੇਸ਼
ਲੁਧਿਆਣਾ, (ਸੰਜੇ ਮਿੰਕਾ)- ਲੁਧਿਆਣਾ ਸੰਸਦੀ ਹਲਕੇ ਲਈ ਜਨਰਲ ਆਬਜ਼ਰਵਰ ਦਿਵਿਆ ਮਿੱਤਲ ਆਈ.ਏ.ਐਸ. ਨੇ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ (ਈ.ਵੀ.ਐਮ.) ਅਤੇ ਵੋਟਰ-ਵੈਰੀਫਾਈਡ ਪੇਪਰ ਆਡਿਟ ਟ੍ਰੇਲ (ਵੀ.ਵੀ. ਪੈਟ) ਮਸ਼ੀਨਾਂ ਤਿਆਰ ਕਰਨ ਦੀ ਪ੍ਰਕਿਰਿਆ ਦਾ ਨਿਰੀਖਣ ਕੀਤਾ ਜੋ ਕਿ ਪੋਲਿੰਗ ਵਾਲੇ ਦਿਨ (1 ਜੂਨ) ਨੂੰ ਵਰਤੀਆਂ ਜਾਣੀਆਂ ਹਨ। ਵੱਖ-ਵੱਖ ਵਿਧਾਨ ਸਭਾ ਹਲਕਿਆਂ ਵਿੱਚ ਸਥਾਪਿਤ ਸਟਰਾਂਗ ਰੂਮਾਂ ਦਾ ਨਿਰੀਖਣ ਕੀਤਾ ਗਿਆ ਜਿਨ੍ਹਾਂ ਵਿੱਚ ਐਸ.ਆਰ.ਐਸ. ਸਰਕਾਰੀ ਪੋਲੀਟੈਕਨਿਕ ਕਾਲਜ, ਰਿਸ਼ੀ ਨਗਰ (ਗਿੱਲ ਹਲਕਾ), ਐਸ.ਸੀ.ਡੀ. ਸਰਕਾਰੀ ਕਾਲਜ (ਲੜਕੇ) (ਲੁਧਿਆਣਾ ਪੂਰਬੀ), ਕੇ.ਵੀ.ਐਮ. ਸੀਨੀਅਰ ਸੈਕੰਡਰੀ ਸਕੂਲ (ਲੁਧਿਆਣਾ ਦੱਖਣੀ) ਅਤੇ ਖ਼ਾਲਸਾ ਕਾਲਜ (ਲੜਕੀਆਂ), ਸਿਵਲ ਲਾਈਨਜ਼ (ਲੁਧਿਆਣਾ ਪੱਛਮੀ) ਸ਼ਾਮਲ ਹਨ। ਜ਼ਿਕਰਯੋਗ ਹੈ ਕਿ ਪ੍ਰਸ਼ਾਸਨ 7974 ਬੈਲਟ ਯੂਨਿਟ, 3498 ਕੰਟਰੋਲ ਯੂਨਿਟ ਅਤੇ 3795 ਵੀ.ਵੀ. ਪੈਟ ਤਿਆਰ ਕਰਨ ਲਈ ਕੰਮ ਕਰ ਰਿਹਾ ਹੈ, ਜਿਨ੍ਹਾਂ ਦੀ ਵਰਤੋਂ ਪੋਲਿੰਗ ਵਾਲੇ ਦਿਨ (1 ਜੂਨ) ਕੀਤੀ ਜਾਣੀ ਹੈ। ਤਿਆਰੀਆਂ ਦੀ ਪ੍ਰਕਿਰਿਆ ਸਬੰਧਤ ਵਿਧਾਨ ਸਭਾ ਹਲਕਿਆਂ ਦੇ ਸਹਾਇਕ ਰਿਟਰਨਿੰਗ ਅਫ਼ਸਰਾਂ ਦੀ ਨਿਗਰਾਨੀ ਹੇਠ ਸ਼ੁਰੂ ਕੀਤੀ ਜਾ ਰਹੀ ਹੈ। ਨਿਰੀਖਣ ਦੌਰਾਨ ਜਨਰਲ ਅਬਜ਼ਰਵਰ ਦਿਵਿਆ ਮਿੱਤਲ ਨੇ ਸਬੰਧਤ ਸਹਾਇਕ ਰਿਟਰਨਿੰਗ ਅਫ਼ਸਰਾਂ ਨੂੰ ਹਦਾਇਤ ਕੀਤੀ ਕਿ ਉਹ ਈ.ਵੀ.ਐਮਜ਼ ਦੀ ਸੁਰੱਖਿਆ ਯਕੀਨੀ ਬਣਾਉਣ। ਉਨ੍ਹਾਂ ਸਾਰੀ ਪ੍ਰਕਿਰਿਆ ਦੀ ਵੀਡੀਓਗ੍ਰਾਫੀ ਯਕੀਨੀ ਬਣਾਉਣ ਲਈ ਵੀ ਨਿਰਦੇਸ਼ ਜਾਰੀ ਕੀਤੇ। ਅਧਿਕਾਰੀਆਂ ਨੇ ਪੁਸ਼ਟੀ ਕੀਤੀ ਕਿ ਸਾਰੀਆਂ ਈ.ਵੀ.ਐਮ. ਅਤੇ ਵੀ.ਵੀ. ਪੈਟ ਰੀਫਾਰਮੈਟਿੰਗ ਤੋਂ ਬਾਅਦ ਵਰਤੋਂ ਲਈ ਤਿਆਰ ਹੋਣਗੇ, ਜੋ ਸੁਚਾਰੂ, ਪਾਰਦਰਸ਼ੀ ਅਤੇ ਨਿਰਵਿਘਨ ਚੋਣਾਂ ਨੂੰ ਯਕੀਨੀ ਬਣਾਉਣ ਲਈ ਮਹੱਤਵਪੂਰਨ ਹਨ। ਜਨਰਲ ਅਬਜ਼ਰਵਰ ਦਿਵਿਆ ਮਿੱਤਲ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਆਜ਼ਾਦ, ਨਿਰਪੱਖ ਅਤੇ ਪਾਰਦਰਸ਼ੀ ਚੋਣਾਂ ਨੂੰ ਯਕੀਨੀ ਬਣਾਉਣ ਲਈ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਪਾਲਣਾ ਕਰਨ। ਨਿਰੀਖਣ ਦੌਰਾਨ, ਖੇਤਰੀ ਟਰਾਂਸਪੋਰਟ ਅਫ਼ਸਰ (ਆਰ.ਟੀ.ਓ)-ਕਮ ਏ.ਆਰ.ਓ ਹਲਕਾ ਗਿੱਲ ਰਣਦੀਪ ਸਿੰਘ ਹੀਰ, ਨਗਰ ਨਿਗਮ ਸੰਯੁਕਤ ਕਮਿਸ਼ਨਰ-ਕਮ-ਏ.ਆਰ.ਓ ਲੁਧਿਆਣਾ ਪੂਰਬੀ ਚੇਤਨ ਬੰਗੜ, ਨਗਰ ਨਿਗਮ ਸੰਯੁਕਤ ਕਮਿਸ਼ਨਰ-ਕਮ-ਏ.ਆਰ.ਓ ਲੁਧਿਆਣਾ ਦੱਖਣੀ ਇੰਦਰ ਪਾਲ, ਵਧੀਕ ਡਿਪਟੀ ਕਮਿਸ਼ਨਰ-ਕਮ-ਏ.ਆਰ.ਓ ਲੁਧਿਆਣਾ ਪੱਛਮੀ ਰੁਪਿੰਦਰਪਾਲ ਸਿੰਘ ਸਮੇਤ ਹੋਰ ਅਧਿਕਾਰੀ ਵੀ ਮੌਜੂਦ ਸਨ।