- ਗੁਰਦੇਵ ਨਗਰ ਵਿਖੇ ਤਾਇਨਾਤ ਐਸ.ਐਸ.ਟੀ. ਦੇ ਕੰਮਕਾਜ ਦਾ ਵੀ ਕੀਤਾ ਨਿਰੀਖਣ
ਲੁਧਿਆਣਾ, (ਸੰਜੇ ਮਿੰਕਾ) – ਲੁਧਿਆਣਾ ਸੰਸਦੀ ਹਲਕੇ ਲਈ ਜਨਰਲ ਅਬਜ਼ਰਵਰ ਦਿਵਿਆ ਮਿੱਤਲ, ਆਈ.ਏ.ਐਸ. ਨੇ ਬੁੱਧਵਾਰ ਨੂੰ ਲੁਧਿਆਣਾ ਸੰਸਦੀ ਹਲਕੇ ਦੇ ਆਤਮ ਨਗਰ ਵਿਧਾਨ ਸਭਾ ਹਲਕੇ ਅਧੀਨ ਪੈਂਦੇ ਸੰਵੇਦਨਸ਼ੀਲ ਪੋਲਿੰਗ ਸਟੇਸ਼ਨਾਂ ‘ਤੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ। ਆਤਮ ਨਗਰ ਵਿਧਾਨ ਸਭਾ ਖੇਤਰ ਖਰਚਾ ਸੰਵੇਦਨਸ਼ੀਲ ਖੇਤਰ ਹੈ। ਆਤਮ ਨਗਰ ਵਿਧਾਨ ਸਭਾ ਹਲਕੇ ਦੇ ਸਹਾਇਕ ਰਿਟਰਨਿੰਗ ਅਫਸਰ (ਏ.ਆਰ.ਓ) ਪਰਮਦੀਪ ਸਿੰਘ ਅਤੇ ਸਹਾਇਕ ਕਮਿਸ਼ਨਰ (ਯੂ.ਟੀ.) ਕ੍ਰਿਤਿਕਾ ਗੋਇਲ ਦੇ ਨਾਲ ਜਨਰਲ ਅਬਜ਼ਰਵਰ ਦਿਵਿਆ ਮਿੱਤਲ ਨੇ ਨਰਾਇਣ ਈ-ਟੈਕਨੋ ਸਕੂਲ, ਅਰਬਨ ਅਸਟੇਟ ਦੁੱਗਰੀ ਅਤੇ ਮਾਡਲ ਟਾਊਨ ਐਕਸਟੈਂਸ਼ਨ ਵਿੱਚ ਸ਼੍ਰੀ ਵਿਵੇਕਾਨੰਦ ਸਵਰਗ ਆਸ਼ਰਮ (ਬਿਰਧ ਆਸ਼ਰਮ) ਵਿੱਚ ਸਥਾਪਿਤ ਸੰਵੇਦਨਸ਼ੀਲ ਪੋਲਿੰਗ ਸਟੇਸ਼ਨਾਂ ਦਾ ਨਿਰੀਖਣ ਕੀਤਾ। ਜਨਰਲ ਅਬਜ਼ਰਵਰ ਦਿਵਿਆ ਮਿੱਤਲ ਵੱਲੋਂ ਪੋਲਿੰਗ ਸਟੇਸ਼ਨਾਂ ‘ਤੇ ਸੁਰੱਖਿਆ ਕਰਮਚਾਰੀਆਂ ਦੀ ਤਾਇਨਾਤੀ, ਈ.ਵੀ.ਐਮਜ਼ ਦੀ ਢੋਆ-ਢੁਆਈ ਅਤੇ ਪੋਲਿੰਗ ਸਟਾਫ/ਵੋਟਰਾਂ ਦੀਆਂ ਸਹੂਲਤਾਂ ਬਾਰੇ ਜਾਣਕਾਰੀ ਲਈ। ਪੋਲਿੰਗ ਸਟੇਸ਼ਨਾਂ ‘ਤੇ ਵੋਟਰਾਂ ਲਈ ਪੀਣ ਵਾਲੇ ਪਾਣੀ/ਪਖਾਨੇ ਦੀ ਸਹੂਲਤ ਯਕੀਨੀ ਬਣਾਉਣ ਲਈ ਹਦਾਇਤਾਂ ਜਾਰੀ ਕੀਤੀਆਂ ਗਈਆਂ। ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਉਹ ਅਮਨ-ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਲਈ ਇਲਾਕੇ ਵਿੱਚ ਸੰਭਾਵੀ ਗੜਬੜੀ ਪੈਦਾ ਕਰਨ ਵਾਲੇ ਵਿਅਕਤੀਆਂ ਖ਼ਿਲਾਫ਼ ਕਾਰਵਾਈ ਨੂੰ ਯਕੀਨੀ ਬਣਾਉਣ। ਜਨਰਲ ਅਬਜ਼ਰਵਰ ਦਿਵਿਆ ਮਿੱਤਲ ਨੇ ਏ.ਆਰ.ਓ ਪਰਮਦੀਪ ਸਿੰਘ ਨੂੰ ਵੀ ਹਦਾਇਤ ਕੀਤੀ ਕਿ ਉਹ ਵਿਧਾਨ ਸਭਾ ਹਲਕੇ ਵਿੱਚ ਸੰਵੇਦਨਸ਼ੀਲ ਖੇਤਰਾਂ ਦਾ ਦੌਰਾ ਕਰਨ ਅਤੇ ਵੋਟਰਾਂ ਵਿੱਚ ਵਿਸ਼ਵਾਸ ਪੈਦਾ ਕਰਨ ਲਈ ਇਲਾਕਾ ਨਿਵਾਸੀਆਂ ਨਾਲ ਗੱਲਬਾਤ ਕਰਨ। ਇਸ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਲੋਕ ਜਮਹੂਰੀ ਪ੍ਰਕਿਰਿਆ ਵਿੱਚ ਬਿਨਾਂ ਕਿਸੇ ਡਰ ਜਾਂ ਦਬਾਅ ਦੇ ਭਾਗ ਲੈਣ। ਏ.ਆਰ.ਓ ਪਰਮਦੀਪ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਚੋਣ ਅਫ਼ਸਰ ਸਾਕਸ਼ੀ ਸਾਹਨੀ ਦੀਆਂ ਹਦਾਇਤਾਂ ‘ਤੇ ਕਾਰਵਾਈ ਕਰਦਿਆਂ ਵੋਟਰਾਂ ਦੀ ਸਹੂਲਤ ਲਈ ਸਾਰੇ ਪੋਲਿੰਗ ਸਟੇਸ਼ਨਾਂ ‘ਤੇ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਹਨ। ਪ੍ਰਸ਼ਾਸਨ ਵੋਟਰਾਂ ਲਈ ਸ਼ੈਡ, ਪੱਖੇ, ਨਿੰਬੂ ਪਾਣੀ/ਮਿੱਠੇ ਪਾਣੀ ਆਦਿ ਨੂੰ ਯਕੀਨੀ ਬਣਾਏਗਾ। (ਸਬ-ਹੈਡ) ਜਨਰਲ ਅਬਜ਼ਰਵਰ ਵੱਲੋਂ ਐਸ.ਐਸ.ਟੀ. ਦੇ ਕੰਮਕਾਜ ਦਾ ਨਿਰੀਖਣ, ਸਖ਼ਤ ਨਿਗਰਾਨੀ ਰੱਖਣ ਲਈ ਨਿਰਦੇਸ਼ ਜਾਰੀ ਕੀਤੇ : – ਜਨਰਲ ਅਬਜ਼ਰਵਰ ਦਿਵਿਆ ਮਿੱਤਲ ਵੱਲੋਂ ਗੁਰਦੇਵ ਨਗਰ ‘ਚ ਐਸ.ਐਸ.ਟੀ. ਦੇ ਕੰਮਕਾਜ ਦੀ ਵੀ ਸਮੀਖਿਆ ਕੁੱਲ ਮਿਲਾ ਕੇ, 126 ਐਸ.ਐਸ.ਟੀਜ ਨੂੰ ਜ਼ਿਲ੍ਹੇ ਵਿੱਚ ਤਾਇਨਾਤ ਕੀਤਾ ਗਿਆ ਹੈ (14 ਹਲਕਿਆਂ ਵਿੱਚ ਹਰੇਕ ਵਿਧਾਨ ਸਭਾ ਹਲਕੇ ਵਿੱਚ 9 ਟੀਮਾਂ)। ਇਹ ਟੀਮਾਂ ਵਾਹਨ ਚੈਕਿੰਗ ਅਭਿਆਨ ਚਲਾ ਰਹੀਆਂ ਹਨ ਅਤੇ ਜ਼ਿਲ੍ਹੇ ਵਿੱਚ ਆਦਰਸ਼ ਚੋਣ ਜ਼ਾਬਤੇ ਨੂੰ ਸਖ਼ਤੀ ਨਾਲ ਲਾਗੂ ਕਰਨ ਨੂੰ ਯਕੀਨੀ ਬਣਾਉਣ ਵਿੱਚ ਸਹਾਇਤਾ ਕਰ ਰਹੀਆਂ ਹਨ। ਜਨਰਲ ਅਬਜ਼ਰਵਰ ਦਿਵਿਆ ਮਿੱਤਲ ਨੇ ਐਸ.ਐਸ.ਟੀ. ਟੀਮ ਦੇ ਮੈਂਬਰਾਂ ਨੂੰ ਹਦਾਇਤ ਕੀਤੀ ਕਿ ਉਹ ਆਪਣੇ ਵੱਲੋਂ ਚੈਕਿੰਗ ਕੀਤੇ ਜਾ ਰਹੇ ਵਾਹਨਾਂ ਦਾ ਰਿਕਾਰਡ ਰੱਖਣਾ ਯਕੀਨੀ ਬਣਾਉਣ। ਨਾਲ ਹੀ ਨਿਗਰਾਨੀ ਦੌਰਾਨ ਫੜੀਆਂ ਜਾਣ ਵਾਲੀਆਂ ਵਸਤੂਆਂ ਦਾ ਸਹੀ ਰਿਕਾਰਡ ਰੱਖਿਆ ਜਾਣਾ ਚਾਹੀਦਾ ਹੈ।