Thursday, March 13

ਸੰਸਦੀ ਹਲਕਾ ਲੁਧਿਆਣਾ ‘ਚ ਹੁਣ ਤੱਕ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ 1.11 ਕਰੋੜ ਰੁਪਏ ਦੇ ਚੋਣ ਖਰਚੇ ਰਿਕਾਰਡ ਕੀਤੇ ਗਏ – ਜ਼ਿਲ੍ਹਾ ਚੋਣ ਅਫ਼ਸਰ ਸਾਕਸ਼ੀ ਸਾਹਨੀ

  • ਪ੍ਰਸ਼ਾਸਨ ਵੱਲੋਂ ਜ਼ਿਲ੍ਹੇ ‘ਚ 57856 ਨਵੇਂ ਯੋਗ ਵੋਟਰਾਂ ਦੀ ਰਜਿਸਟਰੇਸ਼ਨ
  • ਨਾਮਜ਼ਦਗੀ 10 ਮਈ ਨੂੰ ਵੀ ਕੀਤੀ ਜਾਵੇਗੀ ਸਵੀਕਾਰ

ਲੁਧਿਆਣਾ, (ਸੰਜੇ ਮਿੰਕਾ) – ਜ਼ਿਲ੍ਹਾ ਚੋਣ ਅਫ਼ਸਰ ਸਾਕਸ਼ੀ ਸਾਹਨੀ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਬੀਤੀ 16 ਮਾਰਚ ਨੂੰ ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪ੍ਰਸ਼ਾਸਨ ਨੇ ਹੁਣ ਤੱਕ ਲੁਧਿਆਣਾ ਵਿੱਚ ਵੱਖ-ਵੱਖ ਸਿਆਸੀ ਪਾਰਟੀਆਂ ਦੇ ਖਾਤਿਆਂ ਵਿੱਚ 1.11 ਕਰੋੜ ਰੁਪਏ ਦੇ ਚੋਣ ਖਰਚੇ ਦਰਜ ਕੀਤੇ ਹਨ। ਜ਼ਿਲ੍ਹਾ ਚੋਣ ਅਫ਼ਸਰ ਸਾਹਨੀ ਨੇ ਇਹ ਵੀ ਕਿਹਾ ਕਿ ਭਾਰਤੀ ਚੋਣ ਕਮਿਸ਼ਨ ਵੱਲੋਂ ਚੱਲ ਰਹੀਆਂ ਲੋਕ ਸਭਾ ਚੋਣਾਂ ਵਿੱਚ ਉਮੀਦਵਾਰ ਲਈ ਖਰਚੇ ਦੀ ਹੱਦ 95 ਲੱਖ ਰੁਪਏ ਨਿਰਧਾਰਿਤ ਕੀਤੀ ਗਈ ਹੈ। ਉਮੀਦਵਾਰਾਂ ਦੀ ਨਾਮਜ਼ਦਗੀ ਸਫਲ ਹੋਣ ਤੋਂ ਬਾਅਦ, ਚੋਣ ਪ੍ਰਚਾਰ ‘ਤੇ ਕਿਸੇ ਵੀ ਕਿਸਮ ਦਾ ਖਰਚਾ ਉਮੀਦਵਾਰ ਦੇ ਖਾਤੇ ਵਿੱਚ ਦਰਜ ਕੀਤਾ ਜਾਵੇਗਾ। ਉਨ੍ਹਾਂ ਅੱਗੇ ਕਿਹਾ ਕਿ ਲੁਧਿਆਣਾ ਸੰਸਦੀ ਹਲਕੇ ਅਧੀਨ ਆਉਂਦੇ ਆਤਮ ਨਗਰ, ਗਿੱਲ ਅਤੇ ਲੁਧਿਆਣਾ ਦੱਖਣੀ ਹਲਕੇ ਅਤੇ ਸੰਸਦੀ ਹਲਕਾ ਫਤਹਿਗੜ੍ਹ ਸਾਹਿਬ ਅਧੀਨ ਸਾਹਨੇਵਾਲ ਵਿਧਾਨ ਸਭਾ ਹਲਕਾ ਖਰਚੇ ਦੇ ਪੱਖੋਂ ਸੰਵੇਦਨਸ਼ੀਲ ਹਨ ਜਿੱਥੇ ਚੋਣ ਟੀਮਾਂ ਇਨ੍ਹਾਂ ਹਲਕਿਆਂ ਵਿੱਚ ਤਿੱਖੀ ਨਜ਼ਰ ਰੱਖਣਗੀਆਂ। ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 57856 ਨਵੇਂ ਯੋਗ ਵੋਟਰਾਂ ਦੀ ਰਜਿਸਟਰੇਸ਼ਨ ਕੀਤੀ ਗਈ ਹੈ। ਹੁਣ ਤੱਕ, ਲੁਧਿਆਣਾ ਜ਼ਿਲ੍ਹੇ ਵਿੱਚ ਕੁੱਲ 2689481 ਵੋਟਰ ਹਨ, ਜਿਨ੍ਹਾਂ ਵਿੱਚ 1433062 ਪੁਰਸ਼, 1256270 ਔਰਤਾਂ ਅਤੇ 149 ਟਰਾਂਸਜੈਂਡਰ ਹਨ। ਲੁਧਿਆਣਾ ਸੰਸਦੀ ਹਲਕੇ ਅਧੀਨ 935071 ਪੁਰਸ਼, 819447 ਔਰਤਾਂ ਅਤੇ 132 ਟਰਾਂਸਜੈਂਡਰ ਹਨ। ਜ਼ਿਲ੍ਹਾ ਚੋਣ ਅਫ਼ਸਰ ਸਾਹਨੀ ਨੇ ਇਹ ਵੀ ਐਲਾਨ ਕੀਤਾ ਕਿ 7 ਮਈ ਤੋਂ 14 ਮਈ ਤੱਕ ਨਾਮਜ਼ਦਗੀਆਂ ਦਾਖ਼ਲ ਕਰਨ ਵਾਲੀ ਥਾਂ ‘ਤੇ ਉਮੀਦਵਾਰ ਸਮੇਤ ਸਿਰਫ਼ ਪੰਜ ਵਿਅਕਤੀਆਂ ਨੂੰ ਹੀ ਦਾਖ਼ਲ ਹੋਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਨਾਮਜ਼ਦਗੀ ਪ੍ਰਕਿਰਿਆ ਨੂੰ ਸੁਤੰਤਰ, ਨਿਰਪੱਖ ਅਤੇ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਵੋਟਾਂ ਲਈ ਨਾਮਜ਼ਦਗੀਆਂ ਸਵੇਰੇ 11 ਵਜੇ ਤੋਂ ਬਾਅਦ ਦੁਪਹਿਰ 3 ਵਜੇ ਤੱਕ ਦਾਖ਼ਲ ਕੀਤੀਆਂ ਜਾਣਗੀਆਂ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਨਾਮਜ਼ਦਗੀ ਪੱਤਰ 10 ਮਈ ਨੂੰ ਸਵੀਕਾਰ ਕੀਤੇ ਜਾਣਗੇ। ਗਜ਼ਟਿਡ ਛੁੱਟੀਆਂ ਕਾਰਨ 11 ਅਤੇ 12 ਮਈ ਨੂੰ ਕਾਗਜ਼ ਦਾਖਲ ਨਹੀਂ ਕੀਤੇ ਜਾਣਗੇ। ਕਾਗਜ਼ਾਂ ਦੀ ਪੜਤਾਲ 15 ਮਈ ਨੂੰ ਹੋਵੇਗੀ ਅਤੇ ਉਮੀਦਵਾਰੀ ਵਾਪਸ ਲੈਣ ਦੀ ਆਖਰੀ ਮਿਤੀ 17 ਮਈ ਹੈ। ਸਾਰੀਆਂ 13 ਲੋਕ ਸਭਾ ਸੀਟਾਂ ‘ਤੇ 1 ਜੂਨ ਨੂੰ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਵੋਟਾਂ ਪੈਣਗੀਆਂ। ਜ਼ਿਲ੍ਹਾ ਚੋਣ ਅਫ਼ਸਰ ਸ਼ਾਕਸ਼ੀ ਸਾਹਨੀ ਨੇ ਵੋਟਰਾਂ ਨੂੰ ‘ਇਸ ਵਾਰ, 70 ਪਾਰ’ ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਉਤਸ਼ਾਹ ਨਾਲ ਭਾਗ ਲੈਣ ਦੀ ਅਪੀਲ ਕੀਤੀ ਅਤੇ ਭਰੋਸਾ ਦਿੱਤਾ ਕਿ ਪੋਲਿੰਗ ਬੂਥਾਂ ‘ਤੇ ਨਿੰਬੂ ਪਾਣੀ, ਮਿੱਠਾ ਪਾਣੀ, ਪੱਖੇ, ਸ਼ੈੱਡ ਅਤੇ ਬੈਠਣ ਦੀਆਂ ਸਹੂਲਤਾਂ ਦਾ ਪ੍ਰਬੰਧ ਯਕੀਨੀ ਬਣਾਇਆ ਜਾਵੇਗਾ। ਇਨ੍ਹਾਂ ਪ੍ਰਬੰਧਾਂ ਤੋਂ ਇਲਾਵਾ ਪ੍ਰਸ਼ਾਸਨ ਵੱਲੋਂ 1 ਜੂਨ ਨੂੰ ਲੋੜੀਂਦੀ ਆਵਾਜਾਈ ਸਹੂਲਤ ਦਾ ਵੀ ਪ੍ਰਬੰਧ ਕੀਤਾ ਜਾਵੇਗਾ।

About Author

Leave A Reply

WP2Social Auto Publish Powered By : XYZScripts.com