- 126 ਐਫ.ਐਸ.ਟੀ, 27 ਵੀ.ਐਸ.ਟੀ., 126 ਐਸ.ਐਸ.ਟੀ., 15 ਅਕਾਊਂਟ ਟੀਮਾਂ ਅਤੇ 20 ਏ.ਈ.ਓ ਅਤੇ ਐਮ.ਸੀ.ਐਮ.ਸੀ. ਵੱਲੋਂ ਚੋਣ ਖਰਚਿਆਂ ਦੀ ਕੀਤੀ ਜਾ ਰਹੀ ਨਿਗਰਾਨੀ
- ਪ੍ਰਸ਼ਾਸਨ ਵੱਲੋਂ ਹੁਣ ਤੱਕ ਵੱਖ-ਵੱਖ ਸਿਆਸੀ ਪਾਰਟੀਆਂ ਦੇ 1.11 ਕਰੋੜ ਰੁਪਏ ਦੇ ਚੋਣ ਖਰਚੇ ਕੀਤੇ ਬੁੱਕ
- 30.16 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ, ਸ਼ਰਾਬ, ਨਕਦੀ ਅਤੇ ਹੋਰ ਸਾਮਾਨ ਵੀ ਕੀਤਾ ਜ਼ਬਤ
- ਜ਼ਿਲ੍ਹਾ ਚੋਣ ਅਫ਼ਸਰ ਨੇ ਆਜ਼ਾਦ, ਨਿਰਪੱਖ ਅਤੇ ਪਾਰਦਰਸ਼ੀ ਚੋਣਾਂ ਕਰਵਾਉਣ ਦੀ ਵਚਨਬੱਧਤਾ ਨੂੰ ਦੁਹਰਾਇਆ
ਲੁਧਿਆਣਾ, (ਸੰਜੇ ਮਿੰਕਾ) – ਜ਼ਿਲ੍ਹਾ ਚੋਣ ਅਫ਼ਸਰ ਸਾਕਸ਼ੀ ਸਾਹਨੀ ਵੱਲੋਂ ਚੋਣ ਖਰਚ ਨਿਗਰਾਨ ਨੂੰ ਜ਼ਿਲ੍ਹੇ ਵਿੱਚ ਆਮ ਚੋਣਾਂ ਦੌਰਾਨ ਖਰਚ ਦੀ ਨਿਗਰਾਨੀ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੇ ਪ੍ਰਬੰਧਾਂ ਬਾਰੇ ਦੱਸਿਆ। ਚੋਣ ਖਰਚਾ ਨਿਗਰਾਨ ਪੰਕਜ ਕੁਮਾਰ, ਆਈ.ਆਰ.ਐਸ. ਅਤੇ ਚੇਤਨ ਡੀ ਕਲਮਕਾਰ, ਆਈ.ਆਰ.ਐਸ. ਦੇ ਨਾਲ ਸਮੀਖਿਆ ਮੀਟਿੰਗ ਦੌਰਾਨ ਜ਼ਿਲ੍ਹਾ ਚੋਣ ਅਫ਼ਸਰ ਸਾਹਨੀ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਲੁਧਿਆਣਾ ਵਿੱਚ ਆਜ਼ਾਦ, ਨਿਰਪੱਖ ਅਤੇ ਪਾਰਦਰਸ਼ੀ ਚੋਣਾਂ ਕਰਵਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਅਬਜ਼ਰਵਰਾਂ ਨੂੰ ਜਾਣੂ ਕਰਵਾਇਆ ਕਿ ਚੋਣਾਂ ਦੌਰਾਨ ਉਮੀਦਵਾਰਾਂ ਵੱਲੋਂ ਕੀਤੇ ਜਾ ਰਹੇ ਚੋਣ ਖਰਚੇ ‘ਤੇ ਨਜ਼ਰ ਰੱਖਣ ਲਈ ਪ੍ਰਸ਼ਾਸਨ ਨੇ ਪਹਿਲਾਂ ਹੀ ਵੱਖ-ਵੱਖ ਸੈਲਾਂ ਅਤੇ ਕਮੇਟੀਆਂ ਦਾ ਗਠਨ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸੈਲਾਂ ਵਿੱਚ ਜ਼ਿਲ੍ਹਾ ਪੱਧਰੀ ਖਰਚਾ ਨਿਗਰਾਨ ਸੈਲ, ਮੀਡੀਆ ਸਰਟੀਫਿਕੇਸ਼ਨ ਅਤੇ ਨਿਗਰਾਨ ਕਮੇਟੀ, ਜ਼ਿਲ੍ਹਾ ਪੱਧਰੀ ਸ਼ਿਕਾਇਤ ਸੈਲ, ਸੀ-ਵਿਜੀਲ ਮੋਨੀਟਰਿੰਗ ਸੈਲ ਅਤੇ ਹੋਰ ਸ਼ਾਮਲ ਹਨ। ਜ਼ਿਲ੍ਹਾ ਚੋਣ ਅਫ਼ਸਰ ਨੇ ਅੱਗੇ ਕਿਹਾ ਕਿ ਪਾਰਟੀਆਂ ਅਤੇ ਉਮੀਦਵਾਰਾਂ ਦੁਆਰਾ ਕੀਤੇ ਜਾਣ ਵਾਲੇ ਵਾਧੂ ਚੋਣ ਖਰਚਿਆਂ ‘ਤੇ ਤਿੱਖੀ ਨਜ਼ਰ ਰੱਖਣ ਲਈ ਵੱਖ-ਵੱਖ ਟੀਮਾਂ ਨੂੰ ਫੀਲਡ ਵਿੱਚ ਤਾਇਨਾਤ ਕੀਤਾ ਗਿਆ ਹੈ ਜਿਸ ਵਿੱਚ 126 ਐਫ.ਐਸ.ਟੀ, 27 ਵੀ.ਐਸ.ਟੀ., 126 ਐਸ.ਐਸ.ਟੀ., 15 ਅਕਾਊਂਟ ਟੀਮਾਂ ਅਤੇ 20 ਏ.ਈ.ਓ ਅਤੇ ਐਮ.ਸੀ.ਐਮ.ਸੀ. ਸ਼ਾਮਲ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਹੁਣ ਤੱਕ ਪ੍ਰਸ਼ਾਸਨ ਨੇ ਵੱਖ-ਵੱਖ ਸਿਆਸੀ ਪਾਰਟੀਆਂ ਦੇ 1.11 ਕਰੋੜ ਰੁਪਏ ਦੇ ਚੋਣ ਖਰਚੇ ਬੁੱਕ ਕੀਤੇ ਹਨ ਅਤੇ 30.16 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ, ਸ਼ਰਾਬ, ਨਕਦੀ ਅਤੇ ਹੋਰ ਸਾਮਾਨ ਜ਼ਬਤ ਕੀਤਾ ਜਾ ਚੁੱਕਾ ਹੈ। ਜ਼ਿਲ੍ਹਾ ਚੋਣ ਅਫ਼ਸਰ ਸਾਹਨੀ ਨੇ ਦੱਸਿਆ ਕਿ ਫਲਾਇੰਗ ਸਕੁਐਡ ਟੀਮਾਂ ਅਤੇ ਸਟੈਟਿਕ ਸਰਵੀਲੈਂਸ ਟੀਮਾਂ ਵਿੱਚ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀ ਸ਼ਾਮਲ ਹਨ, ਨੂੰ ਜੀ.ਪੀ.ਐਸ. ਸਮਰਥਿਤ ਵਾਹਨ ਦਿੱਤੇ ਗਏ ਹਨ, ਜਿਨ੍ਹਾਂ ਵਿੱਚ ਕੈਮਰੇ ਵੀ ਲਗਾਏ ਗਏ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਅਧਿਕਾਰੀਆਂ ਦੀਆਂ ਸ਼ਿਫਟਾਂ ਅਨੁਸਾਰ ਡਿਊਟੀਆਂ ਲਗਾਈਆਂ ਗਈਆਂ ਹਨ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਉਮੀਦਵਾਰਾਂ ਵੱਲੋਂ ਚੋਣ ਖਰਚੇ ‘ਤੇ ਪੂਰੀ ਤਰ੍ਹਾਂ ਨਜ਼ਰ ਰੱਖੀ ਜਾ ਸਕੇ। ਉਨ੍ਹਾਂ ਅਬਜ਼ਰਵਰਾਂ ਨੂੰ ਹੋਰ ਜਾਣੂ ਕਰਵਾਇਆ ਕਿ ਇਨ੍ਹਾਂ ਸੈੱਲਾਂ ਨੂੰ ਚੋਣਾਂ ਦੌਰਾਨ ਉਮੀਦਵਾਰਾਂ ਵੱਲੋਂ ਕੀਤੇ ਜਾ ਰਹੇ ਖਰਚੇ ਦਾ ਲੇਖਾ-ਜੋਖਾ ਕਰਨ ਲਈ ਸ਼ੈਡੋ ਅਬਜ਼ਰਵੇਸ਼ਨ ਰਜਿਸਟਰ ਰੱਖਣ ਲਈ ਕਿਹਾ ਗਿਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਰਜਿਸਟਰਾਂ ਦੀ ਖਰਚਾ ਚੋਣ ਅਬਜ਼ਰਵਰਾਂ ਦੇ ਨਿਰਦੇਸ਼ਾਂ ਅਨੁਸਾਰ ਨਿਯਮਤ ਅੰਤਰਾਲ ‘ਤੇ ਉਮੀਦਵਾਰਾਂ ਦੁਆਰਾ ਰੱਖੇ ਗਏ ਰਜਿਸਟਰਾਂ ਨਾਲ ਤੁਲਨਾ ਕੀਤੀ ਜਾਵੇਗੀ। ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਅਨਮੋਲ ਸਿੰਘ ਧਾਲੀਵਾਲ, ਸਾਰੇ 14 ਵਿਧਾਨ ਸਭਾ ਹਲਕਿਆਂ ਦੇ ਸਹਾਇਕ ਰਿਟਰਨਿੰਗ ਅਫ਼ਸਰ, ਸਹਾਇਕ ਚੋਣ ਅਬਜ਼ਰਵਰ ਅਤੇ ਵੱਖ-ਵੱਖ ਸੈਲਾਂ ਅਤੇ ਕਮੇਟੀਆਂ ਦੇ ਨੋਡਲ ਅਫ਼ਸਰ ਵੀ ਹਾਜ਼ਰ ਸਨ।