Wednesday, March 12

ਪ੍ਰਸ਼ਾਸ਼ਨ ਵੱਲੋਂ ਲੁਧਿਆਣਾ ਦੇ ਕਾਲਜਾਂ ‘ਚ ਵੋਟਰ ਰਜਿਸਟ੍ਰੇਸ਼ਨ ਕੈਂਪ ਆਯੋਜਿਤ

ਲੁਧਿਆਣਾ, (ਸੰਜੇ ਮਿੰਕਾ) – ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਨੌਜਵਾਨਾਂ ਦੀ ਵੱਧ ਤੋਂ ਵੱਧ ਸ਼ਮੂਲੀਅਤ ਨੂੰ ਉਤਸ਼ਾਹਿਤ ਕਰਨ ਲਈ ਸਿਸਟਮੈਟਿਕ ਵੋਟਰਜ਼ ਐਜੂਕੇਸ਼ਨ ਐਂਡ ਇਲੈਕਟੋਰਲ ਪਾਰਟੀਸੀਪੇਸ਼ਨ (ਸਵੀਪ) ਮੁਹਿੰਮ ਦੇ ਹਿੱਸੇ ਵਜੋਂ ਅੱਜ ਵੱਖ-ਵੱਖ ਵਿਦਿਅਕ ਸੰਸਥਾਵਾਂ ਵਿੱਚ ਵੋਟਰ ਰਜਿਸਟ੍ਰੇਸ਼ਨ ਕੈਂਪ ਲਗਾਏ। ਇਹ ਕੈਂਪ ਐਸ.ਸੀ.ਡੀ. ਸਰਕਾਰੀ ਕਾਲਜ, ਸ੍ਰੀ ਅਰਬਿੰਦੋ ਕਾਲਜ ਆਫ਼ ਕਾਮਰਸ ਐਂਡ ਮੈਨੇਜਮੈਂਟ, ਗੁਰੂ ਨਾਨਕ ਨੈਸ਼ਨਲ ਕਾਲਜ ਦੋਰਾਹਾ, ਗੁਰੂ ਨਾਨਕ ਖ਼ਾਲਸਾ ਕਾਲਜ (ਲੜਕੀਆਂ) ਮਾਡਲ ਟਾਊਨ, ਜੀ.ਟੀ.ਬੀ. ਨੈਸ਼ਨਲ ਕਾਲਜ ਦਾਖਾ ਅਤੇ ਆਈ.ਟੀ.ਆਈ. ਗਿੱਲ ਰੋਡ ਵਿਖੇ ਲਗਾਏ ਗਏ। ਨੌਜਵਾਨਾਂ ਨੂੰ ਵੋਟਰ ਹੈਲਪਲਾਈਨ ਮੋਬਾਈਲ ਐਪਲੀਕੇਸ਼ਨ ਦੇ ਕੰਮਕਾਜ ਬਾਰੇ ਜਾਗਰੂਕ ਕੀਤਾ ਗਿਆ ਅਤੇ ਵੋਟਰ ਸੂਚੀ ਵਿੱਚ ਆਪਣਾ ਨਾਂ ਦਰਜ ਕਰਵਾਉਣ ਲਈ ਇਸ ਦੀ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ ਗਿਆ। ਨਵੇਂ ਵੋਟਰਾਂ ਨੇ ਮੌਕੇ ‘ਤੇ ਹੀ ਵੋਟਰ ਰਜਿਸਟ੍ਰੇਸ਼ਨ ਫਾਰਮ ਵੀ ਭਰੇ। ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਨਵੇਂ ਵੋਟਰ ਨੈਸ਼ਨਲ ਵੋਟਰ ਸਰਵਿਸਿਜ਼ ਪੋਰਟਲ (ਐਨ.ਵੀ.ਐਸ.ਪੀ.) ਰਾਹੀਂ ਆਪਣੇ ਆਪ ਨੂੰ ਆਨਲਾਈਨ ਵੀ ਰਜਿਸਟਰ ਕਰਵਾ ਸਕਦੇ ਹਨ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਦੇਸ਼ ਦੀ ਲੋਕਤੰਤਰੀ ਪ੍ਰਕਿਰਿਆ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਅਤੇ ਇਨ੍ਹਾਂ ਕੈਂਪਾਂ ਦਾ ਲਾਹਾ ਲੈਣ। ਉਨ੍ਹਾਂ ਕਿਹਾ ਕਿ ਇਹ ਕੈਂਪ ਦੇਸ਼ ਵਿੱਚ ਲੋਕਤੰਤਰ ਨੂੰ ਮਜ਼ਬੂਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਣਗੇ। ਜ਼ਿਲ੍ਹਾ ਚੋਣ ਅਫ਼ਸਰ ਸਾਹਨੀ ਨੇ ਨੌਜਵਾਨਾਂ ਨੂੰ ਲੋਕਤੰਤਰ ਵਿੱਚ ਵੱਡੇ ਯੋਗਦਾਨ ਲਈ ਵੋਟਰ ਰਜਿਸਟ੍ਰੇਸ਼ਨ ਲਈ ਅੱਗੇ ਆਉਣ ਲਈ ਵੀ ਪ੍ਰੇਰਿਤ ਕੀਤਾ ਅਤੇ ਕਿਹਾ ਕਿ ਅਜਿਹੇ ਰਜਿਸਟ੍ਰੇਸ਼ਨ ਕੈਂਪ ਹੋਰ ਕਾਲਜਾਂ ਵਿੱਚ ਲਗਾਏ ਜਾਣਗੇ ਤਾਂ ਜੋ ਵਿਦਿਆਰਥੀਆਂ ਵਿੱਚ ਚੋਣ ਪ੍ਰਕਿਰਿਆ ਬਾਰੇ ਜਾਗਰੂਕਤਾ ਪੈਦਾ ਕੀਤੀ ਜਾ ਸਕੇ।

About Author

Leave A Reply

WP2Social Auto Publish Powered By : XYZScripts.com