- ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਨੂੰ ਜੇਕਰ ਅਣਗੋਲਿਆ ਤਾਂ ਵਧਾਈ ਜਾਵੇਗੀ ਹੜਤਾਲ – ਅਮਿਤ ਅਰੋੜਾ ਅਤੇ ਸੰਜੀਵ ਭਾਰਗਵ
ਲੁਧਿਆਣਾ, (ਸੰਜੇ ਮਿੰਕਾ) – ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ (ਪੀ.ਐਸ.ਐਮ.ਐਸ.ਯੂ.) ਵੱਲੋਂ ਆਪਣੀਆਂ ਹੱਕੀ ਮੰਗਾਂ ਦੀ ਪੂਰਤੀ ਲਈ ਰੋਸ ਵਜੋਂ, ਬੀਤੇ 8 ਨਵੰਬਰ ਤੋਂ ਸੂਬੇ ਭਰ ਵਿੱਚ ਚੱਲ ਰਹੀ ਕਲਮਛੋੜ ਹੜਤਾਲ ਅੱਜ 27ਵੇਂ ਦਿਨ ਵਿੱਚ ਸ਼ਾਮਲ ਹੋ ਗਈ ਹੈ। ਮੁਲਾਜ਼ਮਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦੇ ਹੋਏ ਸੂਬਾ ਵਧੀਕ ਜਨਰਲ ਸਕੱਤਰ ਅਮਿਤ ਅਰੋੜਾ ਅਤੇ ਜ਼ਿਲ੍ਹਾ ਪ੍ਰਧਾਨ ਸੰਜੀਵ ਭਾਰਗਵ ਨੇ ਕਿਹਾ ਕਿ ਸੂਬਾ ਜੱਥੇਬੰਦੀ ਦੀ ਪੰਜਾਬ ਸਰਕਾਰ ਵੱਲੋਂ ਗਠਿਤ ਮੰਤਰੀਆਂ ਦੀ ਸਬ-ਕਮੇਟੀ ਨਾਲ ਭਲਕੇ 05 ਦਸੰਬਰ ਨੂੰ ਮੀਟਿੰਗ ਹੋਣ ਜਾ ਰਹੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਜੇਕਰ ਮੀਟਿੰਗ ਦੌਰਾਨ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਅਣਗੋਲਿਆ ਕੀਤਾ ਤਾਂ ਸਾਰੇ ਮੁਲਾਜ਼ਮ ਸਰਕਾਰ ਨਾਲ ਆਰ-ਪਾਰ ਦੀ ਲੜਾਈ ਕਰਨ ਦਾ ਮਨ ਬਣਾ ਚੁੱਕੇ ਹਨ ਅਤੇ ਜਦੋਂ ਤੱਕ ਮੁਲਾਜ਼ਮਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਦੋਂ ਤੱਕ ਸੰਘਰਸ਼ ਵਾਪਿਸ ਨਹੀਂ ਲਿਆ ਜਾਵੇਗਾ ਅਤੇ ਹੜਤਾਲ ਨੂੰ ਅੱਗੇ ਵਧਾਉਂਦੇ ਹੋਏ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ । ਮੁਲਾਜ਼ਮਾਂ ਦੇ ਇੱਕਠ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਸੀ.ਪੀ.ਐਫ. ਪ੍ਰਧਾਨ ਸੰਦੀਪ ਭਾਂਬਕ ਵੱਲੋਂ ਮੁਲਾਜ਼ਮਾਂ ਨੂੰ 09 ਦਸੰਬਰ, 2023 ਨੂੰ ਪੁਰਾਣੀ ਪੈਨਸ਼ਨ ਦੀ ਬਹਾਲੀ ਸਬੰਧੀ ਮੁਹਾਲੀ ਵਿਖੇ ਹੋਣ ਵਾਲੀ ਮੈਗਾ ਰੈਲੀ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਸਾਡਾ ਸੰਘਰਸ਼ ਚਰਮ ਸੀਮਾ ‘ਤੇ ਪਹੁੰਚ ਚੁੱਕਾ ਹੈ, ਇਸ ਲਈ ਅਸੀ ਆਪਣੇ ਪਰਿਵਾਰਾਂ ਸਮੇਤ ਮੁਹਾਲੀ ਵਿਖੇ ਹੋਣ ਵਾਲੀ ਰੈਲੀ ਵਿੱਚ ਭਰਮੀ ਸ਼ਮੂਲੀਅਤ ਕਰਦਿਆਂ ਆਰ-ਪਾਰ ਦੀ ਲੜਾਈ ਲੜਾਗੇਂ। ਇਸ ਧਰਨੇ ਦੌਰਾਨ ਜ਼ਿਲ੍ਹਾ ਪ੍ਰਧਾਨ ਸੰਜੀਵ ਭਾਰਗਵ ਅਤੇ ਜਿਲ੍ਹਾ ਵਿੱਤ ਸਕੱਤਰ ਸੁਨੀਲ ਕੁਮਾਰ ਨੇ ਕਿਹਾ ਜੇਕਰ ਸਰਕਾਰ ਕੱਲ ਦੀ ਮੀਟਿੰਗ ਵਿੱਚ ਪੁਰਾਣੀ ਪੈਨਸ਼ਨ ਅਤੇ ਹੋਰ ਹੱਕੀ ਮੰਗਾਂ ਦਾ ਹੱਲ ਨਹੀ ਕਰਦੀ ਤਾਂ ਜੱਥੇਬੰਦੀ ਦੀ ਸੂਬਾ ਕਮੇਟੀ ਵੱਲੋਂ ਜੋ ਵੀ ਅਗਲਾ ਐਕਸ਼ਨ ਲਿਆ ਜਾਵੇਗਾ ਉਸ ਨੂੰ ਲੁਧਿਆਣੇ ਜਿਲ੍ਹੇ ਵਿੱਚ ਇੰਨ-ਬਿੰਨ ਲਾਗੂ ਕੀਤਾ ਜਾਵੇਗਾ। ਜਿਲ੍ਹਾ ਪ੍ਰਧਾਨ ਸੰਜੀਵ ਭਾਰਗਵ ਦੇ ਸੱਦੇ ‘ਤੇ ਸਿਹਤ ਵਿਭਾਗ ਦੀਆਂ ਵੱਖ-ਵੱਖ ਜੱਥੇਬੰਦੀਆਂ ਵੱਲੋਂ ਆਪਣਾ ਸਮਰਥਨ ਦਿੱਤਾ ਗਿਆ ਜਿਸ ਵਿੱਚ ਪੀ.ਸੀ.ਐਮ.ਐਸ. ਡਾਕਟਰ ਐਸੋਸੀਏਸ਼ਨ ਵੱਲੋਂ ਪੰਜਾਬ ਸਟੇਟ ਮਨੀਸਟੀਰੀਅਲ ਸਰਵਿਸ ਯੂਨੀਅਨ ਦਾ ਸਮਰਥਨ ਕਰਦੇ ਹੋਏ ਪੰਜਾਬ ਦੇ ਸਾਰੇ ਸਿਵਲ ਹਸਪਤਾਲ, ਸਬ ਡਵੀਜ਼ਨਲ ਹਸਪਤਾਲ, ਸੀ.ਐਚ.ਸੀ/ਪੀ.ਐਚ.ਸੀ ਵਿਖੇ ਗੇਟ ਰੈਲੀਆਂ ਕੀਤੀਆਂ ਗਈਆਂ ਅਤੇ ਫਾਰਮੇਸੀ ਯੂਨੀਅਨ ਵੱਲੋਂ ਵੀ ਸਮਰਥਨ ਕੀਤਾ ਗਿਆ।ਇਸ ਤੇ ਇਲਾਵਾ ਪੀ.ਡਬਲਿਊ.ਡੀ. ਫੀਲਡ ਵਰਕਸ਼ਾਪ ਯੂਨੀਅਨ, ਜਲ ਸਪਲਾਈ ਅਤੇ ਸੈਨੀਟੇਸ਼ਨ ਇੰਪਲਾਈਜ਼ ਯੂਨੀਅਨ ਪੰਜਾਬ, ਲੈਕਚਰਾਰ ਯੂਨੀਅਨ, ਮਾਸਟਰ ਕੇਡਰ ਯੂਨੀਅਨ, ਐਸ.ਸੀ/ਬੀ.ਸੀ. ਅਧਿਆਪਕ ਯੂਨੀਅਨ, ਡਿਪਲੋਮਾ ਇੰਜੀਨੀਅਰ ਐਸੋਸੀਏਸ਼ਨ ਪੰਜਾਬ, ਬਿਜਲੀ ਬੋਰਡ, ਏ.ਡੀ.ਸੀ. ਦਫਤਰ ਇੰਪਲਾਈਜ਼, ਮੈਡੀਕਲ ਹੈਲਥ ਐਸੋਸੀਏਸ਼ਨ, ਪਾਵਰਕਾਮ ਅਤੇ ਟਰਾਂਸਕੋ ਪੈਨਸ਼ਨ ਯੂਨੀਅਨ, ਮਲਟੀਪਰਪਜ਼ ਹੈਲਥ ਵਰਕਰ ਯੂਨੀਅਨ, ਦਰਜ਼ਾ ਚਾਰ ਯੂਨੀਅਨ, ਸਪੇਟਾ ਟੀਚਰ ਯੂਨੀਅਨ, ਬੀ.ਐਡ. ਟੀਚਰ ਯੂਨੀਅਨ, ਐਲੀਮੈਂਟਰੀ ਟੀਚਰ ਯੂਨੀਅਨ, ਕੰਪਿਊਟਰ ਟੀਚਰ ਯੂਨੀਅਨ, ਗੌਰਮਿੰਟ ਟੀਚਰ ਯੂਨੀਅਨ, ਡੀ.ਟੀ.ਐਫ. ਟੀਚਰ ਯ{ਨੀਅਨ ਵੱਲੋਂ ਵੀ ਸ਼ਮੂਲੀਅਤ ਕੀਤੀ ਗਈ। ਇਸ ਦੌਰਾਨ ਪੈਨਸ਼ਨਰ ਸਾਥੀ ਦਲੀਪ ਸਿੰਘ ਚੇਅਰਮੈਨ, ਨਿਰਮਲ ਸਿੰਘ ਲਲਤੋਂ, ਵਿਜੈ ਮਰਜਾਰਾ ਸਾਬਕਾ ਪ੍ਰਧਾਨ .ਐਸ.ਐਮ.ਐਸ.ਯੂ., ਹਰਜੀਤ ਸਿੰਘ ਗਰੇਵਾਲ ਸਾਬਕਾ ਪ੍ਰਧਾਨ ਪੀ.ਐਸ.ਐਮ.ਐਸ.ਯੂ., ਸੁਸ਼ੀਲ ਕੁਮਾਰ ਸਾਬਕਾ ਚੇਅਰਮੈਨ ਨੇ ਆਪਣੀ ਹਾਜ਼ਰੀ ਲਵਾਈ. ਇਸ ਦੌਰਾਨ ਮੁੱਖ ਬੁਲਾਰੇ ਸਤਬੀਰ ਸਿੰਘ ਰੌਣੀ, ਤਲਵਿੰਦਰ ਸਿੰਘ ਵਾਟਰ ਸਪਲਾਈ ਵਿਭਾਗ, ਜਗਦੇਵ ਸਿੰਘ ਖੇਤੀਬਾੜੀ ਵਿਭਾਗ, ਰਣਜੀਤ ਸਿੰਘ ਜੱਸੜ, ਧਰਮਪਾਲ ਸਿੰਘ ਪਾਲੀ ਅਤੇ ਹਰਵਿੰਦਰ ਸਿੰਘ ਆਬਕਾਰੀ ਅਤੇ ਕਰ ਵਿਭਾਗ, ਧਰਮ ਸਿੰਘ ਫੂਡ ਸਪਲਾਈ, ਅਮਨ ਪਰਾਸ਼ਰ ਪੰਜਾਬ ਰੋਡਵੇਜ਼, ਗੁਰਚਰਨ ਸਿੰਘ ਅਤੇ ਜਸਵੀਰ ਸਿਹਤ ਵਿਭਾਗ, ਗੁਰਬਾਜ਼ ਸਿੰਘ ਮੱਲੀ ਡੀ.ਸੀ. ਦਫ਼ਤਰ, ਮੈਡਮ ਸੁਮਨ ਅਤੇ ਦਲਜੀਤ ਵਾਟਰ ਸਪਲਾਈ ਵਿਭਾਗ ਅਤੇ ਹੋਰ ਬਹੁਤ ਸਾਰੇ ਵਿਭਾਗਾਂ ਦੇ ਆਗੂਆਂ ਨੇ ਵੀ ਇਕੱਠ ਨੂੰ ਸੰਬੋਧਨ ਕੀਤਾ।