Friday, May 9

ਪੰਜਾਬੀ ਲੋਕ ਸੰਗੀਤ ਤੇ ਲੋਕ ਨਾਚਾਂ ਦੀਆਂ ਬਾਰੀਕੀਆਂ ਸਿਖਾਉਣ ਲਈ ਹੰਭਲਾ ਮਾਰਨ ਦੀ ਲੋੜ- ਪ੍ਰੋਃ ਗੁਰਭਜਨ ਸਿੰਘ ਗਿੱਲ

ਲੁਧਿਆਣਾਃ (ਸੰਜੇ ਮਿੰਕਾ) ਪੰਜਾਬੀ ਲੋਕ ਸੰਗੀਤ ਤੇ ਲੋਕ ਨਾਚਾਂ ਦੀਆਂ ਬਾਰੀਕੀਆਂ ਸਿਖਾਉਣ ਲਈ  ਸੁਚੇਤ ਪੱਧਰ ਤੇ ਜ਼ਿਲ੍ਹੇਵਾਰ ਸਿਖਲਾਈ ਕਾਰਜਸ਼ਾਲਾ ਲਾਉਣ ਦੇ ਨਾਲ ਨਾਲ ਲੋਕ ਚੇਤਨਾ ਲਹਿਰ ਉਸਾਰਨ ਲਈ ਹੰਭਲਾ ਮਾਰਨ ਦੀ ਲੋੜ ਹੈ। ਪੰਜਾਬੀ ਲੋਕ ਵਿਰਾਸਤ ਅਕਾਡਮੀ  ਦੇ ਚੇਅਰਮੈਨ ਪ੍ਰੋਃ ਗੁਰਭਜਨ ਸਿੰਘ ਗਿੱਲ ਨੇ ਬੀਤੀ ਸ਼ਾਮ ਪੰਜਾਬੀ ਲੋਕ ਗਾਇਕ ਤੇ ਅੰਤਰ ਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਭੰਗੜਾ ਕਲਾਕਾਰ ਪਰਮਜੀਤ ਸਿੰਘ ਸਿੱਧੂ(ਪੰਮੀ ਬਾਈ) ਦੇ ਨਾਲ ਆਏ ਕਲਾਕਾਰਾਂ  ਜਸ਼ਨਦੀਪ ਸਿੰਘ ਗੋਸ਼ਾ, ਸਤਿਨਾਮ ਪੰਜਾਬੀ ਤੇ ਹਰਵਿੰਦਰ ਸਿੰਘ ਬਾਜਵਾ ਨਾਲ ਵਿਚਾਰ ਵਟਾਂਦਰਾ ਕਰਦਿਆਂ ਕਿਹਾ ਕਿ ਇਹ ਵਿਰਸਾ ਸੰਭਾਲ ਸਮੇ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਭੰਗੜੇ ਦੀ ਸ਼ਾਨ ਕਦੇ “ਸੱਦ” ਹੁੰਦੀ ਸੀ ਪਰ ਅੱਜ ਬਿਲਕੁਲ ਅਲੋਪ ਹੋ ਚੁਕੀ ਹੈ। ਮਾਸਟਰ ਹਰਭਜਨ ਸਿੰਘ ਖੋਖਰ ਫੌਜੀਆਂ (ਗੁਰਦਾਸਪੁਰ) ਵਰਗੇ ਪੁਰਾਣੇ ਭੰਗੜਾ ਕਲਾਕਾਰਾਂ ਪਾਸੋਂ ਇਹ ਗਿਆਨ ਰੀਕਾਰਡ ਕਰਕੇ ਸੰਭਾਲਣ ਦੀ ਲੋੜ ਹੈ। ਪ੍ਰੋਃ ਗਿੱਲ ਨੇ ਕਿਹਾ ਕਿ ਪੰਮੀ ਬਾਈ ਤੇ ਸਾਥੀਆਂ ਨੇ ਜਿਵੇਂ ਮਲਵਈ ਗਿੱਧਾ, ਝੁੰਮਰ ਤੇ ਹੋਰ ਲੋਕ ਨਾਚਾਂ ਦਾ ਦਸਤਾਵੇਜੀਕਰਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਲਈ ਕੀਤਾ ਹੈ, ਇਵੇਂ ਹੀ ਸਿ ਲਕੋਟੀ ਭੰਗੜੇ ਦਾ ਮੂੰਹ ਮੁਹਾਂਦਰਾਂ ਤੇ ਚਾਲਾਂ ਰੀਕਾਰਡ ਕਰਕੇ ਰੱਖਣ ਦੀ ਲੋੜ ਹੈ। ਪੰਮੀ ਬਾਈ ਨੇ ਵਿਸ਼ਵਾਸ ਦਿਵਾਇਆ ਕਿ ਉਹ ਨੇੜ ਭਵਿੱਖ ਵਿੱਚ ਇਹ ਸਿਖਲਾਈ ਕਾਰਜਸ਼ਾਲਾ ਕਰਵਾਉਣ ਲਈ ਆਪਣੀਆਂ ਸੇਵਾਵਾਂ ਦੇਣਗੇ ਅਤੇ ਨੱਚਦੀ ਜਵਾਨੀ ਕਲਚਰਲ ਸੋਸਾਇਟੀ ਵੱਲੋਂ ਵੀ ਪੰਜਾਬ ਸਰਕਾਰ ਤੇ ਨਾਰਥ ਜ਼ੋਨ ਕਲਚਰਲ ਸੈਟਰ ਪਟਿਆਲਾ ਨੂੰ ਲਿਖਤੀ ਰੂਪ ਵਿੱਚ ਵੀ ਕਹਿਣਗੇ। ਪੰਮੀ ਬਾਈ ਨੇ ਕਿਹਾ ਕਿ ਲੋਕ ਵਿਰਾਸਤ ਸੰਭਾਲਣਾ ਲੋਕਾਂ ਦੀ ਜ਼ੁੰਮੇਵਾਰੀ ਹੁੰਦੀ ਹੈ ਅਤੇ ਭਾਰੀ ਭਰਕਮ ਖ਼ਰਚੇ ਕਰਨ ਦੀ ਥਾਂ ਸਕੂਲਾਂ ਕਾਲਜਾ ਵਿੱਚ ਲੋਕ ਕਲਾਵਾਂ ਦਾ ਬੀਜ ਬੀਜਣ ਤੇ ਸੰਭਾਲਣ ਦੀ ਲੋੜ ਹੈ।

About Author

Leave A Reply

WP2Social Auto Publish Powered By : XYZScripts.com