Friday, May 9

ਸੱਤ ਸਮੁੰਦਰੋਂ ਪਾਰਲੇ ਪੰਜਾਬੀਆਂ ਨੂੰ ਮਾਂ ਬੋਲੀ ਤੇ ਮਾਂ ਧਰਤੀ ਦੇ ਵਿਕਾਸ ਲਈ ਵੱਧ ਸ਼ਕਤੀ ਨਾਲ ਹੰਭਲਾ ਮਾਰਨਾ ਚਾਹੀਦਾ ਹੈ- ਸੁੱਖੀ ਬਾਠ

ਲੁਧਿਆਣਾ ,(ਸੰਜੇ ਮਿੰਕਾ) -ਪੰਜਾਬ ਭਵਨ ਸਰੀ (ਕੈਨੇਡਾ) ਦੇ ਬਾਨੀ ਸੁੱਖੀ ਬਾਠ ਨੇ ਇੰਗਲੈਂਡ ਵਿਖੇ ਵੁਲਵਰਹੈਪਟਨ ਚ ਹੋ ਰਹੀ ਪੰਜਾਬੀ ਕਾਨਫਰੰਸ ਮੌਕੇ ਸਥਾਨਕ ਲੇਖਕਾਂ ਨਾਲ ਵੀ ਸੰਪਰਕ ਜੋੜਿਆ ਹੈ ਤਾਂ ਜੋ ਪੰਜਾਬ, ਪੰਜਾਬੀਅਤ, ਪੰਜਾਬੀ ਮਾਂ ਬੋਲੀ ਤੇ ਮਨੁੱਖਤਾ ਨੂੰ ਇੱਕ ਲੜੀ ਵਿੱਚ ਪਰੋਇਆ ਜਾ ਸਕੇ। ਪੰਜਾਬੀ ਕਵਿੱਤਰੀ ਤੇ ਟੀ ਵੀ ਮੇਜ਼ਬਾਨ ਰੂਪ ਦੇਵਿੰਦਰ ਨਾਹਲ ਦੇ ਗ੍ਰਹਿ ਵਿਖੇ ਉਨ੍ਹਾਂ ਸਮੂਹ ਪੰਜਾਬੀਆਂ ਦੇ ਨਾਂ ਸੁਨੇਹੇ ਵਿੱਚ ਕਿਹਾ ਹੈ ਕਿ ਸੱਤ ਸਮੁੰਦਰੋਂ ਪਾਰਲੇ ਪੰਜਾਬੀਆਂ ਨੂੰ ਵੱਧ ਸ਼ਕਤੀ ਨਾਲ ਮਾਂ ਬੋਲੀ ਪੰਜਾਬੀ ਤੇ ਮਾਂ ਧਰਤੀ ਦੀ ਸੇਵਾ ਸੰਭਾਲ ਵਿੱਚ ਵਕਤ ਅਤੇ ਸੋਮਿਆਂ ਦਾ ਦਸਵੰਧ ਕੱਢਣਾ ਚਾਹੀਦਾ ਹੈ।
ਸੁੱਖੀ ਬਾਠ ਜੀ ਦੇ ਨਾਲ ਇਟਲੀ ਮੁਹਾਜ਼ ਦੇ ਸਿੱਖ ਫੌਜੀ ਵਰਗੀ ਚਰਚਿਤ ਕਿਤਾਬ ਦੇ ਲੇਖਕ ਬਲਵਿੰਦਰ ਸਿੰਘ ਚਾਹਲ ਬਰਮਿੰਘਮ ਵੀ ਹਾਜ਼ਰ ਸਨ।
ਰੂਪ ਦੇਵਿੰਦਰ ਕੌਰ ਨਾਹਲ ਨੇ ਦੱਸਿਆ ਕਿ ਉਹ ਪਿਛਲੇ ਪੱਚੀ ਸਾਲ ਤੋਂ ਯੂ ਕੇ ਚ ਵੱਸਦੇ ਪੰਜਾਬੀਆਂ ਨੂੰ ਇਸ ਕਾਰਜ ਲਈ ਲਗਾਤਾਰ ਪ੍ਰੇਰਨਾ ਦੇ ਰਹੇ ਹਨ।
ਬਲਵਿੰਦਰ ਸਿੰਘ ਚਾਹਲ ਨੇ ਕਿਹਾ ਕਿ ਸੁੱਖੀ ਬਾਠ ਨੇ 2016 ਵਿੱਚ ਸਰੀ ਵਿਖੇ ਪੰਜਾਬ ਭਵਨ ਬਣਾ ਕੇ ਸਮੁੱਚੇ ਵਿਸ਼ਵ ਚ ਵੱਸਦੇ ਪੰਜਾਬੀਆਂ ਲਈ ਰੌਸ਼ਨ ਮੀਨਾਰ ਦਾ ਕੰਮ ਕੀਤਾ ਹੈ। ਉਨ੍ਹਾਂ ਰੂਪ ਦੇਵਿੰਦਰ ਕੌਰ ਨਾਹਲ ਦੀ ਸਾਹਿੱਤਕ ਦੇਣ ਬਾਰੇ ਸੁੱਖੀ ਬਾਠ ਨੂੰ ਦੱਸਿਆ ਕਿ ਉਹ ਇੰਗਲੈਂਡ ਵੱਸਦੀ,ਜ਼ਿੰਦਗੀ ਨੂੰ ਮੁਹੱਬਤ ਕਰਦੀਆਂ ਕਵਿਤਾਵਾਂ ਦੀ ਸਿਰਜਕ ਹੈ। 1998 ਤੋਂ ਯੂ ਕੇ ਵਿੱਚ ਲਗਾਤਾਰ ਸੰਚਾਰ ਮਾਧਿਅਮਾਂ ਨਾਲ ਜੁੜੀ ਰੂਪ ਦੇਵਿੰਦਰ ਕੌਰ ਨਾਹਲ ਪਿਛਲੇ ਕਾਫ਼ੀ ਸਮੇਂ ਤੋਂ ਅਕਾਲ ਚੈਨਲ ਤੋਂ ਹਫ਼ਤਾਵਾਰੀ ਸਭਿਆਚਾਰ, ਭਾਸ਼ਾ,ਸਾਹਿੱਤ ਅਤੇ ਕਲਾ ਬਾਰੇ ਪਰੋਗਰਾਮ ਪੇਸ਼ ਕਰਦੀ ਹੈ। ਉਸ ਦਾ ਪਲੇਠਾ ਕਾਵਿ ਸੰਗ੍ਰਹਿ “ਯਾਦਾਂ ਦੀ ਮਹਿਕ “ਅਕਤੂਬਰ 2004 ਵਿੱਚ ਵਿਸ਼ਵਭਾਰਤੀ ਪ੍ਰਕਾਸ਼ਨ ਬਰਨਾਲਾ ਵੱਲੋਂ ਪ੍ਰਕਾਸ਼ਿਤ ਹੋਇਆ ਸੀ। ਉਸ ਦੀ ਕਲਮ ਹੁਣ ਵੀ ਨਿਰੰਤਰ ਕਰਮਸ਼ੀਲ ਹੈ। ਇਸ ਮੌਕੇ ਪੰਜਾਬੀ ਲੇਖਕ ਹਰਭਜਨ ਸਿੰਘ ਹੁੰਦਲ ਤੇ ਪੰਜਾਬੀ ਲੋਕ ਗਾਇਕ ਸੁਰਿੰਦਰ ਛਿੰਦਾ ਨੂੰ ਵੀ ਯਾਦ ਕਰਦਿਆਂ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ।

About Author

Leave A Reply

WP2Social Auto Publish Powered By : XYZScripts.com