Friday, May 9

ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਵਲੋਂ ਦਿਵਿਆਂਗਜਨਾਂ ਨੂੰ ਅਪੀਲ, ਸਰਟੀਫਿਕੇਟ ਬਣਾਉਣ ਲਈ ਨੇੜਲੇ ਸੇਵਾ ਕੇਂਦਰਾਂ ਦਾ ਲਿਆ ਜਾਵੇ ਲਾਭ

  • ਵੈਬਸਾਈਟ www.swavlambancard.gov.in  ‘ਤੇ ਵੀ ਕੀਤਾ ਜਾ ਸਕਦਾ ਹੈ ਅਪਲਾਈ
  • ਵੱਖ-ਵੱਖ ਸਰਕਾਰੀ ਸਹੂਲਤਾਂ ਦਾ ਲਾਹਾ ਲੈਣ ਲਈ ਯੂ.ਡੀ.ਆਈ.ਡੀ. ਕਾਰਡ ਲਾਜ਼ਮੀ – ਵਰਿੰਦਰ ਸਿੰਘ ਟਿਵਾਣਾ

ਲੁਧਿਆਣਾ, (ਸੰਜੇ ਮਿੰਕਾ) – ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਸ. ਵਰਿੰਦਰ ਸਿੰਘ ਟਿਵਾਣਾ ਵਲੋਂ ਦਿਵਿਆਂਗਜਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਦਿਵਿਆਂਗ ਸਰਟੀਫਿਕੇਟ ਬਣਾਉਣ ਲਈ ਨੇੜਲੇ ਸੇਵਾ ਕੇਂਦਰ ਦਾ ਲਾਭ ਲਿਆ ਜਾਵੇ ਜਾਂ ਵੈਬਸਾਈਟ www.swavlambancard.gov.in   ‘ਤੇ ਵੀ ਅਪਲਾਈ ਕੀਤਾ ਜਾ ਸਕਦਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਪੰਜਾਬ ਸਰਕਾਰ ਦੇ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ, ਪੰਜਾਬ ਦੁਆਰਾ ਆਰ.ਪੀ.ਡਬਲਯੂ.ਡੀ ਐਕਟ 2016 ਤਹਿਤ ਵੱਖ-ਵੱਖ 21 ਕਿਸਮਾਂ ਦੀ ਦਿਵਿਆਂਗਤਾ ਲਈ ਦਿਵਿਆਂਗਤਾ ਸਰਟੀਫਿਕੇਟ ਜਾਰੀ ਕੀਤੇ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵੱਖ-ਵੱਖ 21 ਕਿਸਮਾਂ ਵਿੱਚ ਨੇਤਰਹੀਣਤਾ, ਘੱਟ ਦ੍ਰਿਸ਼ਟੀ, ਬੌਣਾਪਨ, ਮਾਸਪੇਸ਼ੀਆਂ ‘ਚ ਕਮਜ਼ੋਰੀ, ਤੇਜ਼ਾਬੀ ਹਮਲੇ ਦਾ ਸ਼ਿਕਾਰ, ਚੱਲਣ ਫਿਰਨ ਤੋਂ ਅਸਮਰੱਥ, ਬੌਧਿਕ ਦਿਵਿਆਂਗਤਾ, ਮਾਨਸਿਕ ਰੋਗ, ਸਵੈਲੀਨਤਾ ਸਪੈਕਟ੍ਰਮ ਵਿਕਾਰ, ਪੁਰਾਣੀਆਂ ਤੰਤ੍ਰਿਕਾ ਪ੍ਰਸਥਿਤੀਆਂ, ਬਹੁ ਸਕੇਲੋਰੋਸਿਸ, ਪਾਰਕਿਨਸਨਜ਼ ਰੋਗ, ਹੋਮੋਫੀਲਿਆ, ਥੈਲੇਸੀਮੀਆ, ਸੱਕਲ ਕੋਸ਼ਿਕਾ ਰੋਗ, ਬੋਲਾਪਣ ਤੇ ਨੇਤਰਹੀਣਤਾ ਸਮੇਤ ਬਹੁ ਦਿਵਿਆਂਗਤਾਵਾਂ, ਸੰਵਾਦ ਅਤੇ ਭਾਸ਼ਾ ਦਿਵਿਆਂਗਤਾ ਤੇ ਵਿਸ਼ੇਸ਼ ਸਿਖਲਾਈ ਦਿਵਿਆਂਗਤਾ ਸ਼ਾਮਲ ਹਨ। ਉਨ੍ਹਾਂ ਜ਼ਿਲ੍ਹੇ ਦੇ ਉਕਤ ਸ਼੍ਰੇਣੀਆਂ ਵਿੱਚ ਆਉਂਦੇ ਦਿਵਿਆਂਗਜਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਕਿਸੇ ਦਾ ਦਿਵਿਆਂਗਤਾ ਸਰਟੀਫਿਕੇਟ ਕਿਸੇ ਵੀ ਕਾਰਨ ਨਹੀਂ ਬਣਿਆ ਜਾਂ ਬਣਾਉਣ ਵਾਲਾ ਹੈ ਤਾਂ ਉਹ ਤੁਰੰਤ ਆਪਣੇ ਨੇੜਲੇ ਸੇਵਾ ਕੇਂਦਰ ਜਾਂ ਵੈਬਸਾਈਟ www.swavlambancard.gov.in   ‘ਤੇ ਅਪਲਾਈ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਯੂ.ਡੀ.ਆਈ.ਡੀ. ਕਾਰਡ ਬਣਾਉਣ ਲਈ ਲਾਭਪਾਤਰੀ ਦੀ ਪਾਸਪੋਰਟ ਸਾਈਜ਼ ਫੋਟੋ, ਅਸਲ ਆਧਾਰ ਕਾਰਡ ਅਤੇ ਅਸਲ ਮੈਡੀਕਲ ਸਰਟੀਫਿਕੇਟ ਲਾਜ਼ਮੀ ਹਨ ਕਿਉਂਕਿ ਇਸ ਸਰਟੀਫਿਕੇਟ ਜ਼ਰੀਏ ਹੀ ਪੰਜਾਬ ਸਰਕਾਰ ਜਾਂ ਭਾਰਤ ਸਰਕਾਰ ਵੱਲ਼ੋ ਵੱਖ-ਵੱਖ ਸਰਕਾਰੀ ਸਹੂਲਤਾਂ ਦਿਵਿਆਂਗਜਨਾਂ ਨੂੰ ਸਮੇਂ ਸਮੇਂ ‘ਤੇ ਮੁਹੱਈਆ ਕਰਵਾਈਆਂ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਦਿਵਿਆਂਗਜਨਾਂ ਦੀ ਪੈਨਸ਼ਨ ਦਾ ਲਾਭ ਜੋ ਕਿ 1500 ਰੁਪਏ ਪ੍ਰਤੀ ਮਹੀਨਾ ਹੈ, ਲੈਣ ਲਈ ਵੀ ਯੂ.ਡੀ.ਆਈ.ਡੀ. ਕਾਰਡ ਹੋਣਾ ਜ਼ਰੂਰੀ ਹੈ।

About Author

Leave A Reply

WP2Social Auto Publish Powered By : XYZScripts.com