Wednesday, March 12

ਭਾਸ਼ਾ ਵਿਭਾਗ ਵੱਲੋਂ ਖ਼ਾਲਸਾ ਕਾਲਜ (ਲੜਕੀਆਂ) ਵਿਖੇ ਕਵੀ ਦਰਬਾਰ ਆਯੋਜਿਤ

  • 15 ਉੱਘੇ ਕਵੀਆਂ ਨੇ ਲਗਵਾਈ ਹਾਜ਼ਰੀ

ਲੁਧਿਆਣਾ,   (ਸੰਜੇ ਮਿੰਕਾ) – ਭਾਸ਼ਾ ਵਿਭਾਗ ਪੰਜਾਬ ਦੁਆਰਾ ਪੰਜਾਬੀ ਭਾਸ਼ਾ ਅਤੇ ਸਾਹਿਤ ਦੇ ਪ੍ਰਚਾਰ ਪ੍ਰਸਾਰ ਲਈ ਵੱਖ-ਵੱਖ ਸਮਿਆਂ  ‘ਤੇ ਅਨੇਕ ਪ੍ਰੋਗਰਾਮ ਉਲੀਕੇ ਜਾਂਦੇ ਹਨ। ਇਸੇ ਕੜੀ ਵਿੱਚ ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ, ਡਾ.ਵੀਰਪਾਲ ਕੌਰ ਦੀ ਅਗਵਾਈ ਵਿੱਚ ਜ਼ਿਲ੍ਹਾ ਭਾਸ਼ਾ ਅਫ਼ਸਰ ਲੁਧਿਆਣਾ ਵੱਲੋਂ ਖ਼ਾਲਸਾ ਕਾਲਜ ਫ਼ਾਰ ਵੋਮੈਨ, ਲੁਧਿਆਣਾ ਦੇ ਸਹਿਯੋਗ ਨਾਲ਼ ਕਰਵਾਏ ਕਵੀ ਦਰਬਾਰ ਦਾ ਵਿੱਚ ਪੰਜਾਬ ਦੇ ਉੱਘੇ 15 ਕਵੀਆਂ ਨੇ ਹਾਜ਼ਰ ਸਰੋਤਿਆਂ ਨੂੰ ਕਵਿਤਾ ਦੇ ਰੰਗ ਵਿੱਚ ਮੰਤਰ ਮੁਗਧ ਕਰ  ਦਿੱਤਾ। ਜ਼ਿਲ੍ਹਾ ਭਾਸ਼ਾ ਅਫ਼ਸਰ ਡਾ.ਸੰਦੀਪ ਸ਼ਰਮਾ ਨੇ ਆਏ ਲੇਖਕਾ ਦਾ ਸੁਆਗਤ ਕੀਤਾ ਜਦਕਿ ਕਾਲਜ ਪ੍ਰਿੰਸੀਪਲ ਡਾ. ਇਕਬਾਲ ਕੌਰ ਨੇ ਧੰਨਵਾਦ ਦੇ ਸ਼ਬਦ ਕਹੇ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਖੋਜ ਅਫ਼ਸਰ ਸੰਦੀਪ ਵਲੋਂ ਦੱਸਿਆ ਗਿਆ ਕਿ ਖ਼ਾਲਸਾ ਕਾਲਜ ਫ਼ਾਰ ਵੂਮੈਨ ਦੇ ਕਾਲਜ ਆਡੀਟੋਰੀਅਮ ਵਿਖੇ ਕਰਵਾਏ ਜਾਣ ਵਾਲੇ ਇਸ ਕਵੀ ਦਰਬਾਰ ਦੀ ਪ੍ਰਧਾਨਗੀ ਉੱਘੇ ਵਿਦਵਾਨ ਅਤੇ ਸ਼੍ਰੋਮਣੀ ਕਵੀ ਪ੍ਰੋ. ਗੁਰਭਜਨ ਸਿੰਘ ਗਿੱਲ ਚੇਅਰਮੈਨ, ਪੰਜਾਬੀ ਲੋਕ ਵਿਰਾਸਤ ਅਕੈਡਮੀ ਲੁਧਿਆਣਾ ਨੇ ਕੀਤੀ। ਉਹਨਾਂ ਪ੍ਰਧਾਨਗੀ ਭਾਸ਼ਨ ਵਿੱਚ ਭਾਸ਼ਾ ਵਿਭਾਗ ਅਤੇ ਕਾਲਜ ਪ੍ਰਸ਼ਾਸ਼ਨ ਨੂੰ ਇਸ ਸਮਾਗਮ ਦੀ ਵਧਾਈ ਦਿੱਤੀ ਅਤੇ ਇਹ ਸੁਨੇਹਾ ਵੀ ਦਿੱਤਾ ਕਿ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੇ ਸਮਾਗਮਾਂ ਦੀ ਲਗਾਤਾਰਤਾ ਬਣਾਈ ਜਾਵੇ। ਉਨ੍ਹਾ ਭਾਸ਼ਾ ਵਿਭਾਗ ਦੇ ਮਾਣ ਮੱਤੇ ਇਤਿਹਾਸ ਦਾ ਜ਼ਿਕਰ ਕਰਦਿਆ ਕਿਹਾ ਕਿ ਮੁੱਲਵਾਨ ਪ੍ਰਕਾਸ਼ਨਾਵਾ ਦੇ ਪ੍ਰਕਾਸ਼ਨ ਲਈ ਸਾਰੀ ਟੀਮ ਰਲ ਕੇ ਸੰਪਾਦਨ ਹੰਭਲਾ ਮਾਰੇ ਤਾ ਜੋ ਵਡਮੁੱਲੇ ਗਿਆਨ ਗਰੰਥ ਆਮ ਪਾਠਕਾ ਤੱਕ ਜਲਦੀ ਪਹੁੰਚ ਸਕਣ। ਜ਼ਿਲ੍ਹਾ ਭਾਸ਼ਾ ਅਫ਼ਸਰ ਡਾਃ ਸੰਦੀਪ ਸ਼ਰਮਾ ਨੇ ਆਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਸਾਹਿਤ ਦੀਆਂ ਵੱਡੀਆਂ ਸਖ਼ਸ਼ੀਅਤਾਂ ਦੀ ਹਾਜ਼ਰੀ ਨਾਲ਼ ਇਸ ਸਮਾਗਮ ਦਾ ਮਹੱਤਵ ਵੀ ਵੱਡਾ ਹੋ ਗਿਆ ਹੈ। ਕਵੀ ਅਤੇ ਚਿੱਤਰਕਾਰ ਸਵਰਨਜੀਤ ਸਵੀ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਆਪਣੀਆਂ ਨਜ਼ਮਾਂ ਵੀ ਸਾਂਝਿਆਂ ਕੀਤੀਆਂ। ਇਸ ਕਵੀ ਦਰਬਾਰ ਵਿੱਚ ਪੰਜਾਬ ਦੇ ਵੱਖ-ਵੱਖ ਖਿੱਤਿਆਂ ਤੋਂ ਉੱਘੇ ਕਵੀ ਸਵਰਨਜੀਤ ਸਵੀ, ਗੁਰਭਜਨ ਗਿੱਲ, ਗੁਰਪ੍ਰੀਤ ਮਾਨਸਾ, ਤ੍ਰੈਲੋਚਨ ਲੋਚੀ, ਤਰਸੇਮ ਨੂਰ, ਮੁਕੇਸ਼ ਆਲਮ, ਮਨਜੀਤ ਪੁਰੀ ਫਰੀਦਕੋਟ, ਅਜੀਤਪਾਲ ਜਟਾਣਾ ਮੋਗਾ, ਮਨਦੀਪ ਔਲ਼ਖ, ਜੁਗਿੰਦਰ ਨੂਰਮੀਤ, ਪ੍ਰਭਜੋਤ ਸੋਹੀ, ਰਾਜਦੀਪ ਤੂਰ, ਰਣਧੀਰ ਸੰਗਰੂਰ ਅਤੇ ਕਰਮਜੀਤ ਗਰੇਵਾਲ ਨੇ ਆਪਣੀਆਂ ਰਚਨਾਵਾਂ ਨਾਲ ਸਰੋਤਿਆਂ ਨੂੰ ਮੰਤਰ ਮੁਗਧ ਕੀਤਾ। ਇਸ ਮੌਕੇ ਮੰਚ ਸੰਚਾਲਨ ਦੀ ਭੂਮਿਕਾ ਪੰਜਾਬੀ ਵਿਭਾਗ ਦੀ ਮੁਖੀ ਡਾ. ਨਰਿੰਦਰਜੀਤ ਕੌਰ ਅਤੇ ਸ਼ਾਇਰ ਮਨਜੀਤ ਪੁਰੀ ਨੇ ਨਿਭਾਈ। ਜ਼ਿਲ੍ਹਾ ਭਾਸ਼ਾ ਅਫ਼ਸਰ, ਫ਼ਿਰੋਜ਼ਪੁਰ ਡਾ.ਜਗਦੀਪ ਸਿੰਘ ਸੰਧੂ, ਡਾ. ਜਗਵਿੰਦਰ ਜੋਧਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਅਤੇ ਡਾਇਰੈਕਟਰ ਖ਼ਾਲਸਾ ਕਾਲਜ ਫਾਰ ਵਿਮੈੱਨ ਡਾ. ਮੁਕਤੀ ਗਿੱਲ, ਪ੍ਰੈਸ ਦੇ ਨੁਮਾਇੰਦੇ, ਕਾਲਜ ਸਟਾਫ਼ ਅਤੇ ਵਿਦਿਆਰਥੀ ਵੀ ਹਾਜ਼ਰ ਰਹੇ। ਕਾਲਜ ਪ੍ਰਿੰਸੀਪਲ ਡਾ.ਇਕਬਾਲ ਕੌਰ ਨੇ ਅੰਤ ਵਿੱਚ ਹਾਜ਼ਰ ਸਰੋਤਿਆਂ ਦਾ ਸਮਾਗਮ ਵਿੱਚ ਸ਼ਮੂਲੀਅਤ ਲਈ ਧੰਨਵਾਦ ਕੀਤਾ।

About Author

Leave A Reply

WP2Social Auto Publish Powered By : XYZScripts.com