
ਲੁਧਿਆਣਾ (ਸੰਜੇ ਮਿੰਕਾ) ਕੇਂਦਰ ਦੀ ਮੋਦੀ ਸਰਕਾਰ ਵੱਲੋਂ ਕੇਂਦਰੀ ਮੰਤਰੀ ਮੰਡਲ ਦੀ ਮੀਟਿੰਗ ‘ਚ ਲਏ ਗਏ ਕਈ ਫੈਸਲਿਆਂ ਵਿੱਚੋਂ ਇੱਕ ਗੰਨਾ ਕਿਸਾਨਾਂ ਨੂੰ ਤੋਹਫੇ ਵਜੋਂ ਗੰਨੇ ਦੇ ਸਭ ਤੋਂ ਵੱਧ ਤੇ ਲਾਭਕਾਰੀ ਮੁੱਲ (ਐਫਆਰਪੀ) ‘ਚ ਵਾਧਾ ਕਰਨ ਨਾਲ ਪੰਜ ਕਰੋੜ ਕਿਸਾਨਾਂ ਨੂੰ ਫਾਇਦਾ ਹੋਵੇਗਾ। ਇਹ ਜਾਣਕਾਰੀ ਭਾਜਪਾ ਆਗੂ ਅਤੇ ਬੁਲਾਰੇ ਗੁਰਦੀਪ ਸਿੰਘ ਗੋਸ਼ਾ ਨੇ ਪ੍ਰੈਸ ਬਿਆਨ ਜਾਰੀ ਕਰਦੇ ਹੋਏ ਦਿੱਤੀ। ਉਹਨਾਂ ਦੱਸਿਆ ਕਿ ਗੰਨੇ ਦੀ ਐਫਆਰਪੀ ਵਧਾਉਣ ਦਾ ਫੈਸਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਹੋਈ ਆਰਥਿਕ ਮਾਮਲਿਆਂ ਬਾਰੇ ਕੈਬਨਿੰਟ ਕਮੇਟੀ ਦੀ ਮੀਟੰਗ ਵਿੱਚ ਲਿਆ ਗਿਆ। ਉਹਨਾਂ ਦੱਸਿਆ ਕਿ ਗੰਨੇ ਦੀ ਐਫਆਰਪੀ ਵਿੱਚ 10 ਰੂਪਏ ਪ੍ਰਤੀ ਕੁਇੰਟਲ ਵਾਧਾ ਹੋਣ ਨਾਲ ਗੰਨੇ ਦੀ ਐਫਆਰਪੀ 315 ਰੂ: ਕੁਇੰਟਲ ਹੋ ਗਈ ਹੈ। ਗੋਸ਼ਾ ਨੇ ਦੱਸਿਆ ਕਿ ਪੰਜ ਕਰੋੜ ਕਿਸਾਨਾਂ ਦੇ ਨਾਲ ਨਾਲ ਖੰਡ ਮਿੱਲ ਵਿੱਚ ਕੰਮ ਕਰ ਰਹੇ ਪੰਜ ਲੱਖ ਕਰਮਚਾਰੀਆਂ ਨੂੰ ਵੀ ਫਾਇਦਾ ਹੋਵੇਗਾ ਤੇ ਇਹ ਨਵੀਂ ਐਫਆਰਪੀ ਸਾਲ 2023-24 ਦੇ ਅਕਤੂਬਰ ਮਹੀਨੇ ਤੋਂ ਸ਼ੁਰੂ ਹੋਵੇਗੀ। ਐਫਆਰਪੀ ਵਾਰੇ ਜਾਣਕਾਰੀ ਦਿੰਦੇ ਹੋਏ ਉਹਨਾਂ ਕਿਹਾ ਕਿ ਐਫਆਰਪੀ ਉਹ ਘੱਟੋ-ਘੱਟ ਕੀਮਤ ਹੈ ਜਿਸ ‘ਤੇ ਖੰਡ ਮਿੱਲਾਂ ਨੂੰ ਕਿਸਾਨ ਤੋਂ ਗੰਨਾ ਖਰੀਦਣਾ ਪੈਂਦਾ ਹੈ। ਗੋਸ਼ਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਮੇਸ਼ਾ ਅੰਨਦਾਤਾ ਦੇ ਨਾਲ ਰਹੇ ਹਨ ਅਤੇ ਉਹਨਾਂ ਨੇ ਹਮੇਸ਼ਾ ਹੀ ਖੇਤੀ ਅਤੇ ਕਿਸਾਨ ਨੂੰ ਪਹਿਲ ਦਿੱਤੀ ਹੈ। ਉਹਨਾਂ ਇਹ ਵੀ ਦੱਸਿਆ ਕਿ 2014-15 ਦੇ ਸੀਜ਼ਨ ਵਿੱਚ ਗੰਨੇ ਦੀ ਐਫਆਰਪੀ 210 ਰੂਪਏ ਕੁਇੰਟਲ ਸੀ ਤੇ ਹੁਣ, 2023-24 ਸੀਜ਼ਨ ਲਈ ਇਸ ਨੂੰ ਵਧਾ ਕੇ 315 ਰੂ: ਪ੍ਰਤੀ ਕੁਇੰਟਲ ਕਰ ਦਿੱਤਾ ਹੈ।