Friday, May 9

ਕਣਕ ਦੇ ਖਰੀਦ ਸੀਜ਼ਨ ਦੌਰਾਨ ਓਵਰਆਲ ਸਰਵੋਤਮ ਕਾਰਗੁਜ਼ਾਰੀ ਲਈ ਜ਼ਿਲ੍ਹਾ ਲੁਧਿਆਣਾ (ਪੂਰਬੀ) ਸੂਬੇ ‘ਚੋਂ ਦੂਜੇ ਸਥਾਨ ‘ਤੇ ਆਇਆ

  • ਡਿਪਟੀ ਕਮਿਸ਼ਨਰ ਸੁਰਭੀ ਮਲਿਕ ਵਲੋਂ ਖੁਰਾਕ ਸਪਲਾਈ ਵਿਭਾਗ ਦੇ ਅਧਿਕਾਰੀਆਂ/ਕਰਮਚਾਰੀਆਂ ਦੀ ਸ਼ਲਾਘਾ ਕਰਦਿਆਂ ਅੱਗੋਂ ਵੀ ਡੱਟ ਕੇ ਕੰਮ ਕਰਨ ਲਈ ਕੀਤਾ ਪ੍ਰੇਰਿਤ
  • ਸਾਲ 2023-24 ਲਈ ਪੰਜਾਬ ਦੇ ਫੂਡ ਸਪਲਾਈ ਮੰਤਰੀ ਵੱਲੋਂ ਚੰਡੀਗੜ੍ਹ ਵਿਖੇ ਪ੍ਰਦਾਨ ਕੀਤਾ ਗਿਆ ਇਹ ਐਵਾਰਡ
  • ਲਿਫਟਿੰਗ, ਆਨਲਾਈਨ ਗੇਟ ਪਾਸ, ਵਹੀਕਲ ਟਰੈਕਿੰਗ ਸਿਸਟਮ ਸਮੇਤ ਹੋਰ ਕੰਮਾਂ ਵਿੱਚ ਸਰਵੋਤਮ ਪ੍ਰਬੰਧ ਕਰਨ ਲਈ ਮਿਲਿਆ ਐਵਾਰਡ

ਲੁਧਿਆਣਾ, (ਸੰਜੇ ਮਿੰਕਾ) – ਹਾਲ ਹੀ ਵਿੱਚ ਮੁਕੰਮਲ ਹੋਏ ਕਣਕ ਦੀ ਖਰੀਦ ਸੀਜ਼ਨ ਨਾਲ ਜੁੜੇ ਸਮੁੱਚੇ ਕਾਰਜਾਂ ਨੂੰ ਸ਼ਾਨਦਾਰ ਢੰਗ ਨਾਲ ਨੇਪਰੇ ਚੜ੍ਹਾਉਣ ਲਈ ਜ਼ਿਲ੍ਹਾ ਲੁਧਿਆਣਾ (ਪੂਰਬੀ) ਸੂਬੇ ਭਰ ਵਿੱਚੋਂ ਦੂਸਰੇ ਸਥਾਨ ‘ਤੇ ਆਇਆ ਹੈ। ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਦਿਸ਼ਾ ਨਿਰਦੇਸ਼ਾਂ ਹੇਠ ਚੰਡੀਗੜ੍ਹ ਵਿਖੇ ਫੂਡ ਸਪਲਾਈ ਮੰਤਰੀ ਲਾਲ ਚੰਦ ਕਟਾਰੂਚੱਕ ਵੱਲੋਂ ਜ਼ਿਲ੍ਹਾ ਲੁਧਿਆਣਾ (ਪੂਰਬੀ) ਨੂੰ ਇਸ ਸ਼ਾਨਦਾਰ ਪ੍ਰਾਪਤੀ ਲਈ ਦੂਸਰੇ ਸਥਾਨ ਵਜੋਂ ਐਵਾਰਡ ਪ੍ਰਦਾਨ ਕੀਤਾ ਗਿਆ। ਜ਼ਿਕਰਯੋਗ ਹੈ ਕਿ ਜ਼ਿਲ੍ਹਾ ਲੁਧਿਆਣਾ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਹੈ ਜਿਸ ਵਿੱਚ ਇੱਕ ਪਾਸਾ ਲੁਧਿਆਣਾ (ਪੂਰਬੀ) ਤੇ ਦੂਸਰਾ ਲੁਧਿਆਣਾ (ਪੱਛਮੀ) ਹੈ। ਫੂਡ ਸਪਲਾਈ ਮੰਤਰੀ ਨੇ ਕਣਕ ਦੀ ਖਰੀਦ, ਲਿਫਟਿੰਗ, ਅਦਾਇਗੀ, ਆਨਲਾਈਨ ਗੇਟ ਪਾਸ, ਵਹੀਕਲ ਟਰੈਕਿੰਗ ਸਿਸਟਮ ਸਮੇਤ ਹੋਰ ਕਾਰਜਾਂ ਨੂੰ ਯੋਜਨਾਬੱਧ ਤਰੀਕੇ ਨਾਲ ਸਮੇਂ ਸਿਰ ਨੇਪਰੇ ਚੜ੍ਹਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣ ਲਈ ਡਿਪਟੀ ਕਮਿਸ਼ਨਰ ਸੁਰਭੀ ਮਲਿਕ, ਵਧੀਕ ਡਿਪਟੀ ਕਮਿਸ਼ਨਰ (ਜਨਰਲ) ਰਾਹੁਲ ਚਾਬਾ ਅਤੇ ਸਬੰਧਤ ਵਿਭਾਗਾਂ ਦੀ ਸਮੁੱਚੀ ਟੀਮ ਨੂੰ ਮੁਬਾਰਕਬਾਦ ਦਿੱਤੀ। ਜ਼ਿਲ੍ਹਾ ਪ੍ਰਸ਼ਾਸਨ ਦੀ ਤਰਫ਼ੋਂ ਜ਼ਿਲ੍ਹਾ ਫੂਡ ਤੇ ਸਪਲਾਈ ਕੰਟਰੋਲਰ (ਡੀ.ਐਫ.ਐਸ.ਸੀ.) ਲੁਧਿਆਣਾ (ਪੂਰਬੀ) ਸ਼ੇਫਾਲੀ ਚੋਪੜਾ ਨੇ ਇਹ ਐਵਾਰਡ ਪ੍ਰਾਪਤ ਕੀਤਾ। ਇਸ ਮੌਕੇ ਡਿਪਟੀ ਕਮਿਸ਼ਨਰ ਸੁਰਭੀ ਮਲਿਕ ਵਲੋਂ ਖੁਰਾਕ ਸਪਲਾਈ ਵਿਭਾਗ ਦੇ ਅਧਿਕਾਰੀਆਂ/ਕਰਮਚਾਰੀਆਂ ਦੀ ਵੀ ਸ਼ਲਾਘਾ ਕੀਤੀ ਗਈ ਅਤੇ ਇਸ ਪ੍ਰਾਪਤੀ ਲਈ ਮੁਬਾਰਕਬਾਦ ਦਿੰਦਿਆਂ ਅੱਗੋਂ ਵੀ ਡੱਟ ਕੇ ਕੰਮ ਕਰਨ ਲਈ ਪ੍ਰੇਰਿਤ ਕੀਤਾ।

About Author

Leave A Reply

WP2Social Auto Publish Powered By : XYZScripts.com