Wednesday, March 12

ਮਾਈਨਿੰਗ ਵਿਭਾਗ ਵਲੋਂ ਸਰਕਾਰੀ ਥਾਵਾਂ ‘ਤੇ ਗੈਰ-ਕਾਨੂੰਨੀ ਮਾਈਨਿੰਗ ਕਰਨ ਵਾਲੇ ਪੰਜ ਟਿੱਪਰ ਅਤੇ ਇੱਕ ਜੇ.ਸੀ.ਬੀ. ਕਾਬੂ

  • ਤਿੰਨ ਮੁਲਜ਼ਮਾਂ ਤੇ ਹੋਰ ਅਣਪਛਾਤਿਆਂ ਖ਼ਿਲਾਫ਼ ਮਾਮਲਾ ਦਰਜ਼
  • ਗੈਰ-ਕਾਨੂੰਨੀ ਮਾਈਨਿੰਗ ਮਾਫੀਆ ਦਾ ਮੁਕੰਮਲ ਸਫਾਇਆ ਕੀਤਾ ਜਾਵੇਗਾ – ਗੁਰਮੀਤ ਸਿੰਘ ਮੀਤ ਹੇਅਰ

ਲੁਧਿਆਣਾ, (ਸੰਜੇ ਮਿੰਕਾ) – ਮੁੱਖ ਮੰਤਰੀ ਭਗਵੰਤ ਮਾਨ ਅਤੇ ਖਣਨ ਤੇ ਭੂ-ਵਿਗਿਆਨ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਮਾਈਨਿੰਗ ਵਿਭਾਗ ਦੀਆਂ ਵੱਖ-ਵੱਖ ਟੀਮਾਂ ਨੇ ਭੂਖੜੀ ਅਤੇ ਧਨਾਨਸੂ ਵਿਖੇ ਅਚਨਚੇਤ ਛਾਪੇਮਾਰੀ ਕਰਦਿਆਂ ਰੇਤ ਦੀ ਨਾਜਾਇਜ਼ ਮਾਈਨਿੰਗ ਕਰਨ ਵਾਲੇ ਪੰਜ ਟਿੱਪਰ ਅਤੇ ਇਕ ਜੇ.ਸੀ.ਬੀ. ਨੂੰ ਕਾਬੂ ਕੀਤਾ ਹੈ। ਮੁਲਜ਼ਮ ਕੁਲਦੀਪ ਸਿੰਘ, ਰਣਧੀਰ ਸਿੰਘ, ਹਰਭਜਨ ਸਿੰਘ ਅਤੇ ਹੋਰ ਅਣਪਛਾਤੇ ਵਿਅਕਤੀਆਂ ਵਿਰੁੱਧ ਪੁਲਿਸ ਕਮਿਸ਼ਨਰੇਟ ਲੁਧਿਆਣਾ ਅਧੀਨ ਪੈਂਦੇ ਥਾਣਾ ਮੇਹਰਬਾਨ ਵਿਖੇ ਧਾਰਾ 353, 379, 186, 506 ਅਤੇ ਖਾਣਾਂ ਅਤੇ ਖਣਿਜ ਐਕਟ 1957 ਦੀ ਧਾਰਾ 21 ਤਹਿਤ ਮਾਮਲਾ ਦਰਜ਼ ਕੀਤਾ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਸਥਾਨਕ ਮਾਈਨਿੰਗ ਵਿਭਾਗ ਦੀਆਂ ਵੱਖ-ਵੱਖ ਟੀਮਾਂ ਸਮੇਤ ਮਾਈਨਿੰਗ ਇੰਸਪੈਕਟਰ ਅਮਨ ਠਾਕੁਰ, ਅੰਕਿਤ ਕੁਮਾਰ, ਪਰਵੇਸ਼ ਸ਼ੁਕਲਾ ਸਮੇਤ ਸਥਾਨਕ ਪੁਲਿਸ ਨੇ ਧਨਾਨਸੂ ਅਤੇ ਭੁਖੜੀ ਵਿਖੇ ਛਾਪੇਮਾਰੀ ਕੀਤੀ ਤਾਂ ਨਾਜਾਇਜ਼ ਮਾਈਨਿੰਗ ਕਰਦੇ ਪੰਜ ਟਿੱਪਰ ਅਤੇ ਤਿੰਨ ਜੇ.ਸੀ.ਬੀ. ਮਸ਼ੀਨਾਂ ਪਾਈਆਂ ਗਈਆਂ। ਜਦੋਂ ਟੀਮਾਂ ਵਲੋਂ ਘੋਖ ਪੜਤਾਲ ਕੀਤੀ ਜਾ ਰਹੀ ਸੀ ਤਾਂ ਆਲੇ ਦੁਆਲੇ ਖੇਤਾਂ ਵਿੱਚ ਲੁਕੇ ਹੋਏ ਉਨ੍ਹਾਂ ਦੇ ਸਾਥੀਆਂ ਵਲੋਂ ਟੀਮਾਂ ‘ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਅਤੇ ਦੋ ਜੇ.ਸੀ.ਬੀ. ਮਸ਼ੀਨਾਂ ਨੂੰ ਮੌਕੇ ਤੋਂ ਭਜਾਉਣ ਵਿੱਹ ਕਾਮਯਾਬ ਹੋ ਗਏ। ਜਿਸ ਤੋਂ ਬਾਅਦ ਕਾਰਜਕਾਰੀ ਇੰਜਨੀਅਰ (ਐਕਸੀਅਨ) ਦੀ ਅਗਵਾਈ ਹੇਠ ਮਾਈਨਿੰਗ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨੇ ਮੌਕੇ ‘ਤੇ ਪਹੁੰਚ ਕੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰਵਾ ਕੇ ਜ਼ਬਤ ਕੀਤੇ ਟਿੱਪਰ ਅਤੇ ਇੱਕ ਜੇ.ਸੀ.ਬੀ. ਨੂੰ ਪੁਲਿਸ ਵਿਭਾਗ ਦੇ ਹਵਾਲੇ ਕਰ ਦਿੱਤਾ। ਅਧਿਕਾਰੀਆਂ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਖਣਨ ਅਤੇ ਭੂ-ਵਿਗਿਆਨ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਵਿੱਚੋਂ ਗੈਰ-ਕਾਨੂੰਨੀ ਮਾਈਨਿੰਗ ਦਾ ਮੁਕੰਮਲ ਸਫਾਇਆ ਕਰਨ ਲਈ ਵਚਨਬੱਧ ਹੈ ਅਤੇ ਇਸ ਕੁਤਾਹੀ ਵਿੱਚ ਸ਼ਾਮਲ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਗੈਰ-ਕਾਨੂੰਨੀ ਮਾਈਨਿੰਗ ਵਿਰੁੱਧ ਵਿੱਢੀ ਮੁਹਿੰਮ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕੀਤਾ ਜਾਵੇਗਾ ਤਾਂ ਜੋ ਕੋਈ ਵੀ ਵਿਅਕਤੀ ਕਾਨੂੰਨ ਨੂੰ ਹੱਥ ਵਿਚ ਨਾ ਲੈ ਸਕੇ। ਪੰਜਾਬ ਵਿੱਚੋਂ ਮਾਈਨਿੰਗ ਮਾਫੀਆ ਦਾ ਸਫਾਇਆ ਕਰਨ ਦੀ ਦ੍ਰਿੜ ਵਚਨਬੱਧਤਾ ‘ਤੇ ਜ਼ੋਰ ਦਿੰਦਿਆਂ ਕੈਬਨਿਟ ਮੰਤਰੀ ਹੇਅਰ ਨੇ ਕਿਹਾ ਕਿ ਲਾਪ੍ਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਗੈਰ-ਕਾਨੂੰਨੀ ਮਾਈਨਿੰਗ ਕਰਨ ਵਾਲਿਆਂ ਨਾਲ ਸਖ਼ਤੀ ਨਾਲ ਨਿਪਟਿਆ ਜਾਵੇਗਾ।

About Author

Leave A Reply

WP2Social Auto Publish Powered By : XYZScripts.com