Saturday, May 10

ਲੁਧਿਆਣਾ ‘ਚ 34 ਨਵੇਂ ਆਮ ਆਦਮੀ ਕਲੀਨਿਕ ਸਮਰਪਿਤ, ਕੁੱਲ ਗਿਣਤੀ 43 ਹੋਈ

  • ਡਾਕਟਰਾਂ ਅਤੇ ਸਟਾਫ ਨੂੰ ਡਿਜੀਟਲ ਤੌਰ ‘ਤੇ ਕੰਮ ਕਰਨ ਲਈ ਮੁਹੱਈਆ ਕਰਵਾਏ ਟੈਬ, ਮਰੀਜ਼ਾਂ ਦੀ ਮੈਡੀਕਲ ਹਿਸਟਰੀ ਨੂੰ ਆਸਾਨੀ ਨਾਲ ਟਰੈਕ ਕਰਨ ‘ਚ ਸਹਾਈ ਸਿੱਧ ਹੋਣਗੇ
  • ਮੌਜੂਦਾ ਨੌਂ ਕਲੀਨਿਕਾਂ ‘ਚ ਲੱਖਾਂ ਮਰੀਜ਼ਾਂ ਵਲੋਂ ਸਿਹਤ ਸੇਵਾਵਾਂ ਦਾ ਲਿਆ ਜਾ ਰਿਹਾ ਲਾਭ
  • ਪੰਜਾਬ ‘ਚ ਸਭ ਤੋਂ ਵੱਧ ਓ.ਪੀ.ਡੀ. ਵਾਲੇ ਚੋਟੀ ਦੇ ਤਿੰਨ ਕਲੀਨਿਕ ਹਨ ਲੁਧਿਆਣਾ ਦੇ

ਲੁਧਿਆਣਾ, (ਸੰਜੇ ਮਿੰਕਾ) – ਲੋਕਾਂ ਦੀ ਮਿਆਰੀ ਸਿਹਤ ਸੇਵਾਵਾਂ ਤੱਕ ਉਨ੍ਹਾਂ ਦੇ ਘਰ ਜਾਂ ਆਂਢ-ਗੁਆਂਢ ਤੱਕ ਪਹੁੰਚ ਨੂੰ ਹੋਰ ਵਧਾਉਣ ਲਈ, 34 ਹੋਰ ਆਮ ਆਦਮੀ ਕਲੀਨਿਕ ਜ਼ਿਲ੍ਹਾ ਲੁਧਿਆਣਾ ਦੇ ਲੋਕਾਂ ਨੂੰ ਸਮਰਪਿਤ ਕੀਤੇ ਗਏ, ਜਿਸ ਨਾਲ ਜ਼ਿਲ੍ਹੇ ਵਿੱਚ ਕੁੱਲ ਗਿਣਤੀ 43 ਹੋ ਗਈ ਹੈ। ਇਹ ਕਲੀਨਿਕ ਪੂਰੀ ਤਰ੍ਹਾਂ ਡਿਜ਼ੀਟਲ ਤੌਰ ‘ਤੇ ਕੰਮ ਕਰਨਗੇ ਕਿਉਂਕਿ ਡਾਕਟਰਾਂ ਅਤੇ ਲੈਬ ਸਟਾਫ ਨੂੰ ਟੈਬ ਦਿੱਤੇ ਗਏ ਹਨ ਜੋ ਮਰੀਜ਼ਾਂ ਦੀ ਮੈਡੀਕਲ ਹਿਸਟਰੀ ਨੂੰ ਆਸਾਨੀ ਨਾਲ ਟਰੈਕ ਕਰਨ ਵਿੱਚ ਮਦਦ ਕਰਨਗੇ। ਇਸ ਤੋਂ ਇਲਾਵਾ, ਇਹ ਡਾਕਟਰਾਂ ਨੂੰ ਮਰੀਜ਼ਾਂ ਦੀ ਬਿਹਤਰ ਜਾਂਚ ਅਤੇ ਇਲਾਜ ਕਰਨ ਵਿੱਚ ਵੀ ਸਹਾਈ ਸਿੱਧ ਹੋਣਗੇ। ਲੁਧਿਆਣਾ ਦੱਖਣੀ ਹਲਕੇ ਅਧੀਨ ਪੈਂਦੇ ਕੋਟ ਮੰਗਲ ਸਿੰਘ ਇਲਾਕੇ ਵਿੱਚ ਅਜਿਹੇ ਹੀ ਇੱਕ ਕਲੀਨਿਕ ਨੂੰ ਲੋਕ ਅਰਪਣ ਕਰਦਿਆਂ ਵਿਧਾਇਕ ਰਜਿੰਦਰ ਪਾਲ ਕੌਰ ਛੀਨਾ, ਡਿਪਟੀ ਕਮਿਸ਼ਨਰ ਸੁਰਭੀ ਮਲਿਕ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਇਨ੍ਹਾਂ ਅਤਿ-ਆਧੁਨਿਕ ਲੋਕਾਂ ਨੂੰ ਮਿਆਰੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਦਾ ਇਹ ਇੱਕ ਇਤਿਹਾਸਕ ਫੈਸਲਾ ਹੈ। ਵਿਧਾਇਕ ਛੀਨਾ ਨੇ ਕਿਹਾ ਕਿ ਇਨ੍ਹਾਂ ਕਲੀਨਿਕਾਂ ਨੇ ਲੋਕਾਂ ਨੂੰ ਸਮੇਂ ਸਿਰ ਸੇਵਾਵਾਂ ਪ੍ਰਦਾਨ ਕੀਤੀਆਂ ਹਨ ਜਿਸ ਨਾਲ ਸੈਕੰਡਰੀ ਅਤੇ ਤੀਜੇ ਦਰਜੇ ਦੀਆਂ ਸਿਹਤ ਸਹੂਲਤਾਂ ਲਈ ਮਰੀਜ਼ਾਂ ਦਾ ਭਾਰ ਘਟਾਉਣ ਵਿੱਚ ਮਦਦ ਮਿਲਦੀ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕਲੀਨਿਕਾਂ ਵਿੱਚ ਮਰੀਜ਼ਾਂ ਨੂੰ ਕੁੱਲ 85 ਕਿਸਮਾਂ ਦੀਆਂ ਦਵਾਈਆਂ ਅਤੇ 41 ਵੱਖ-ਵੱਖ ਕਿਸਮਾਂ ਦੇ ਖੂਨ ਅਤੇ ਪਿਸ਼ਾਬ ਦੇ ਟੈਸਟ ਮੁਫਤ ਕੀਤੇ ਜਾ ਰਹੇ ਹਨ, ਉਨ੍ਹਾਂ ਕਿਹਾ ਕਿ ਮਰੀਜ਼ਾਂ ਦੇ ਇਲਾਜ ਦੀ ਇਹ ਕਾਗਜ਼ ਰਹਿਤ ਪ੍ਰਣਾਲੀ ਮਰੀਜ਼ਾਂ ਦੀ ਅਤੇ ਖਾਸ ਖੇਤਰ ਦੀ ਸਥਿਤੀ ਦਾ ਪ੍ਰਮਾਣਿਤ ਡਾਟਾ ਦੇਣ ਵਿੱਚ ਮਦਦ ਕਰੇਗੀ। ਇਸ ਦੌਰਾਨ ਡਿਪਟੀ ਕਮਿਸ਼ਨਰ ਸੁਰਭੀ ਮਲਿਕ ਨੇ ਕਿਹਾ ਕਿ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਪੰਜਾਬ ਦੇ ਚੋਟੀ ਦੇ ਤਿੰਨ ਆਮ ਆਦਮੀ ਕਲੀਨਿਕ ਲੁਧਿਆਣਾ ਦੇ ਹਨ ਜਿਨ੍ਹਾਂ ਵਿੱਚ ਸਭ ਤੋਂ ਵੱਧ ਓ.ਪੀ.ਡੀ. 24481 ਚਾਂਦ ਸਿਨੇਮਾ ਆਮ ਆਦਮੀ ਕਲੀਨਿਕ ਦੀ ਹੈ, ਦੂਸਰੇ ਨੰਬਰ ‘ਤੇ ਢੰਡਾਰੀ ਕਲਾਂ 23435 ਅਤੇ ਤੀਸਰੇ ਨੰਬਰ ‘ਤੇ ਖੰਨਾ ਵਿਖੇ ਜੀ.ਕੇ. ਐਨਕਲੇਵ, ਕੇਹਰ ਸਿੰਘ ਕਲੋਨੀ ਦਾ ਕਲੀਨਿਕ 21212 ਸ਼ਾਮਲ ਹਨ। ਡਿਪਟੀ ਕਮਿਸ਼ਨਰ ਮਲਿਕ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਇਲਾਕੇ ਦੇ ਨੇੜੇ ਸਥਿਤ ਇਨ੍ਹਾਂ ਪ੍ਰਾਇਮਰੀ ਹੈਲਥ ਕੇਅਰ ਕਲੀਨਿਕਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ।

About Author

Leave A Reply

WP2Social Auto Publish Powered By : XYZScripts.com