Saturday, May 10

ਟਰਾਂਸਪੋਰਟ ਮੰਤਰੀ ਵੱਲੋਂ ਲੁਧਿਆਣਾ ਦੇ ਬੱਸ ਸਟੈਂਡ ਦੀ ਅਚਨਚੇਤ ਚੈਕਿੰਗ

  • ਕਿਹਾ, ਵਿਭਾਗ ਵਿੱਚ ਛੇਤੀ ਬੱਸਾਂ ਦੀ ਨਵੀਂ ਫ਼ਲੀਟ ਹੋਵੇਗੀ ਸ਼ਾਮਲ
  • ਅਧਿਕਾਰੀਆਂ ਨੂੰ ਟੈਕਸ ਭਰਨ ਤੋਂ ਬਿਨਾਂ ਚੱਲ ਰਹੀਆਂ ਬੱਸਾਂ ਜ਼ਬਤ ਕਰਨ ਤੇ ਚਲਾਨ ਕੱਟਣ ਦੇ ਆਦੇਸ਼
  • ਕੈਬਨਿਟ ਮੰਤਰੀ ਨੇ ਬੱਸਾਂ ਵਿੱਚ ਸਵਾਰ ਯਾਤਰੀਆਂ ਨਾਲ ਕੀਤੀ ਗੱਲਬਾਤ, ਬੱਸ ਸੇਵਾਵਾਂ ਵਿੱਚ ਸੁਧਾਰ ਲਈ ਸੁਝਾਅ ਮੰਗੇ

ਲੁਧਿਆਣਾ, (ਸੰਜੇ ਮਿੰਕਾ) : ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਅੱਜ ਲੁਧਿਆਣਾ ਦੇ ਅਮਰ ਸ਼ਹੀਦ ਸੁਖਦੇਵ ਅੰਤਰਰਾਜੀ ਬੱਸ ਅੱਡੇ ਦਾ ਅਚਨਚੇਤ ਨਿਰੀਖਣ ਕੀਤਾ ਅਤੇ ਅਧਿਕਾਰੀਆਂ ਨੂੰ ਆਦੇਸ਼ ਦਿੱਤਾ ਕਿ ਟੈਕਸ ਭਰਨ ਤੋਂ ਬਿਨਾਂ ਚੱਲ ਰਹੀਆਂ ਸਾਰੀਆਂ ਬੱਸਾਂ ਜ਼ਬਤ ਕੀਤੀਆਂ ਜਾਣ ਅਤੇ ਇਨ੍ਹਾਂ ਦੇ ਚਲਾਨ ਕੱਟੇ ਜਾਣ। ਟਰਾਂਸਪੋਰਟ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਕੈਬਨਿਟ ਮੰਤਰੀ ਨੇ ਬੱਸ ਅੱਡੇ ਨੇੜੇ ਖੜ੍ਹੀਆਂ ਟੂਰਿਸਟ ਬੱਸਾਂ ਦੇ ਦਸਤਾਵੇਜ਼ਾਂ ਦੀ ਜਾਂਚ ਕੀਤੀ ਅਤੇ ਇਨ੍ਹਾਂ ਵਿੱਚੋਂ ਜ਼ਿਆਦਾਤਰ ਬੱਸਾਂ ਟੈਕਸ, ਪਰਮਿਟ, ਟੂਰ ਪ੍ਰੋਗਰਾਮ, ਯਾਤਰੀਆਂ ਦੀ ਸੂਚੀ ਤੇ ਹੋਰ ਦਸਤਾਵੇਜ਼ ਤੋਂ ਬਗ਼ੈਰ ਪਾਈਆਂ ਗਈਆਂ। ਉਨ੍ਹਾਂ ਪੁਲਿਸ ਤੇ ਟਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਨੂੰ ਲੋੜੀਂਦੇ ਦਸਤਾਵੇਜ਼ਾਂ ਤੋਂ ਬਿਨਾਂ ਪਾਈਆਂ ਗਈਆਂ ਬੱਸਾਂ ਦੇ ਚਲਾਨ ਕੱਟਣ ਤੇ ਇਨ੍ਹਾਂ ਨੂੰ ਜ਼ਬਤ ਕਰਨ ਲਈ ਆਖਿਆ। ਵਿਭਾਗ ਵਿੱਚ ਪਾਰਦਰਸ਼ੀ ਪਹੁੰਚ ਅਤੇ ਕਾਰਜਕੁਸ਼ਲਤਾ ਯਕੀਨੀ ਬਣਾਉਣ ਲਈ ਆਪਣੀ ਵਚਨਬੱਧਤਾ ਪ੍ਰਗਟਾਉਂਦਿਆਂ ਸ੍ਰੀ ਭੁੱਲਰ ਨੇ ਕਿਹਾ ਕਿ ਜਿਹੜੇ ਬੱਸ ਆਪ੍ਰੇਟਰ ਟੈਕਸ ਨਹੀਂ ਭਰ ਰਹੇ, ਉਨ੍ਹਾਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਸਾਰੇ ਡਿਫਾਲਟਰਾਂ ਖ਼ਿਲਾਫ਼ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਕੈਬਨਿਟ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਲੋਕਾਂ ਨੂੰ ਸਾਰੀਆਂ ਸੇਵਾਵਾਂ ਸੁਚਾਰੂ ਤਰੀਕੇ ਨਾਲ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਲੋਕਾਂ ਨੂੰ ਬਿਨਾਂ ਕਿਸੇ ਦਿੱਕਤ ਦੇ ਬੱਸ ਸੇਵਾਵਾਂ ਮਿਲਣੀਆਂ ਯਕੀਨੀ ਬਣਾਉਣ ਲਈ ਨਵੀਆਂ ਵਾਲਵੋ ਬੱਸਾਂ ਸ਼ਾਮਲ ਕਰਨ ਦਾ ਫ਼ੈਸਲਾ ਲਿਆ ਹੈ। ਇਸ ਤੋਂ ਪਹਿਲਾਂ ਕੈਬਨਿਟ ਮੰਤਰੀ ਨੇ ਬੱਸਾਂ ਵਿੱਚ ਸਵਾਰ ਯਾਤਰੀਆਂ ਨਾਲ ਗੱਲਬਾਤ ਕੀਤੀ ਅਤੇ ਬੱਸ ਸੇਵਾਵਾਂ ਵਿੱਚ ਸੁਧਾਰ ਬਾਰੇ ਯਾਤਰੀਆਂ ਦੇ ਸੁਝਾਅ ਲਏ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇੱਥੋਂ ਲੰਘਣ ਵਾਲੀ ਹਰੇਕ ਬੱਸ ਦਾ ਇਸ ਬੱਸ ਅੱਡੇ ਵਿੱਚ ਰੁਕਣਾ ਯਕੀਨੀ ਬਣਾਇਆ ਜਾਵੇ। ਇਸ ਸਬੰਧੀ ਕਿਸੇ ਵੀ ਤਰ੍ਹਾਂ ਦੀ ਕੁਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਲੋਕਾਂ ਨੂੰ ਪ੍ਰੇਸ਼ਾਨ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਬਾਅਦ ਸ. ਲਾਲਜੀਤ ਸਿੰਘ ਭੁੱਲਰ ਨੇ ਰੋਡਵੇਜ਼ ਅਤੇ ਪੀ.ਆਰ.ਟੀ.ਸੀ. ਵਰਕਰਸ਼ਾਪਾਂ ਦੇ ਦਫ਼ਤਰਾਂ ਵਿੱਚ ਰਿਕਾਰਡ ਦੀ ਜਾਂਚ ਵੀ ਕੀਤੀ।

About Author

Leave A Reply

WP2Social Auto Publish Powered By : XYZScripts.com