Saturday, March 8

ਪੰਜਾਬ ਸੂਬੇ ‘ਚ ਜਲ ਸਰੋਤ, ਇਤਿਹਾਸਕ ਤੇ ਸਭਿਆਚਾਰਕ ਇਮਾਰਤਾਂ ਨੂੰ ਸੈਰ ਸਪਾਟੇ ਵਜੋਂ ਪ੍ਰਫੁੱਲਤ ਕੀਤਾ ਜਾਵੇਗਾ – ਕੈਬਨਿਟ ਮੰਤਰੀ ਅਨਮੋਲ ਗਗਨ ਮਾਨ

  • ਆਮ ਆਦਮੀ ਪਾਰਟੀ ਸਰਕਾਰ ਸੂਬੇ ਨੂੰ ਰੰਗਲਾ ਪੰਜਾਬ ਬਣਾਉਣ ਲਈ ਵਚਨਬੱਧ ਹੈ

ਲੁਧਿਆਣਾ, (ਸੰਜੇ ਮਿੰਕਾ) – ਪੰਜਾਬ ਦੇ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੇ ਕਿਹਾ ਕਿ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸੂਬੇ ਵਿੱਚ ਜਲ ਸਰੋਤਾਂ, ਸੱਭਿਚਾਰਕ ਅਤੇ ਵਿਰਾਸਤੀ ਸਥਾਨਾ ਰਾਹੀਂ ਸੈਰ-ਸਪਾਟੇ ਦੀਆਂ ਵੱਡੀਆਂ ਸੰਭਾਵਨਾਵਾਂ ਦਾ ਲਾਭ ਉਠਾਉਣ ਲਈ ਇੱਕ ਰੋਡਮੈਪ ਤਿਆਰ ਕੀਤਾ ਹੈ ਅਤੇ ਇਸ ਸਬੰਧ ਵਿੱਚ ਨੀਤੀ ਪਹਿਲਾਂ ਹੀ ਮੁੱਖ ਮੰਤਰੀ ਨਾਲ ਵਿਚਾਰੀ ਜਾ ਚੁੱਕੀ ਹੈ। ਇਸ਼ਮੀਤ ਸਿੰਘ ਮਿਊਜ਼ਿਕ ਇੰਸਟੀਚਿਊਟ ਵਿਖੇ ਸਾਲਾਨਾ ਸਮਾਗਮ ‘ਵਲਵਲੇ’ ਦੀ ਪ੍ਰਧਾਨਗੀ ਕਰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਸੂਬੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਨੂੰ ‘ਰੰਗਲਾ ਪੰਜਾਬ’ ਬਣਾਉਣ ਲਈ ਵਚਨਬੱਧ ਹੈ ਅਤੇ ਇਸ ਦਿਸ਼ਾ ਵਿੱਚ ਹਰ ਕਦਮ ਚੁੱਕਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਜਲ ਅਤੇ ਵਿਰਾਸਤੀ ਇਮਾਰਤਾਂ ਵਿੱਚ ਸੈਰ-ਸਪਾਟੇ ਦੀਆਂ ਬਹੁਤ ਸੰਭਾਵਨਾਵਾਂ ਹਨ ਅਤੇ ਉਨ੍ਹਾਂ ਦੇ ਵਿਭਾਗ ਨੇ ਇਸ ਬਾਰੇ ਪਹਿਲਾਂ ਹੀ ਇੱਕ ਨੀਤੀ ਤਿਆਰ ਕਰ ਲਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਇਸ ਖਰੜੇ ਦੀ ਸਮੀਖਿਆ ਕੀਤੀ ਹੈ ਅਤੇ ਇਸ ਨੂੰ ਜਲਦ ਹੀ ਜਨਤਕ ਡੋਮੇਨ ਵਿੱਚ ਪਾ ਦਿੱਤਾ ਜਾਵੇਗਾ। ਇਸ ਮੌਕੇ ਵਿਧਾਇਕ ਗੁਰਪ੍ਰੀਤ ਬੱਸੀ ਗੋਗੀ, ਰਜਿੰਦਰਪਾਲ ਕੌਰ ਛੀਨਾ, ਕੁਲਵੰਤ ਸਿੰਘ ਸਿੱਧੂ, ਹਰਦੀਪ ਸਿੰਘ ਮੁੰਡੀਆਂ, ਹਾਕਮ ਸਿੰਘ ਠੇਕੇਦਾਰ, ਵਧੀਕ ਡਿਪਟੀ ਕਮਿਸ਼ਨਰ ਖੰਨਾ ਅਮਰਜੀਤ ਬੈਂਸ, ਪੰਜਾਬ ਲੋਕ ਵਿਰਾਸਤ ਅਕਾਦਮੀ ਦੇ ਚੇਅਰਮੈਨ ਪ੍ਰੋ. ਗੁਰਭਜਨ ਗਿੱਲ, ਇਸ਼ਮੀਤ ਸਿੰਘ ਸੰਗੀਤ ਸੰਸਥਾ ਦੇ ਡਾ. ਚਰਨ ਕਮਲ ਸਿੰਘ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ. ਕੈਬਨਿਟ ਮੰਤਰੀ ਨੇ ਅੱਗੇ ਕਿਹਾ ਕਿ ਵਿਭਾਗ ਨੇ ਰਾਜ ਭਰ ਵਿੱਚ ਵੱਖ-ਵੱਖ ਥਾਵਾਂ ਦੀ ਵੀ ਸ਼ਨਾਖਤ ਕੀਤੀ ਹੈ ਜਿੱਥੇ ਪਾਣੀ ਅਤੇ ਵਿਰਾਸਤੀ ਸੈਰ-ਸਪਾਟੇ ਦੀਆਂ ਵੱਡੀਆਂ ਸੰਭਾਵਨਾਵਾਂ ਹਨ। ਉਨ੍ਹਾਂ ਕਿਹਾ ਕਿ ਇਸ ਨਾਲ ਨਾ ਸਿਰਫ਼ ਪੰਜਾਬ ਵਿੱਚ ਲੱਖਾਂ ਸੈਲਾਨੀ ਆਕਰਸ਼ਿਤ ਹੋਣਗੇ ਸਗੋਂ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਵੀ ਵਧਣਗੇ। ਉਨ੍ਹਾਂ ਕਿਹਾ ਕਿ ਵਧਿਆ ਹੋਇਆ ਸੈਰ-ਸਪਾਟਾ ਸੂਬੇ ਦੀ ਆਰਥਿਕਤਾ ਨੂੰ ਨਵੀਆਂ ਉਚਾਈਆਂ ‘ਤੇ ਲੈ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਦੀਆਂ ਸਾਰੀਆਂ ਇਤਿਹਾਸਕ ਅਤੇ ਸੱਭਿਆਚਾਰਕ ਇਮਾਰਤਾਂ ਨੂੰ ਵੀ ਵਿਕਸਤ ਕੀਤਾ ਜਾਵੇਗਾ ਅਤੇ ਸੈਲਾਨੀਆਂ ਦੀ ਸਹੂਲਤ ਲਈ ਸੈਰ ਸਪਾਟਾ ਨੈੱਟਵਰਕ ਨੂੰ ਮਜ਼ਬੂਤ ਕੀਤਾ ਜਾਵੇਗਾ। ਪੰਜਾਬੀ ਭਾਸ਼ਾ ਅਤੇ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਲਈ ਆਮ ਆਦਮੀ ਪਾਰਟੀ ਸਰਕਾਰ ਦੀ ਦ੍ਰਿੜ ਵਚਨਬੱਧਤਾ ਨੂੰ ਦੁਹਰਾਉਂਦਿਆਂ ਅਨਮੋਲ ਗਗਨ ਮਾਨ ਨੇ ਕਿਹਾ ਕਿ ਲੋਕ 21 ਫਰਵਰੀ ਤੋਂ ਪਹਿਲਾਂ ਸੂਬੇ ਭਰ ਦੀਆਂ ਸਾਰੀਆਂ ਇਮਾਰਤਾਂ ‘ਤੇ ਪੰਜਾਬੀ ਭਾਸ਼ਾ ‘ਚ ਸਾਈਨ ਬੋਰਡ ਲਗਾਉਣ ਲਈ ਅੱਗੇ ਆਉਣ ਨਹੀਂ ਤਾਂ ਉਲੰਘਣਾ ਕਰਨ ਵਾਲਿਆਂ ‘ਤੇ ਕਾਰਵਾਈ ਕੀਤੀ ਜਾਵੇਗੀ। ਇਸ ਦੌਰਾਨ ਆਪਣੇ ਸੰਬੋਧਨ ਵਿੱਚ ਕੈਬਨਿਟ ਮੰਤਰੀ ਨੇ ਇਸ਼ਮੀਤ ਸਿੰਘ ਮਿਊਜ਼ਿਕ ਇੰਸਟੀਚਿਊਟ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਸੰਸਥਾ ਨੌਜਵਾਨਾਂ ਨੂੰ ਗਿੱਧਾ, ਭੰਗੜਾ, ਗਾਇਕੀ, ਸੰਗੀਤ ਅਤੇ ਸੰਗੀਤ ਨਾਲ ਸਬੰਧਤ ਹੋਰ ਵੱਖ-ਵੱਖ ਸਾਜ਼ਾਂ ਦੀ ਸਿੱਖਿਆ ਸੁਚੱਜੇ ਢੰਗ ਨਾਲ ਸਿਖਾ ਰਹੀ ਹੈ। ਉਨ੍ਹਾਂ ਸੰਸਥਾ ਦੇ ਭਵਿੱਖ ਦੇ ਯਤਨਾਂ ਲਈ ਪੂਰਨ ਸਹਿਯੋਗ ਦਾ ਭਰੋਸਾ ਵੀ ਦਿੱਤਾ। ਇਸ ਤੋਂ ਪਹਿਲਾਂ ਅਨਮੋਲ ਗਗਨ ਮਾਨ ਨੂੰ ਲੁਧਿਆਣਾ ਪਹੁੰਚਣ ‘ਤੇ ਕਮਿਸ਼ਨਰੇਟ ਪੁਲਿਸ ਵੱਲੋਂ ਗਾਰਡ ਆਫ਼ ਆਨਰ ਵੀ ਦਿੱਤਾ ਗਿਆ।

About Author

Leave A Reply

WP2Social Auto Publish Powered By : XYZScripts.com