Wednesday, March 12

ਪੰਜਾਬ ਸਰਕਾਰ ਵਲੋਂ ਜਿ਼ਲ੍ਹਾ ਲੁਧਿਆਣਾ,ਸੰਗਰੂਰ, ਬਰਨਾਲਾ ਤੇ ਮਲੇਰਕੋਟਲਾ ਦੇ ‘ਐਨ.ਆਰ.ਆਈ. ਪੰਜਾਬੀਆਂ ਨਾਲ ਮਿਲਣੀ’ ਪ੍ਰੋਗਰਾਮ 23 ਨੂੰ : ਸਪੈਸ਼ਲ ਸਕੱਤਰ ਕੰਵਲਪ੍ਰੀਤ ਕੌਰ ਬਰਾੜ

  • ਪ੍ਰਵਾਸੀ ਪੰਜਾਬੀਆਂ ਨਾਲ ਵਿਚਾਰ ਚਰਚਾ ਕਰਨਗੇ ਪ੍ਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ
  • ਲੁਧਿਆਣਾ, ਸੰਗਰੂਰ, ਬਰਨਾਲਾ ਅਤੇ ਮਲੇਰਕੋਟਲਾ ਦੇ ਸੀਨੀਅਰ ਅਧਿਕਾਰੀ ਸੁਨਣਗੇ ਐਨ.ਆਰ.ਆਈਜ਼ ਦੇ ਮਸਲੇ : ਬਰਾੜ
  • ਪ੍ਰਵਾਸੀ ਭਾਰਤੀ https://eservices.punjab.gov.in ਪੋਰਟਲ ਰਾਹੀਂ ਆਨਲਾਈਨ ਜਾਂ ਮੌਕੇ ‘ਤੇ ਵੀ ਕਰਾ ਸਕਣਗੇ ਰਜਿਸਟਰੇਸ਼ਨ : ਵਧੀਕ ਡਿਪਟੀ ਕਮਿਸ਼ਨਰ ਅਮਰਜੀਤ ਬੈਂਸ

ਲੁਧਿਆਣਾ, (ਸੰਜੇ ਮਿੰਕਾ) ਮੁੱਖ ਮੰਤਰੀ ਪੰਜਾਬ ਸ. ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵਲੋਂ 23 ਦਸੰਬਰ ਨੂੰ ਕਰਵਾਏ ਜਾਣ ਵਾਲੇ ‘ਐਨ.ਆਰ.ਆਈ. ਪੰਜਾਬੀਆਂ ਨਾਲ ਮਿਲਣੀ’ ਪ੍ਰੋਗਰਾਮ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਤਿਆਰੀਆਂ ਆਰੰਭ ਦਿੱਤੀਆਂ ਹਨ। ਇਹਨਾਂ ਤਿਆਰੀਆ ਦਾ ਜਾਇਜ਼ਾ ਲੈਣ ਲਈ ਵਿਸ਼ੇਸ਼ ਤੌਰ ‘ਤੇ ਪ੍ਰਵਾਸੀ ਭਾਰਤੀ ਮਾਮਲਿਆਂ ਬਾਰੇ ਸਪੈਸ਼ਲ ਸਕੱਤਰ ਸ੍ਰੀਮਤੀ ਕੰਵਲਪ੍ਰੀਤ ਕੌਰ ਬਰਾੜ ਵਿਸ਼ੇਸ਼ ਤੌਰ ਸਥਾਨਕ ਗੁਰੂ ਨਾਨਕ ਦੇਵ ਭਵਨ ਲੁਧਿਆਣਾ ਵਿਖੇ ਪਹੁੰਚੇ। ਇਸ ਮੌਕੇ ਉੁਹਨਾਂ ਦੇ ਨਾਲ ਵਧੀਕ ਡਿਪਟੀ ਕਮਿਸ਼ਨਰ ਖੰਨਾ ਸ੍ਰੀ ਅਮਰਜੀਤ ਬੈਸ ਅਤੇ ਜੁਆਇੰਟ ਪੁਲਿਸ ਕਮਿਸ਼ਨਰ ਲੁਧਿਆਣਾ (ਦਿਹਾਤੀ) ਸ੍ਰ. ਰਵਚਰਨ ਸਿੰਘ ਬਰਾੜ ਵੀ ਮੌਜੂਦ ਸਨ। ਸਪੈਸ਼ਲ ਸਕੱਤਰ ਸ੍ਰੀਮਤੀ ਕੰਵਲਪ੍ਰੀਤ ਕੌਰ ਬਰਾੜ ਨੇ ਇਸ ਸਬੰਧੀ ਦੱਸਿਆ ਕਿ ਐਨ.ਆਰ.ਆਈ.ਪੰਜਾਬੀਆਂ ਨਾਲ ਮਿਲਣੀ ਪ੍ਰੋਗਰਾਮ ਤਹਿਤ ਸਾਰੇ ਸਬੰਧਤ ਵਿਭਾਗਾਂ ਦੇ ਸੀਨੀਅਰ ਅਧਿਕਾਰੀ ਇਕੋ ਥਾਂ ’ਤੇ ਮੌਜੂਦ ਰਹਿਣਗੇ ਜਿਥੇ ਉਹ ਪ੍ਰਵਾਸੀ ਪੰਜਾਬੀਆਂ ਦੇ ਮਸਲਿਆਂ ਨੂੰ ਗਹੁ ਨਾਲ ਸੁਨਣ ਉਪਰੰਤ ਢੁੱਕਵੇਂ ਅਤੇ ਛੇਤੀ ਹੱਲ ਲਈ ਪ੍ਰਕਿਰਿਆ ਅਮਲ ਵਿੱਚ ਲਿਆਉਣਗੇ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕਰਵਾਈਆਂ ਜਾਣ ਵਾਲੀਆਂ ਇਨ੍ਹਾਂ ਪੰਜ ਮਿਲਣੀਆਂ ‘ਚੋਂ ਇਹ ਤੀਜੀ ਮਿਲਣੀ 23 ਦਸੰਬਰ ਨੂੰ ਗੁਰੂ ਨਾਨਕ ਦੇਵ ਭਵਨ ਲੁਧਿਆਣਾ ਦੇ ਮੇਨ ਆਡੀਟੋਰੀਅਮ ਵਿਖੇ ਹੋਵੇਗੀ। ਐਨ.ਆਰ.ਆਈ.ਪੰਜਾਬੀਆਂ ਨਾਲ ਮਿਲਣੀ ਪ੍ਰੋਗਰਾਮ ਵਿੱਚ ਪੰਜਾਬ ਦੇ ਪ੍ਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਸ. ਕੁਲਦੀਪ ਸਿੰਘ ਧਾਲੀਵਾਲ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰਦਿਆਂ ਵੱਖ-ਵੱਖ ਮੁਲਕਾਂ ਤੋਂ ਆਏ ਪ੍ਰਵਾਸੀ ਪੰਜਾਬੀਆਂ ਨਾਲ ਵਿਚਾਰ-ਵਟਾਂਦਰਾ ਕਰਨਗੇ। ਸ੍ਰੀਮਤੀ ਬਰਾੜ ਨੇ ਦੱਸਿਆ ਕਿ 23 ਦਸੰਬਰ ਨੂੰ ਸਵੇਰੇ 10:30 ਵਜੇ ਤੋਂ ਮਿਲਣੀ ਪ੍ਰੋਗਰਾਮ ਸ਼ੁਰੂ ਹੋਵੇਗਾ ਜਿਥੇ ਡਿਪਟੀ ਕਮਿਸ਼ਨਰਾਂ, ਪੁਲਿਸ ਕਮਿਸ਼ਨਰ ਲੁਧਿਆਣਾ, ਸੀਨੀਅਰ ਪੁਲਿਸ ਕਪਤਾਨ ਸੰਗਰੂਰ, ਬਰਨਾਲਾ ਅਤੇ ਮਲੇਰਕੋਟਲਾ ਅਤੇ ਹੋਰ ਸੀਨੀਅਰ ਅਧਿਕਾਰੀ ਪ੍ਰਵਾਸੀ ਭਾਰਤੀਆਂ ਵੱਲੋਂ ਦਰਜ ਸ਼ਿਕਾਇਤਾਂ ਦੇ ਮੌਕੇ `ਤੇ ਨਿਪਟਾਰੇ ਨੂੰ ਯਕੀਨੀ ਬਣਾਉਣ ਲਈ ਸਮਾਗਮ ਵਿੱਚ ਮੌਜੂਦ ਰਹਿਣਗੇ। ਸ੍ਰੀਮਤੀ ਬਰਾੜ ਨੇ ਦੱਸਿਆ ਕਿ ਪ੍ਰਵਾਸੀ ਪੰਜਾਬੀਆਂ ਦੇ ਮਸਲਿਆਂ ਅਤੇ ਸ਼ਿਕਾਇਤਾਂ ਦੇ ਤੁਰੰਤ ਅਤੇ ਤਸੱਲੀਬਖਸ਼ ਢੰਗ ਨਾਲ ਨਿਪਟਾਰੇ ਲਈ ਲੁਧਿਆਣਾ ਤੋਂ ਇਲਾਵਾ 26 ਦਸੰਬਰ ਨੂੰ ਮੋਗਾ ਅਤੇ 30 ਦਸੰਬਰ ਨੂੰ ਅੰਮ੍ਰਿਤਸਰ ਵਿਖੇ ਇਹ ਮਿਲਣੀ ਪ੍ਰੋਗਰਾਮ ਕਰਵਾਏ ਜਾ ਰਹੇ ਹਨ ਤਾਂ ਜੋ ਐਨ.ਆਰ.ਆਈਜ਼ ਦੇ ਮਸਲਿਆਂ ’ਤੇ ਫੌਰੀ ਗੌਰ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਲੁਧਿਆਣਾ ਵਿਖੇ 23 ਦਸੰਬਰ ਨੂੰ ਸਵੇਰੇ 10:00 ਵਜੇ ਪ੍ਰਵਾਸੀ ਪੰਜਾਬੀਆਂ ਦੀ ਰਜਿਸਟਰੇਸ਼ਨ ਸ਼ੁਰੂ ਹੋਵੇਗੀ ਜਿਸ ਉਪਰੰਤ ਕੈਬਨਿਟ ਮੰਤਰੀ ਸ. ਕੁਲਦੀਪ ਸਿੰਘ ਧਾਲੀਵਾਲ ਐਨ.ਆਰ.ਆਈਜ਼ ਨਾਲ ਵਿਚਾਰ ਵਟਾਂਦਰੇ ਕਰਨਗੇ। ਸ੍ਰੀਮਤੀ ਬਰਾੜ ਨੇ ਜ਼ਿਲ੍ਹਾ ਲੁਧਿਆਣਾ, ਸੰਗਰੂਰ, ਬਰਨਾਲਾ ਅਤੇ ਮਲੇਰਕੋਟਲਾ ਨਾਲ ਸਬੰਧਤ ਪ੍ਰਵਾਸੀ ਪੰਜਾਬੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਐਨ.ਆਰ. ਆਈਜ ਮਿਲਣੀ ਵਿੱਚ ਵੱਧ ਚੜ੍ਹ ਕੇ ਸ਼ਮੂਲੀਅਤ ਕਰਦਿਆਂ ਸਬੰਧਤ ਅਧਿਕਾਰੀਆਂ ਦੇ ਸਨਮੁਖ ਆਪਣੇ ਮਸਲੇ ਅਤੇ ਸੁਝਾਅ ਰੱਖਣ ਤਾਂ ਜੋ ਬਣਦੀ ਪ੍ਰਕਿਰਿਆ ਅਮਲ ਵਿੱਚ ਲਿਆਂਦੀ ਜਾ ਸਕੇ। ਵਧੀਕ ਡਿਪਟੀ ਕਮਿਸ਼ਨਰ ਸ੍ਰੀ ਅਮਰਜੀਤ ਬੈਸ ਨੇ ਦੱਸਿਆ ਪ੍ਰਵਾਸੀ ਭਾਰਤੀਆਂ ਨਾਲ ਮਿਲਣੀ ਪ੍ਰੋਗਰਾਮ ਵਿੱਚ ਹਿੱਸਾ ਲੈਣ https://eservices.punjab.gov.in ਪੋਰਟਲ ਦੀ ਵਰਤੋਂ ਕਰਕੇ ਆਨਲਾਈਨ ਮੋਡ ਰਾਹੀਂ ਆਪਣੇ ਆਪ ਨੂੰ ਰਜਿਸਟਰ ਕਰ ਸਕਦੇ ਹਨ। ਇਸ ਤੋਂ ਇਲਾਵਾ ਸਥਾਨਕ ਗੁਰੂ ਨਾਨਕ ਦੇਵ ਭਵਨ ਵਿਖੇ 23 ਦਸੰਬਰ ਨੂੰ ਸਮਾਗਮ ਵਾਲੀ ਥਾਂ `ਤੇ ਜਿਲਾ ਪ੍ਰਸ਼ਾਸਨ ਵੱਲੋਂ ਲਾਏ ਜਾਣ ਵਾਲੇ ਕਾਊਂਟਰਾਂ ‘ਤੇ ਵੀ ਰਜਿਸਟਰੇਸ਼ਨ ਕਰਵਾਈ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਪ੍ਰਵਾਸੀ ਭਾਰਤੀਆਂ ਦੀ ਰਜਿਸਟ੍ਰੇਸ਼ਨ ਸਵੇਰੇ 10 ਵਜੇ ਸੁ਼ਰੂ ਹੋ ਜਾਵੇਗੀ ਅਤੇ ਐਨ ਆਰ ਆਈਜ ਦੀ ਸਹੂਲਤ ਲਈ ਕੈਬਨਿਟ ਮੰਤਰੀ ਅਤੇ ਸੀਨੀਅਰ ਅਧਿਕਾਰੀਆਂ ਦੇ ਰੂਬਰੂ ਹੋਣ ਦਾ ਵੀ ਪ੍ਰਬੰਧ ਕੀਤਾ ਜਾਵੇਗਾ ਤਾਂ ਜੋ ਉਹ ਆਪਣੇ ਮਸਲੇ ਰੱਖਣ ਦੇ ਨਾਲ-ਨਾਲ ਆਪਣੇ ਕੀਮਤੀ ਸੁਝਾਅ ਵੀ ਦੇ ਸਕਣ। ਇਸ ਮੌਕੇ ਮੁੱਖ ਮੰਤਰੀ ਦੇ ਫੀਲਡ ਅਫ਼ਸਰ ਡਾ. ਪੂਨਮਪ੍ਰੀਤ ਕੌਰ, ਡੀ.ਆਰ.ਓ. ਸ. ਗੁਰਜਿੰਦਰ ਸਿੰਘ, ਐਸ.ਡੀ.ਐਮ. ਰਾਏਕੋਟ ਸ. ਗੁਰਵੀਰ ਸਿੰਘ ਕੋਹਲੀ, ਸ੍ਰੀ ਸੂਰਜ ਕੁਮਾਰ ਪੀ.ਸੀ.ਐਸ. (ਯੂ.ਟੀ.) ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।

About Author

Leave A Reply

WP2Social Auto Publish Powered By : XYZScripts.com